ਆਖਿਰ ਕਿਸਾਨਾਂ ਦੇ ਰੋਹ ਅੱਗੇ ਝੁਕੇ ਭਾਜਪਾ ਦੇ 2 ਉਮੀਦਵਾਰ ਜਗਜੀਤ ਸਿੰਘ ਜੱਗਾ ਅਤੇ ਅਸ਼ਵਨੀ ਕੁਮਾਰ
ਲੰਘੀ ਦੇਰ ਸ਼ਾਮ ਕਿਸਾਨਾਂ ਨੇ ਜੱਗਾ ਟੇਲਰ ਤੇ ਅਸ਼ਵਨੀ ਕੁਮਾਰ ਦੇ ਖਿਲਾਫ ਕੀਤਾ ਸੀ ਤਿੱਖਾ ਰੋਸ ਪ੍ਰਦਰਸ਼ਨ
ਬਲਵਿੰਦਰ ਅਜ਼ਾਦ/ਰਘਵੀਰ ਹੈਪੀ / ਸੋਨੀ ਪਨੇਸਰ,ਬਰਨਾਲਾ 6 ਫਰਵਰੀ 2021
ਨਗਰ ਕੌਸਲ ਚੋਣਾਂ ਲਈ ਸੇਖਾ ਰੋਡ ਖੇਤਰ ਅਧੀਨ ਪੈਂਦੇ ਵਾਰਡ ਨੰਬਰ 20 ਅਤੇ 22 ਤੋਂ ਭਾਜਪਾ ਦੀ ਟਿਕਟ ਤੇ ਮੈਦਾਨ ਵਿੱਚ ਨਿੱਤਰੇ 2 ਉਮੀਦਵਾਰਾਂ ਨੇ ਕਿਸਾਨ ਰੋਹ ਦੇ ਅੱਗੇ ਝੁਕਦਿਆਂ ,ਟਿਕਟ ਲੈਣ ਦੀ ਗਲਤੀ ਮੰਨ ਚੋਣ ਮੈਦਾਨ ਵਿੱਚ ਕੋਈ ਪ੍ਰਚਾਰ ਕਰਨ ਤੋਂ ਤੌਬਾ ਕਰਕੇ ਅਪਣਾ ਖਹਿੜਾ ਛੁਡਵਾਇਆ। ਵਰਨਣਯੋਗ ਹੈ ਕਿ 5 ਫਰਵਰੀ ਦੀ ਦੇਰ ਸ਼ਾਮ ਦੋਵਾਂ ਵਾਰਡਾਂ ਉਮੀਦਵਾਰ ਕ੍ਰਮਾਨੁਸਾਰ ਅਸ਼ਵਨੀ ਕੁਮਾਰ ਅਤੇ ਜਗਜੀਤ ਸਿੰਘ ਉਰਫ ਜੱਗਾ ਟੇਲਰ ਦੇ ਖਿਲਾਫ ਇਲਾਕੇ ਦੇ ਕਿਸਾਨਾਂ ਨੇ ਜੋਰਦਾਰ ਰੋਸ ਪ੍ਰਗਟ ਕੀਤਾ ਸੀ। ਦੋਵਾਂ ਉਮੀਦਵਾਰਾਂ ਦੇ ਪੋਸਟਰ ਅਤੇ ਬੈਨਰਾਂ ਤੇ ਲੱਗੀਆਂ ਫੋਟੌਆਂ ਨੂੰ ਜੁੱਤੀਆਂ ਮਾਰਨ ਤੋਂ ਬਾਅਦ ਫੂਕ ਦਿੱਤਾ ਸੀ। ਇੱਥੇ ਹੀ ਬੱਸ ਨਹੀਂ, ਪ੍ਰਦਰਸ਼ਨਕਾਰੀ ਕਿਸਾਨਾਂ ਨੇ ਜਗਜੀਤ ਸਿੰਘ ਜੱਗਾ ਟੇਲਰ ਦਾ ਘਰ ਵੀ ਕਾਫੀ ਦੇਰ ਤੱਕ ਘੇਰ ਕੇ ਰੱਖਿਆ ਸੀ। ਅੱਜ ਫਿਰ ਵੱਡੀ ਗਿਣਤੀ ਵਿੱਚ ਜਦੋਂ ਕਿਸਾਨ ਦੋਵਾਂ ਉਮੀਦਵਾਰਾਂ ਦੇ ਵਾਰਡਾਂ ‘ਚ ਇਕੱਠੇ ਹੋਣਾ ਸ਼ੁਰੂ ਹੋ ਗਏ ਤਾਂ ਕਿਸਾਨਾਂ ਵਿੱਚ ਫੈਲ ਰਹੇ ਰੋਹ ਨੂੰ ਭਾਂਪਦਿਆਂ ਦੋਵਾਂ ਉਮੀਦਵਾਰਾਂ ਨੇ ਕਿਸਾਨਾਂ ਦੇ ਇਕੱਠ ਵਿੱਚ ਪਹੁੰਚ ਕੇ ਮੀਡੀਆ ਦੀ ਹਾਜਰੀ ਵਿੱਚ ਕਿਹਾ ਕਿ ਉਹ ਗੁੰਮਰਾਹ ਹੋ ਕੇ ਭਾਜਪਾ ਦੀ ਟਿਕਟ ਤੇ ਚੋਣ ਮੈਦਾਨ ਵਿੱਚ ਉੱਤਰੇ ਸਨ।
ਹੁਣ ਉਨਾਂ ਨੂੰ ਆਪਣੀ ਇਸ ਗਲਤੀ ਦਾ ਪਛਤਾਵਾ ਹੋ ਰਿਹਾ ਹੈ। ਟਿਕਟ ਲੈਣ ਲਈ ਉਹ ਗਲਤੀ ਮੰਨਦੇ ਹਨ। ਹੁਣ ਅੱਜ ਤੋਂ ਬਾਅਦ ਉਹ ਨਾ ਕੋਈ ਬੈਨਰ ਜਾਂ ਪੋਸਟਰ ਲਾਉਣਗੇ ਅਤੇ ਨਾ ਹੀ ਵੋਟਿੰਗ ਵਾਲੇ ਦਿਨ ਪੋਲਿੰਗ ਬੂਥ ਹੀ ਲਾਉਣਗੇ। ਇਸ ਮੌਕੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਅਤੇ ਮੋਦੀ ਸਰਕਾਰ ਤੇ ਭਾਜਪਾ ਦੇ ਖਿਲਾਫ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਜੋਰਦਾਰ ਨਾਅਰੇਬਾਜੀ ਵੀ ਕੀਤੀ।
ਹੋਰ ਭਾਜਪਾ ਉਮੀਦਵਾਰਾਂ ਵਿੱਚ ਵੀ ਸਹਿਮ
ਭਾਜਪਾ ਦੀ ਟਿਕਟ ਤੇ ਚੋਣ ਮੈਦਾਨ ਵਿੱਚ ਉੱਤਰੇ ਉਮੀਦਵਾਰਾਂ ਵਿੱਚ ਉਕਤ ਘਟਨਾਕ੍ਰਮ ਤੋਂ ਬਾਅਦ ਜਿੱਥੇ ਸਹਿਮ ਦਾ ਮਾਹੌਲ ਬਣ ਗਿਆ। ਉੱਥੇ ਹੀ ਭਾਜਪਾ ਖਿਲਾਫ ਸੰਘਰਸ਼ ਦੇ ਮੈਦਾਨ ਵਿੱਚ ਕਈ ਮਹੀਨਿਆਂ ਤੋਂ ਸੰਘਰਸ਼ ਦੇ ਰਾਹ ਪਏ ਕਿਸਾਨਾਂ ਦੇ ਹੌਂਸਲੇ ਬੁਲੰਦ ਹੋ ਗਏ ਹਨ। ਕਿਸਾਨ ਆਗੂ ਨਿਰਭੈ ਸਿੰਘ, ਇੰਦਰਪਾਲ ਸਿੰਘ,ਬੌਬੀ ਬਾਜਵਾ,ਜੋਰਾ ਸਿੰਘ ਜਾਗਲ ਅਤੇ ਗੁਰੀ ਜਵੰਧਾ ਨੇ ਭਾਜਪਾ ਉਮੀਦਵਾਰਾਂ ਦੇ ਭਾਜਪਾ ਉਮੀਦਵਾਰ ਵਜੋਂ ਪ੍ਰਚਾਰ ਨਾ ਕਰਨ ਦੇ ਉਕਤ ਉਮੀਦਵਾਰਾਂ ਦੇ ਫੈਸਲੇ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਕਿਸਾਨ ਸੰਘਰਸ਼ ਦੀ ਜਿੱਤ ਹੈ। ਉਨਾਂ ਕਿਹਾ ਕਿ ਦੋਵਾਂ ਉਮੀਦਵਾਰਾਂ ਨੇ ਦੇਰ ਆਏ ਦਰੁਸਤ ਆਏ ਵਾਲੀ ਗੱਲ ਕੀਤੀ ਹੈ।