ਰਵੀ ਸੈਣ , ਬਰਨਾਲਾ 6 ਫਰਵਰੀ 2021
ਸਿਰਜਣਾ ਕੇਂਦਰ ਠੀਕਰੀਵਾਲਾ ਵਿਖੇ ਉੱਘੇ ਲੋਕ ਕਵੀ ਮਾ. ਸੁਰਜੀਤ ਸਿੰਘ ਦਿਹੜ ਵੱਲੋਂ ਰਚਿਤ ਕਾਵਿ ਸੰਗ੍ਰਹਿ ”ਬਹਾਰਾਂ ਦੀ ਤਾਂਘ” ਲੋਕ ਅਰਪਣ ਕੀਤਾ ਗਿਆ | ਤਰਕਸ਼ੀਲ ਭਵਨ ਬਰਨਾਲਾ ਦੇ ਵਿਹੜੇ ਵਿਚ ਬਹੁਤ ਹੀ ਧੂਮਧਾਮ ਨਾਲ ਕੀਤੇ ਗਏ , ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਲੇਖਕ ਸ੍ਰੀ. ਓਮ ਪ੍ਰਕਾਸ਼ ਗਾਸੋ, ਡਾ. ਤੇਜਾ ਸਿੰਘ ਤਿਲਕ, ਡਾ. ਰਾਹੁਲ ਰੁਪਾਲ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਸ੍ਰੀ. ਕਰਮ ਸਿੰਘ ਭੰਡਾਰੀ, ਸ੍ਰੀ. ਸਾਗਰ ਸਿੰਘ ਸਾਗਰ, ਸ੍ਰੀ. ਸਰਬਣ ਸਿੰਘ ਕਾਲਾਬੂਲਾ, ਇੰਜ.ਸੁਖਵਿੰਦਰ ਸਿੰਘ ਬਿਜਲੀ ਬੋਰਡ ਨੇ ਕੀਤੀ | ਇਸ ਸਮੇਂ ਬਹਾਰਾਂ ਦੀ ਤਾਂਘ ਕਾਵਿ ਸੰਗ੍ਰਹਿ ਬਾਰੇ ਵਿਚਾਰ ਪੇਸ਼ ਕਰਦਿਆਂ ਸਾਰੇ ਵਿਦਵਾਨਾਂ ਨੇ ਆਖਿਆ ਕਿ ਸੁਰਜੀਤ ਸਿੰਘ ਦਿਹੜ ਦੁਆਰਾ ਰਚਿਤ ਇਸ ਕਾਵਿ ਸੰਗ੍ਰਹਿ ਵਿਚ ਪੰਜਾਬ, ਪੰਜਾਬੀਅਤ, ਵਿਧਵਾ ਮਾਵਾਂ ਅਤੇ ਕ੍ਰਿਤੀ ਵਰਗ ਨਾਲ ਜੁੜੇ ਸਮੁੱਚੇ ਸਰੋਕਾਰਾਂ ਨੂੰ ਅਧਾਰ ਬਣਾ ਕੇ ਸਿਰਜਣਾ ਕੀਤੀ ਗਈ ਹੈ | ਭਾਰਤ ਦੀ ਅਸਲੀ ਸਮਾਜਿਕ ਬਣਤਰ ਨੂੰ ਸਮਝਿਆ, ਕਿਰਤੀ ਜਮਾਤ ਅਤੇ ਉਸਤੋਂ ਵੀ ਵਧੇਰੇ ਦੁੱਖ ਭੋਗ ਰਹੇ ਦੱਬੇ ਕੁਚਲੇ ਅਤੇ ਲਿਤਾੜ ਕੇ ਰੱਖੇ ਹੋਏ ਦਲਿਤ ਸਮਾਜ ਦੇ ਦੁੱਖਾਂ ਦੀ ਪਹਿਚਾਣ ਕਰਦਿਆਂ ਇਸ ਲੋਕ ਦੋਖੀ ਸਮਾਜਿਕ ਪ੍ਰਬੰਧ ਖਿਲਾਫ਼ ਜੂਝਣ ਦੀ ਪ੍ਰੇਰਣਾ ਵੀ ਦਿੱਤੀ ਗਈ ਹੈ | ਇਹ ਸਮੁੱਚਾ ਕਾਵਿ ਸੰਗ੍ਰਹਿ ਬਹੁਤ ਸਰਲ ਲੋਕ ਬੋਲੀ ਵਿਚ ਛੰਦ ਬੱਧ ਤਰੀਕੇ ਵਿਚ ਲਿਖਿਆ ਹੈ | ਕਵੀ ਵਧਾਈ ਦਾ ਹੱਕਦਾਰ ਹੈ | ਕਿਤਾਬ ਦਾ ਟਾਈਟਲ ਵੀ ਉਨ੍ਹਾਂ ਦੀ ਪੋਤਰੀ ਸਿਮਰਨਜੀਤ ਕੌਰ ਦਿਹੜ ਵੱਲੋਂ ਖੁਦ ਬਣਾਇਆ ਹੈ | ਜੋ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੈ | ਇਸ ਮੌਕੇ ਬੇਟੀ ਨਵਜੋਤ ਕੌਰ ਨੂਰ ਮਾ. ਸੁਰਜੀਤ ਸਿੰਘ ਦੀ ਰਚਨਾ ‘ਭੈਣੇ ਜੀਰੀ ਲਾਉਂਦੀਏ’ ਦੇ ਅਧਾਰ ਬਣਾਇਆ ਗਿਆ ਬਹੁਤ ਹੀ ਸੁੰਦਰ ਚਿੱਤਰ ਮਾ. ਦਿਹੜ ਜੀ ਨੂੰ ਭੇਂਟ ਕਰਕੇ ਸਨਮਾਨਿਤ ਕੀਤਾ | ਮੰਚ ਦਾ ਸੰਚਾਲਨ ਸਿਰਜਣਾ ਕੇਂਦਰ ਜਨਰਲ ਸਕੱਤਰ ਹਾਕਮ ਸਿੰਘ ਅਤੇ ਵਿੱਤ ਸਕੱਤਰ ਡਾ. ਦਰਸ਼ਨ ਸਿੰਘ ਠੀਕਰੀਵਾਲਾ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ | ਇਸ ਸਮਾਗਮ ਦਾ ਪ੍ਰਬੰਧ ਸ੍ਰੀ. ਜਗਤਾਰ ਸਿੰਘ ਬੀਹਲਾ, ਲਛਮਣ ਸਿੰਘ ਸਲੇਮਪੁਰ, ਹਾਕਮ ਸਿੰਘ ਬੀਪੀਈਓ, ਨਵਰਾਜ ਸਿੰਘ ਦਿਹੜ, ਮਾ. ਮੇਜਰ ਸਿੰਘ ਜੀ, ਸੂਬੇਦਾਰ ਹਰਬੰਸ ਸਿੰਘ ਆਜ਼ਾਦ ਨਗਰ, ਸ੍ਰੀ. ਬਿੰਦਰ ਧਨੌਲਾ ਆਦਿ ਨੇ ਕੀਤਾ |