DCA ਦੇ ਸੈਕਟਰੀ ਮਹਿੰਦਰ ਖੰਨਾ ਦੇ ਹੱਕ ਨਿੱਤਰਿਆ ਐਸੋਸੀਏਸ਼ਨ ਦਾ ਪ੍ਰਧਾਨ ਤੇ ਸਾਬਕਾ IG ਜਗਦੀਸ਼ ਮਿੱਤਲ

Advertisement
Spread information

ਸਾਬਕਾ ਆਈ.ਜੀ ਨੇ ਕਿਹਾ , ਮਹਿੰਦਰ ਖੰਨਾ ਉੱਪਰ ਪੁਲਿਸ ਨੇ ਉਦਯੋਗਪਤੀ ਦੇ ਦਬਾਅ ਤੇ ਦਰਜ਼ ਕੀਤਾ ਝੂਠਾ ਕੇਸ

ਮਾਮਲੇ ਦੀ ਨਿਰਪੱਖ ਜਾਂਚ ਕਰਕੇ ਕੇਸ ਰੱਦ ਕੀਤਾ ਜਾਵੇ-ਪ੍ਰਧਾਨ ਮਿੱਤਲ


ਹਰਿੰਦਰ ਨਿੱਕਾ , ਬਰਨਾਲਾ 6 ਫਰਵਰੀ 2021

       ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਮਹਿੰਦਰ ਖੰਨਾ ਦੇ ਖਿਲਾਫ ਠੱਗੀ ਅਤੇ ਜਾਲੀ ਫਰਜੀ ਦਸਤਾਵੇਜ ਤਿਆਰ ਕਰਨ ਦੇ ਦੋਸ਼ ਵਿੱਜ ਦਰਜ਼  ਕੇਸ ਅਤੇ ਉਨਾਂ ਦੀ ਗਿਰਫਤਾਰੀ ਤੋਂ ਬਾਅਦ ਸਾਬਕਾ ਆਈਜੀ ਅਤੇ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਮਿੱਤਲ ਖੁੱਲ੍ਹ ਕੇ ਮਹਿੰਦਰ ਖੰਨਾ ਦੇ ਪੱਖ ਵਿੱਚ ਨਿੱਤਰ ਆਏ ਹਨ। ਪ੍ਰਧਾਨ ਮਿੱਤਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਿੰਦਰ ਖੰਨਾ ਸਾਲ 2008 ਤੋਂ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਵੱਜੋ ਸੇਵਾ ਨਿਭਾ ਰਹੇ ਹਨ। ਉਹ ਬਹੁਤ ਹੀ ਇਮਾਨਦਾਰ ਅਤੇ ਖੇਡ ਪ੍ਰੇਮੀ ਹਨ। ਜਿਨ੍ਹਾਂ ਨੇ ਬਰਨਾਲਾ ਜਿਲ੍ਹੇ ਵਿੱਚ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਖੰਨਾ ਨੇ ਸੇਵਾ ਭਾਵਨਾ ਨਾਲ ਕੰਮ ਹੀ ਨਹੀਂ ਕੀਤਾ, ਸਗੋਂ ਆਪਣੇ ਪੱਲਿਉਂ ਪੈਸੇ ਵੀ ਖਰਚ ਕੀਤੇ ਹਨ।

Advertisement

          ਮਿੱਤਲ ਨੇ ਇਲਾਕੇ ਦੇ ਇੱਕ ਨਾਮੀ ਉਦਯੋਗਪਤੀ ਦਾ ਬਿਨਾਂ ਨਾਮ ਲਏ ਕਿਹਾ ਕਿ ਉਸ ਉਦਯੋਗਪਤੀ ਵੱਲੋਂ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਤੇ ਕਬਜੇ ਦੀ ਨੀਯਤ ਨਾਲ ਮਹਿੰਦਰ ਖੰਨਾ ਤੇ ਝੂਠਾ ਪਰਚਾ ਦਰਜ ਕਰਵਾਇਆ ਗਿਆ ਹੈ। ਉਨਾਂ ਕਿਹਾ ਕਿ ਮੈਂ ਡੀ.ਐਸ.ਪੀ. ਦੇ ਤੌਰ ਤੇ ਭਰਤੀ ਹੋ ਕੇ ਆਈਜੀ ਦੇ ਅਹੁਦੇ ਤੋਂ ਰਿਟਾਇਰ ਹੋਇਆ ਹਾਂ,ਪਰੰਤੂ ਪੁਲਿਸ ਅਧਿਕਾਰੀ ਇੱਕ ਉਦਯੋਗਪਤੀ ਦੇ ਇਸ਼ਾਰੇ ਤੇ ਅਜਿਹਾ ਝੂਠਾ ਕੇਸ ਦਰਜ਼ ਕਰ ਦੇਣ, ਇਹ ਸੁਣ ਕੇ ਉਨਾਂ ਬੇਹੱਦ ਦੁੱਖ ਹੋਇਆ ਹੈ। ਉਨਾਂ ਕਿਹਾ ਕਿ ਪੂਰੇ ਮਾਮਲੇ ਵਿੱਚ ਪੁਲਿਸ ਦੀ ਭੂਮਿਕਾ ਵੀ ਨਿੰਦਣਯੋਗ ਹੈ। ਉਨਾਂ ਕਿਹਾ ਕਿ 19 ਜਨਵਰੀ 2021 ਨੂੰ ਇੱਕ ਦੁਰਖਾਸਤ ਲਈ ਗਈ ਅਤੇ 3 ਫਰਵਰੀ ਨੂੰ ਕੇਸ ਵੀ ਦਰਜ ਕਰ ਦਿੱਤਾ ਗਿਆ। ਸਿਰਫ 16 ਦਿਨ ਵਿੱਚ ਕਿੰਨ੍ਹੀ ਕੁ ਗੰਭੀਰਤਾ ਨਾਲ ਪੜਤਾਲ ਕੀਤੀ ਗਈ ਹੋਵੇਗੀ, ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਜਦੋਂ ਕਿ ਪਤਾ ਨਹੀਂ ਕਿੰਨੀਆਂ ਕੁ ਦੁਰਖਾਸਤਾਂ ਬਰਨਾਲਾ ਜਿਲ੍ਹੇ ਅੰਦਰ ਕਈ ਕਈ ਮਹੀਨਿਆਂ ਤੋਂ ਪੜਤਾਲ ਅਤੇ ਕਾਨੂੰਨੀ ਕਾਰਵਾਈ ਦਾ ਇੰਤਜਾਰ ਕਰ ਰਹੀਆਂ ਹਨ।

           ਉਨਾਂ ਕਿਹਾ ਕਿ ਮੈਂ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਮਹਿੰਦਰ ਖੰਨਾ ਉੱਪਰ ਦਰਜ ਕੀਤੇ ਝੂਠੇ ਪਰਚੇ ਦੀ ਘੋਰ ਨਿੰਦਾ ਕਰਦਾ ਹਾਂ । ਇਸ ਘਟਨਾ ਨਾਲ ਇਲਾਕੇ ਦੇ ਕ੍ਰਿਕਟ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ। ਉਨਾਂ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਕੇ ਦਰਜ ਕੀਤਾ ਝੂਠਾ ਪਰਚਾ ਰੱਦ ਕੀਤਾ ਜਾਵੇ। ਮਿੱਤਲ ਨੇ ਕਿਹਾ ਕਿ ਬਰਨਾਲਾ ਇਲਾਕੇ ਦੇ ਖੇਡ ਪ੍ਰੇਮੀਆਂ ਨੂੰ ਵੀ ਅਜਿਹੇ ਕੁਰਸੀ ਦੇ ਲਾਲਚੀ ਉਦਯੋਗਪਤੀ ਦੀ ਅਸਲੀਅਤ ਸਮਾਜ ਅੱਗੇ ਉਜਾਗਰ ਕਰਨ ਲਈ ਮੈਦਾਨ ਵਿੱਚ ਆਉਣ ਦੀ ਲੋੜ ਹੈ।

Advertisement
Advertisement
Advertisement
Advertisement
Advertisement
error: Content is protected !!