ਕੋਰੋਨਾ ਪਾਬੰਦੀਆਂ ਦੀ ਪਾਲਣਾ ਕਰਦਿਆਂ ਵਿਦਿਆਰਥੀਆਂ ਦੀ ਹਾਜ਼ਰੀ ਵਧਾਉਣ ‘ਤੇ ਦਿੱਤਾ ਜੋਰ
ਰਘਵੀਰ ਹੈਪੀ , ਬਰਨਾਲਾ, 30 ਜਨਵਰੀ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਆਗਾਮੀ ਸਾਲਾਨਾ ਪ੍ਰੀਖਿਆਵਾਂ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸੌ ਫੀਸਦੀ ਸਫ਼ਲਤਾ ਯਕੀਨੀ ਬਣਾਉਣ ਲਈ ਸ਼ੁਰੂ ਕੀਤੇ ਮਿਸ਼ਨ ਸ਼ਤ ਪ੍ਰਤੀਸ਼ਤ ਨੂੰ ਜਿਲ੍ਹੇ ਵਿੱਚ ਕਾਮਯਾਬ ਬਣਾਉਣ ਲਈ ਸ੍ਰ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸ੍ਰੀਮਤੀ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਮੂਹ ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨਾਲ ਵਰਚੂਅਲ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ ਸਕੂਲ ਸਿੱਖਿਆ ਵਿਭਾਗ ਦੇ ਸਹਾਇਕ ਡਾਇਰੈਕਟਰ ਕਮ ਜਿਲ੍ਹਾ ਨੋਡਲ ਅਫ਼ਸਰ ਸ੍ਰੀਮਤੀ ਕਰਮਜੀਤ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸ੍ਰੀਮਤੀ ਕਰਮਜੀਤ ਕੌਰ ਸਹਾਇਕ ਡਾਇਰੈਕਟਰ ਨੇ ਸਕੂਲ ਮੁਖੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫ਼ਲਤਾ ਲਈ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਇਜ਼ਾਫਾ ਕਰਨਾ ਬੇਹੱਦ ਜਰੂਰੀ ਹੈ।ਉਹਨਾਂ ਕਿਹਾ ਕਿ ਬਿਨਾਂ ਸ਼ੱਕ ਜਿਲ੍ਹਾ ਬਰਨਾਲਾ ਦੇ ਸਕੂਲਾਂ ‘ਚ ਵਿਦਿਆਰਥੀਆਂ ਦੀ ਹਾਜ਼ਰੀ ਸੂਬੇ ਭਰ ਵਿੱਚੋਂ ਪਹਿਲੇ ਸਥਾਨਾਂ ‘ਤੇ ਹੈ ਪਰ ਇਸ ਨੂੰ ਸੌ ਫੀਸਦੀ ਕਰਨ ਲਈ ਹੋਰ ਉਪਰਾਲੇ ਕੀਤੇ ਜਾਣ ਦੀ ਜਰੂਰਤ ਹੈ।ਉਹਨਾਂ ਮੀਟਿੰਗ ਦੌਰਾਨ ਹੀ ਬਿਹਤਰ ਵਿਦਿਆਰਥੀ ਹਾਜ਼ਰੀ ਵਾਲੇ ਸਕੂਲਾਂ ਦੇ ਮੁਖੀਆਂ ਤੋਂ ਵਿਦਿਆਰਥੀਆਂ ਦੀ ਹਾਜ਼ਰੀ ਵਧਾਉਣ ਦੇ ਨੁਕਤੇ ਵੀ ਜਾਣੇ ਤਾਂ ਕਿ ਉਹ ਨੁਕਤੇ ਲਾਗੂ ਕਰਦਿਆਂ ਹੋਰਨਾਂ ਸਕੂਲਾਂ ਦੀ ਵਿਦਿਆਰਥੀ ਹਾਜ਼ਰੀ ਵੀ ਵਧਾਈ ਜਾ ਸਕੇ।ਉਹਨਾਂ ਕਿਹਾ ਕਿ ਸਕੂਲ ਆਉਣ ਵਾਲੇ ਹਰ ਵਿਦਿਆਰਥੀ ਲਈ ਕੋਰੋਨਾ ਪਾਬੰਦੀਆਂ ਦਾ ਪਾਲਣ ਵੀ ਹਰ ਹੀਲੇ ਯਕੀਨੀ ਬਣਾਇਆ ਜਾਣਾ ਜਰੂਰੀ ਹੈ।
ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਤੂਰ ਨੇ ਕਿਹਾ ਕਿ ਕੋਰੋਨਾ ਪਾਬੰਦੀਆਂ ਕਾਰਨ ਸਕੂਲਾਂ ਦੀ ਤਾਲਾਬੰਦੀ ਦੇ ਮੱਦੇਨਜ਼ਰ ਪਾਠਕ੍ਰਮ ਵਿੱਚ ਕੀਤੀ ਕਟੌਤੀ ਅਤੇ ਸਾਲਾਨਾ ਪ੍ਰੀਖਿਆ ਦੌਰਾਨ ਆਉਣ ਵਾਲੇ ਪ੍ਰਸ਼ਨ ਪੱਤਰ ਦੀ ਰੂਪ ਰੇਖਾ ਬਾਰੇ ਹਰ ਵਿਦਿਆਰਥੀ ਨੂੰ ਲਾਜ਼ਮੀ ਤੌਰ ‘ਤੇ ਜਾਣਕਾਰੀ ਦਿੱਤੀ ਜਾਵੇ।ਉਹਨਾਂ ਕਿਹਾ ਕਿ ਪ੍ਰੀਖਿਆ ਦੀ ਤਿਆਰੀ ਲਈ ਪ੍ਰਸ਼ਨ ਪੱਤਰ ਪ੍ਰਿੰਟ ਕਰਵਾਉਣ ਜਾਂ ਵਿਦਿਆਰਥੀਆਂ ਨੂੰ ਪੜ੍ਹਨ ਸਮੱਗਰੀ ਮੁਹੱਈਆ ਕਰਵਾਉਣ ਲਈ ਸਕੂਲਾਂ ਨੂੰ ਭੇਜੀ ਰਾਸ਼ੀ ਦਾ ਇਸਤੇਮਾਲ ਕਰ ਲਿਆ ਜਾਵੇ।ਸ੍ਰੀਮਤੀ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਨੇ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫ਼ਲਤਾ ਲਈ ਵਿਦਿਆਰਥੀਆਂ ਨੂੰ ਉਹਨਾਂ ਦੇ ਸਿੱਖਣ ਪੱਧਰ ਅਨੁਸਾਰ ਪੜ੍ਹਨ ਸਮੱਗਰੀ ਮੁਹੱਈਆ ਕਰਵਾਏ ਜਾਣ ‘ਤੇ ਜੋਰ ਦਿੱਤਾ।ਉਹਨਾਂ ਕਿਹਾ ਕਿ ਜਿਲ੍ਹੇ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਮੈਰਿਟ ਪ੍ਰਾਪਤੀ ਤੱਕ ਪਹੁੰਚਾਉਣ ਲਈ ਵਿਸ਼ੇਸ਼ ਆਨਲਾਈਨ ਜਮਾਤਾਂ ਦੀ ਵੀ ਵਿਵਸਥਾ ਕੀਤੀ ਗਈ ਹੈ।ਮੀਟਿੰਗ ਨੂੰ ਡਾ. ਰਵਿੰਦਰ ਪਾਲ ਸਿੰਘ ਪ੍ਰਿੰਸੀਪਲ ਜਿਲ੍ਹਾ ਕੋ-ਆਰਡੀਨੇਟਰ ਸਮਾਰਟ ਸਕੂਲ,ਸ੍ਰੀ ਹਰੀਸ਼ ਬਾਂਸਲ ਪ੍ਰਿੰਸੀਪਲ ਡੀਐਮ ਸਾਇੰਸ,ਸ੍ਰ ਅਮਨਿੰਦਰ ਸਿੰਘ ਡੀਐਮ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਅਤੇ ਸ੍ਰੀ ਕਮਲਦੀਪ ਡੀ ਐਮ ਗਣਿਤ ਨੇ ਵੀ ਸੰਬੋਧਨ ਕੀਤਾ।ਬਿੰਦਰ ਸਿੰਘ ਖੁੱਡੀ ਕਲਾਂਂ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮੀਟਿੰਗ ਵਿੱਚ ਸਾਰੇ ਵਿਸ਼ਿਆਂ ਦੇ ਡੀਐਮਜ਼ ਅਤੇ ਸਕੂਲ ਮੁਖੀ ਹਾਜ਼ਰ ਸਨ।