ਜ਼ਿਲ੍ਹੇ ਦੇ 64 ਸਕੂਲਾਂ ‘ਚ 12867 ਵਿਦਿਆਰਥਣਾਂ ਨੂੰ ਮਿਲਦੈ ਲਾਭ
ਹਰਿੰਦਰ ਨਿੱਕਾ , ਬਰਨਾਲਾ, 29 ਜਨਵਰੀ 2021
ਜ਼ਿਲਾ ਬਰਨਾਲਾ ਦੇ 64 ਸਰਕਾਰੀ ਹਾਈ ਅਤੇ ਸੈਕੰਡਰੀ ਸਕੂਲਾਂ ਵਿਚ ਪੜਨ ਵਾਲੀਆਂ 12867 ਵਿਦਿਆਰਥਣਾਂ ਲਈ ਮੁਹੱਈਆ ਕਰਾਈਆਂ ਗਈਆਂ ਸੈਨੇਟਰੀ ਪੈਡ ਵੈਂਡਿੰਗ ਮਸ਼ੀਨਾਂ ਲੜਕੀਆਂ ਦੀ ਸਿਹਤ ਸੰਭਾਲ ਲਈ ਸਹਾਈ ਸਿੱਧ ਹੋ ਰਹੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਲੜਕੀਆਂ ਨੂੰ ਮਾਹਵਾਰੀ ਦੌਰਾਨ ਸਿਹਤ ਸੰਭਾਲ ਨੂੰ ਲੈ ਕੇ ਸਮੱਸਿਆਵਾਂ ਦੇ ਮੱਦੇਨਜ਼ਰ ਸਮਗਰਾ ਸਿੱਖਿਆ ਅਭਿਆਨ ਤਹਿਤ ਸਰਕਾਰੀ ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਇਹ ਮਸ਼ੀਨਾਂ ਲਗਾਈਆਂ ਗਈਆਂ ਹਨ। ਇਹ ਸਕੀਮ ਜ਼ਿਲਾ ਬਰਨਾਲਾ ’ਚ ਅਗਸਤ 2019 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਹੁਣ 37 ਸੈਕੰਡਰੀ ਸਕੂਲਾਂ ਅਤੇ 27 ਹਾਈ ਸਕੂਲਾਂ ਵਿਚ ਇਹ ਸੁਵਿਧਾ ਉਪਲਬੱਧ ਹੈ।
ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਦੇ ਕੁੱਲ 115 ਸਕੂਲਾਂ ਵਿਚ ਇਹ ਮਸ਼ੀਨਾਂ ਲਗਾਈਆਂ ਜਾਣੀਆਂ ਹਨ। ਰਹਿੰਦੇ 51 ਸਕੂਲਾਂ ਵਿਚ ਦੂੂਜੇ ਪੜਾਅ ’ਚ ਇਹ ਮਸ਼ੀਨਾਂ ਲਗਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ਨੂੰ ਇਸ ਪ੍ਰਾਜੈਕਟ ਲਈ ਕੁਲ 20.48 ਲੱਖ ਰੁਪਏ ਦੀ ਰਾਸ਼ੀ ਪ੍ਰਤੀ ਯੂਨਿਟ 32000 ਰੁਪਏ ਦੇ ਹਿਸਾਬ ਨਾਲ ਪ੍ਰਾਪਤ ਹੋਈ ਹੈ। ਇਹ ਸੈਨੇਟਰੀ ਪੈਡ 6ਵੀਂ ਜਮਾਤ ਤੋਂ 12ਵੀਂ ਤੱਕ ਦੀਆਂ ਵਿਦਿਆਰਥਣਾਂ ਨੂੰ ਦਿੱਤੇ ਜਾਂਦੇ ਹਨ। ਹਰ ਇਕ ਵਿਦਿਆਰਥਣਾਂ ਨੂੰ ਸੈਨੇਟਰੀ ਪੈਡ ਦੇ ਤਿੰਨ ਪੈਕੇਟ ਦਿੱਤੇ ਜਾਂਦੇ ਹਨ ਅਤੇ ਹਰ ਇਕ ਪੈਕੇਟ ਵਿਚ 6 ਪੈਡ ਹੁੰਦੇ ਹਨ।
ਡਿਪਟੀ ਡੀਈਓ (ਐਲੀਮੈਂਟਰੀ) ਸ੍ਰੀਮਤੀ ਵਸੁੰਧਰਾ ਕਪਿਲਾ ਨੇ ਦੱਸਿਆ ਕਿ ਇਨਾਂ ਮਸ਼ੀਨਾਂ ਰਾਹੀਂ ਮਾਹਵਾਰੀ ਦੌਰਾਨ ਲੜਕੀਆਂ ਦੀ ਨਿੱਜੀ ਸਾਫ-ਸਫਾਈ ਅਤੇ ਸਿਹਤ ਸੰਭਾਲ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਹਰ ਇਕ ਮਸ਼ੀਨ ਵਿਚ ਦੋ ਯੂਨਿਟ ਹਨ। ਇਕ ਯੂਨਿਟ ’ਚ ਨਵੇਂ ਪੈਡ ਮਿਲਦੇ ਹਨ ਅਤੇ ਦੂਜੇ ਯੂਨਿਟ ’ਚ ਵਰਤੇ ਗਏ ਪੈਡਜ਼ ਸੁੱਟੇ ਜਾਂਦੇ ਹਨ। ਵਰਤਿਆ ਹੋਇਆ ਪੈਡ ਬਿਜਲੀ ਦੀ ਮਦਦ ਨਾਲ ਸਵਾਹ/ਖਤਮ ਕਰ ਦਿੱਤਾ ਜਾਂਦਾ ਹੈ।
ਇਨਾਂ ਸਕੂਲਾਂ ਵਿਚ ਹੈ ਵੈਡਿੰਗ ਮਸ਼ੀਨਾਂ ਦੀ ਸਹੂਲਤ
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਬਰਨਾਲਾ, ਭਦੌੜ, ਧਨੌਲਾ, ਸਹਿਣਾ, ਠੀਕਰੀਵਾਲ, ਬਦਰਾ, ਬਖਤਗੜ, ਭੈਣੀ ਜੱਸਾ, ਭੱਠਲਾਂ, ਛੀਨੀਵਾਲ ਖੁਰਦ, ਦਾਨਗੜ, ਕੈਰੇ, ਖੁੱਡੀ ਖੁਰਦ, ਕੁਤਬਾ, ਮਾਂਗੇਵਾਲ, ਰਾਜੀਆਂ, ਸਹੌਰ , ਅਲਕੜਾ , ਅਸਪਾਲ ਕਲਾਂ , ਅਸਪਾਲ ਖੁਰਦ , ਅਤਰਗੜ , ਵਿਧਾਤੇ, ਭੈਣੀ ਫੱਤਾ , ਭੂਰੇ , ਚੁਹਾਨਕੇ ਕਲਾਂ , ਧਨੌਲਾ ਖੁਰਦ , ਧਨੇਰ , ਧੌਲਾ , ਫਤਿਹਗੜ ਛੰਨਾ , ਗੰਗੋਹਰ , ਗੁੰਮਟੀ , ਜੋਧਪੁਰ , ਕਾਹਨੇਕੇ , ਖਿਆਲੀ , ਕਲਾਲਾ , ਲੋਹਗੜ , ਮੱਝੂਕੇ , ਮੱਲੀਆਂ , ਮਨਾਲ, ਮਹਿਤਾ, ਨੰਗਲ , ਪੰਡੋਰੀ , ਪੱਤੀ ਬਾਜਵਾ , ਪੱਤੀ ਸੇਖਵਾਂ , ਰਾਏਸਰ ਪਟਿਆਲ , ਰੂੜੇਕੇ ਖੁਰਦ , ਸੰਧੂ ਕਲਾਂ , ਸੰਗੇਰ ਪੱਤੀ ਧਨੌਲਾ , ਠੁੱਲੇਵਾਲ , ਜਵੰਦਾ ਤੇ ਰਾਜਗੜ ਆਦਿ ਸਕੂਲਾਂ ਵਿਚ ਇਹ ਸਹੂਲਤ ਮੁਹੱਈਆ ਕਰਾਈ ਗਈ ਹੈ।