ਦਿੱਲੀ ਵਿਖੇ ਮੇਲੇ ’ਚ ਪੰਜਾਬ ਦੀ ਨੁਮਾਇੰਦਗੀ ਕਰਦੈ ਖੁੱਡੀ ਕਲਾਂ ਦਾ ਗਰੁੱਪ
ਸੁਚੱਜੇ ਢੰਗ ਨਾਲ ਤਿਆਰ ਆਚਾਰ, ਚਟਨੀ ਤੇ ਮੁਰੱਬਿਆਂ ਨਾਲ ਖੱਟੀ ਵਾਹ–ਵਾਹ
ਡੀ.ਸੀ. ਵੱਲੋਂ ਏਕਤਾ ਗਰੁੱਪ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ
ਆਰਜ਼ੂ ਸ਼ਰਮਾਂ , ਬਰਨਾਲਾ (ਖੁੱਡੀ ਕਲਾਂ), 16 ਜਨਵਰੀ 2021
ਜ਼ਿਲ੍ਹੇ ਦੇ ਪਿੰਡ ਖੁੱਡੀ ਕਲਾਂ ਦੇ ਵਸਨੀਕ ਮੇਲਾ ਸਿੰਘ ਦਾ ਏਕਤਾ ਸੈਲਫ ਹੈਲਪ ਗਰੁੱਪ ਦਿੱਲੀ ਦੇ ਰੋਹਿਨੀ ਇਲਾਕੇ ਵਿੱਚ ਲੱਗੇ ‘ਸਰਸ ਅਜੀਵਿਕਾ ਮੇਲੇ’ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਰਿਹਾ ਹੈ। ਏਕਤਾ ਗਰੁੱਪ, ਪੰਜਾਬ ਦਾ ਇਕਲੌਤਾ ਗਰੁੱਪ ਹੈ, ਜਿਸ ਵੱਲੋਂ ਸਰਸ ਮੇਲੇ ਵਿੱਚ ਅਚਾਰ, ਚਟਨੀ ਤੇ ਮੁਰੱਬੇ ਜਿਹੇ ਉਤਪਾਦਾਂ ਦੀ ਸਟਾਲ ਲਾਈ ਗਈ ਹੈ ਤੇ ਲੋਕਾਂ ਵੱਲੋਂ ਸਟਾਲ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।ਏਕਤਾ ਸੈਲਫ ਹੈਲਪ ਗਰੁੱਪ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਅਜੀਵਿਕਾ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਕਰੀਬ 400 ਗਰੁੱਪ ਵੱਖ ਵੱਖ ਸਥਾਨਕ ਉਤਪਾਦਾਂ ਨੂੰ ਹੁਲਾਰਾ ਦੇ ਰਹੇ ਹਨ। ਇਨ੍ਹਾਂ ਵਿਚੋਂ ਖੁੱਡੀ ਕਲਾਂ ਦੇ ਏਕਤਾ ਗਰੁੱਪ ਵੱਲੋਂ ਵੱਖ ਵੱਖ ਤਰ੍ਹਾਂ ਦੇ ਆਚਾਰ, ਚਟਨੀਆਂ ਤੇ ਮੁਰੱਬਿਆਂ ਰਾਹੀਂ ਦੇਸ਼ ਭਰ ਵਿੱਚ ਵੱਖਰੀ ਪਛਾਣ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਏਕਤਾ ਗਰੁੱਪ ਦਿੱਲੀ ਦੇ ਰੋਹਿਨੀ ਇਲਾਕੇ ਵਿੱਚ ਲੱਗੇ ‘ਸਰਸ ਆਜੀਵਿਕਾ ਮੇਲੇ’ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਚਾਰ, ਚਟਨੀ ਤੇ ਮੁਰੱਬਿਆ ਜਿਹੇ ਖਾਧ ਉਤਪਾਦਾਂ ਸ਼੍ਰੇਣੀ ਵਿੱਚ ਪੰਜਾਬ ਭਰ ਵਿਚੋਂ ਸਿਰਫ ਬਰਨਾਲਾ ਦੇ ਇਸ ਗਰੁੱਪ ਨੂੰ ਸਰਸ ਮੇਲੇ ਲਈ ਚੁਣਿਆ ਗਿਆ ਹੈ, ਜੋ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਮੇਲਾ ਸਿੰਘ ਨੇ ਦੱਸਿਆ ਕਿ ਇਹ ਮੇਲਾ 14 ਜਨਵਰੀ ਤੋਂ ਸ਼ੁਰੂ ਹੋਇਆ ਸੀ, ਜੋ 17 ਜਨਵਰੀ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਉਨ੍ਹਾਂ ਦੇ ਪਿਤਾ ਅਮਰ ਸਿੰਘ ਅਤੇ ਮਾਤਾ ਮਲਕੀਤ ਕੌਰ ਵੀ ਸੇਵਾਵਾਂ ਨਿਭਾਅ ਰਹੇ ਹਨ ਅਤੇ ਪੂਰੀ ਟੀਮ ਦੀ ਮਿਹਨਤ ਸਦਕਾ ਏਕਤਾ ਗਰੁੱਪ ਦੀ ਸਟਾਲ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਟਾਲ ’ਤੇ 22 ਤਰ੍ਹਾਂ ਦੇ ਉਤਪਾਦ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਜੀਵਿਕਾ ਮਿਸ਼ਨ ਤਹਿਤ ਉਨ੍ਹਾਂ ਦੇ ਗਰੁੱਪ ਨੂੰ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਸ ਬਦੌਲਤ ਉਨ੍ਹਾਂ ਦਾ ਗਰੁੱਪ ਸ਼ਾਨਦਾਰ ਕਾਰਗੁਜ਼ਾਰੀ ਬਦੌਲਤ ਕਈ ਸਨਮਾਨ ਪ੍ਰਾਪਤ ਕਰ ਚੁੱੱਕਾ ਹੈ। ਇਸ ਮੌਕੇ ਜ਼ਿਲ੍ਹਾ ਫੰਕਸ਼ਨਲ ਮੈਨੇਜਰ ਅਮਨਦੀਪ ਸਿੰਘ ਨੇ ਦੱਸਿਆ ਕਿ ਮੇਲਾ ਸਿੰਘ ਦਾ ਸੈਲਫ਼ ਹੈਲਪ ਗਰੁੱਪ ਪੰਜਾਬ ’ਚ ਹੀ ਨਹੀਂ, ਸਗੋਂ ਸਮੁੱਚੇ ਭਾਰਤ ’ਚ ਲੱਗਣ ਵਾਲੇ ਮੇਲਿਆਂ ਅਤੇ ਪ੍ਰਦਰਸ਼ਨੀਆਂ ’ਚ ਹਿੱਸਾ ਲੈ ਕੇ ਆਪਣੇ ਹੱਥੀਂ ਬਣਾਈਆਂ ਵਸਤਾਂ ਵੇਚ ਕੇ ਚੰਗੀ ਕਮਾਈ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਲਾ ਸਿੰਘ ਨੇ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਤਹਿਤ ਸਵੈ-ਰੁਜ਼ਗਾਰ ਦੀ ਸਿਖਲਾਈ ਲੈਣ ਤੋਂ ਬਾਅਦ ਆਪਣੇ ਕਾਰੋਬਾਰ ਨੂੰ ਬਾਖੂਬੀ ਸਫਲ ਬਣਾ ਲਿਆ ਤੇ ਮੌਜੂਦਾ ਸਮੇਂ ਵਿਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਆਪਣੀਆਂ ਸਟਾਲਾਂ ਲਗਾ ਕੇ ਪੰਜਾਬ ਅਤੇ ਜ਼ਿਲ੍ਹਾ ਬਰਨਾਲਾ ਦਾ ਮਾਣ ਵਧਾ ਰਿਹਾ ਹੈ।