ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਨਫਰੰਸ ਰਾਹੀਂ ਕੀਤੀ ਸ਼ੁਰੂਆਤ
ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਰਾਸ਼ਨ ਡਿੱਪੂਆਂ ਦੀ ਕੀਤੀ ਗਈ ਵੰਡ
ਜ਼ਿਲ੍ਹਾ ਬਰਨਾਲਾ ’ਚ 3386 ਸਿਹਤ ਕਰਮੀਆਂ ਨੂੰ ਲਗਾਏ ਜਾਣਗੇ ਟੀਕੇ
7 ਰਾਸ਼ਨ ਡਿੱਪੂ ਹੋਲਡਰਾਂ ਨੂੰ ਵੰਡੇ ਗਏ ਲਾਇਸੰਸ
ਰਘਵੀਰ ਹੈਪੀ , ਬਰਨਾਲਾ, 16 ਜਨਵਰੀ 2021
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਅੱਜ ਸੂਬੇ ਭਰ ’ਚ ਕੋਰੋਨਾ ਦੇ ਟੀਕੇ ਲਗਾਉਣ ਦੀ ਸ਼ੁਰੂਆਤ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ ਅਤੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਘਰ-ਘਰ ’ਚ ਰੋਜ਼ਗਾਰ ਪਹੁੰਚਾਉਣ ਦੇ ਟੀਚੇ ਨੂੰ ਪੂਰਾ ਕਰਦਿਆਂ ਰਾਸ਼ਨ ਡਿੱਪੂਆਂ ਦੇ ਲਾਇਸੰਸ ਵੀ ਵੰਡੇ। ਬਰਨਾਲਾ ਤੋਂ ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਦੱਸਿਆ ਕਿ ਪੰਜਾਬੀਆਂ ਨੇ ਕੋਰੋਨਾ ਕਾਲ ’ਚ ਅੱਗੇ ਵਧ ਕੇ ਕੰਮ ਕੀਤਾ ਅਤੇ ਪੰਜਾਬ ’ਚ ਮਰੀਜ਼ਾਂ ਦੀ ਦਰ ਅਤੇ ਸੰਕ੍ਰਮਣ ਕਾਰਣ ਹੋਣ ਵਾਲੀਆਂ ਮੌਤਾਂ ਦੀ ਦਰ ਦੇਸ਼ ਵਿੱਚੋਂ ਸਭ ਤੋਂ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਪੰਜਾਬ ਵਾਸੀ ਦੀ ਜਾਨ ਬੇਹੱਦ ਕੀਮਤੀ ਹੈ ਅਤੇ ਜਦੋਂ ਤੱਕ ਪੰਜਾਬ ’ਚ ਸੰਕ੍ਰਮਣ ਦਾ ਦਰ ਸਿਫ਼ਰ ਤੱਕ ਨਹੀਂ ਆ ਜਾਂਦਾ ਉਦੋਂ ਤੱਕ ਅਸੀਂ ਸਾਰਿਆਂ ਨੇ ਕੋਰੋਨਾ ਸਬੰਧੀ ਬਚਾਅ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ਦੇਸ਼ ਭਰ ’ਚ ਲਾਕਡਾਊਨ ਲਗਾਉਣ ਵਾਲਾ ਪਹਿਲਾ ਸੂਬਾ ਰਿਹਾ ਹੈ, ਉਸੇ ਤਰ੍ਹਾਂ ਹੀ ਅਸੀਂ ਪੰਜਾਬ ਨੂੰ ਟੀਕਾ ਲਗਵਾਉਣ ਵਾਲਿਆਂ ਲੋਕਾਂ ’ਚ ਵੀ ਪਹਿਲਾ ਸੂਬਾ ਬਣਾਉਣਾ ਹੈ। ਇਸ ਮੌਕੇ ਮਾਨਯੋਗ ਮੁੱਖ ਮੰਤਰੀ ਜੀ ਨੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਰਾਸ਼ਨ ਡਿੱਪੂਆਂ ਸਬੰਧੀ ਲਾਇਸੰਸ ਵੰਡਣ ਦੀ ਸ਼ੁਰੂਆਤ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਬਰਨਾਲਾ ’ਚ ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ 3386 ਸਿਹਤ ਕਰਮੀਆਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਦੀ ਮੁਹਿੰਮ ਸਿਵਲ ਹਸਪਤਾਲ ਬਰਨਾਲਾ ਵਿਖੇ ਸ਼ੁਰੂ ਕੀਤੀ ਗਈ। ਸਭ ਤੋਂ ਪਹਿਲਾਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਜਿੰਦਰ ਸਿੰਗਲਾ ਵੱਲੋਂ ਆਪਣੇ ਟੀਕਾ ਲਗਵਾਇਆ। ਉਨ੍ਹਾਂ ਤੋਂ ਇਲਾਵਾ ਡਾ. ਈਸ਼ਾ ਗੁਪਤਾ, ਡਾ. ਸਵੀਨਾ, ਡਾ. ਕਾਕੁਲ ਅਗਰਵਾਲ, ਡਾ. ਹਰੀਸ਼ ਗਰਗ ਅਤੇ ਡਾ. ਅੰਮ੍ਰਿਤ ਗਰਗ ਵੱਲੋਂ ਵੀ ਆਪਣੇ ਟੀਕੇ ਲਗਵਾਏ ਗਏ।
7 ਡਿੱਪੂ ਹੋਲਡਰਾਂ ਨੂੰ ਵੰਡੇ ਲਾਇਸੰਸ
ਅੱਜ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ’ਚ 7 ਲੋਕਾਂ ਨੂੰ ਰਾਸ਼ਨ ਡਿੱਪੂਆਂ ਦੇ ਲਾਇਸੰਸ ਵੰਡੇ ਗਏ। ਇਨ੍ਹਾਂ ’ਚ ਧਨੌਲਾ ਤੋਂ ਨੀਨਾ ਰਾਣੀ, ਹੰਡਿਆਇਆ ਤੋਂ ਮੋਹਿਤ ਗਰਗ ਅਤੇ ਰਘੁਬੀਰ ਸਿੰਘ ਨੂੰ ਡਿਪਟੀ ਕਮਿਸ਼ਨਰ ਸ਼੍ਰੀ ਫੂਲਕਾ ਨੇ ਲਾਇਸੰਸ ਵੰਡੇ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਵਰਜੀਤ ਵਾਲੀਆ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸ਼੍ਰੀਮਤੀ ਅਤਿੰਦਰ ਕੌਰ, ਦੀਪ ਸੰਘੇੜਾ ਪੀ.ਏ.ਟੂ ਸਰਦਾਰ ਕੇਵਲ ਸਿੰਘ ਢਿੱਲੋਂ, ਹੈਪੀ ਢਿੱਲੋਂ ਸੈਕਟਰੀ, ਹਰਦੀਪ ਜਾਗਲ ਸੈਕਟਰੀ, ਪਾਲਵਿੰਦਰ ਸਿੰਘ ਗੋਗਾ ਸੈਕਟਰੀ ਤੋਂ ਇਲਾਵਾ ਹੋਰ ਵਿਅਕਤੀ ਵੀ ਸ਼ਾਮਲ ਸਨ।
ਇਸੇ ਤਰ੍ਹਾਂ ਹੀ ਸੀਨੀਅਰ ਸਿਆਸੀ ਆਗੂ ਸ਼੍ਰੀਮਤੀ ਸੁਰਿੰਦਰ ਕੌਰ ਵਾਲੀਆ ਨੇ ਭਦੌੜ ਵਿਖੇ ਨਿਰਮਲ ਸਿੰਘ, ਅਜੇ ਪਾਲ, ਜਤਿੰਦਰ ਕੁਮਾਰ ਅਤੇ ਨਵਜੋਤ ਸ਼ਰਮਾ ਨੂੰ ਰਾਸ਼ਨ ਡਿੱਪੂਆਂ ਦੇ ਲਾਇਸੰਸ ਵੰਡੇ।