Skip to content
- Home
- ਵਿਜੈ ਇੰਦਰ ਸਿੰਗਲਾ ਨੇ ਪ੍ਰਤਾਪ ਨਗਰ ’ਚ ‘ਫੋਰੈਸਟ ਅਤੇ ਨੇਚਰ ਅਵੇਅਰਨੈੱਸ ਪਾਰਕ’ ਦੇ ਨਿਰਮਾਣ ਦੀ ਰੱਖੀ ਨੀਂਹ
Advertisement

1 ਕਰੋੜ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਪਾਰਕ ’ਚ ਬੂਟਿਆਂ ਦੀਆਂ ਵੱਖ-ਵੱਖ ਕਿਸਮਾਂ ਤੋਂ ਇਲਾਵਾ ਓਪਨ ਜਿੰਮ ਤੇ ਬੱਚਿਆਂ ਲਈ ਖੇਡ ਕੋਨਾ ਹੋਵੇਗਾ ਤਿਆਰ: ਸਿੰਗਲਾ
ਹਰਿੰਦਰ ਨਿੱਕਾ ,ਸੰਗਰੂਰ, 15 ਜਨਵਰੀ:
ਸੰਗਰੂਰ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਹਲਕਾ ਵਿਧਾਇਕ ਅਤੇ ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਲਗਾਤਾਰ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਅੱਜ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਸੰਗਰੂਰ ਸ਼ਹਿਰ ਵਾਸੀਆਂ ਦੀ 2007 ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਦਿਆਂ ਪਰਤਾਪ ਨਗਰ ਨੇੜੇ ‘ਫੋਰੈਸਟ ਅਤੇ ਨੇਚਰ ਅਵੇਅਰਨੈੱਸ ਪਾਰਕ ਦੇ ਨਿਰਮਾਣ ਦਾ ਨੀਂਹ ਰੱਖੀ।
ਜ਼ਿਕਰਯੋਗ ਹੈ ਕਿ ਇਸ ਪਾਰਕ ਨੂੰ ਤਿਆਰ ਕਰਨ ਲਈ ਕੈਬਨਿਟ ਮੰਤਰੀ ਨੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ’ਚ ਏ.ਸੀ.ਐਸ. ਰਵਨੀਤ ਕੌਰ ਅਤੇ ਪੀ.ਸੀ.ਸੀ.ਐਫ਼. ਜਿਤੇਂਦਰ ਸ਼ਰਮਾ ਨਾਲ ਲਗਾਤਾਰ ਰਾਬਤਾ ਰੱਖਿਆ ਤੇ ਅੱਜ ਉਨਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਸ ਪਾਰਕ ਦੇ ਨਿਰਮਾਣ ਦੀ ਨੀਂਹ ਰੱਖੀ ਗਈ ਹੈ।
ਇਸ ਮੌਕੇ ਬੋਲਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਹ ਪਾਰਕ ਜ਼ਿਲਾ ਪ੍ਰੀਸ਼ਦ ਸੰਗਰੂਰ ਦੀ ਇੱਕ ਏਕੜ ਜ਼ਮੀਨ ’ਤੇ ਜੰਗਲਾਤ ਵਿਭਾਗ ਵੱਲੋਂ ਤਕਰੀਬਨ 1 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਵਾਲਾ ਪਾਰਕ ਤਿਆਰ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਪਾਰਕ ’ਚ ਬੂਟਿਆਂ ਦੀਆਂ ਵੱਧ ਤੋਂ ਵੱਧ ਕਿਸਮਾਂ ਲਗਾਈਆਂ ਜਾਣਗੀਆਂ ਜਿਨਾਂ ’ਚ ਮੈਡੀਸੀਨਲ ਬੂਟੇ, ਰਵਾਇਤੀ ਬੂਟੇ, ਥੋਹਰ, ਝਾੜੀਆਂ ਤੇ ਫ਼ੁੱਲਾਂ ਵਾਲੇ ਬੂਟੇ ਵੀ ਲਗਾਏ ਜਾਣਗੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪਾਰਕ ’ਚ ਖ਼ਾਸ ਕਿਸਮਾਂ ਦੇ ਬੂਟਿਆਂ ਤੋਂ ਇਲਾਵਾ ਸੈਰਗਾਹ, ਓਪਨ ਜਿੰਮ ਅਤੇ ਬੱਚਿਆਂ ਲਈ ਵੱਖਰਾ ਕੋਨਾ ਵੀ ਤਿਆਰ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਇਸ ਪਾਰਕ ਨੂੰ ਤਿਆਰ ਕਰਵਾਉਣ ਦਾ ਮੁੱਖ ਮਕਸਦ ਸ਼ਹਿਰ ਦੀ ਸੁੰਦਰਤਾ ’ਚ ਵਾਧਾ ਕਰਨ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੂੰ ਚੰਗੀ ਸਿਹਤ ਤੇ ਬੂਟਿਆਂ ਦੀ ਸੰਭਾਲ ਪ੍ਰਤੀ ਚੇਤੰਨ ਕਰਨਾ ਹੈ। ਉਨਾਂ ਕਿਹਾ ਕਿ ਹਾਲਾਂਕਿ ਇਹ ਪਾਰਕ ਜੰਗਲਾਤ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ ਪਰ ਹੁਣ ਇਸਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਜ਼ਿਲਾ ਪ੍ਰੀਸ਼ਦ ਨੂੰ ਹੀ ਦਿੱਤੀ ਜਾਵੇਗੀ।
ਸ਼੍ਰੀ ਸਿੰਗਲਾ ਨੇ ਦੱਸਿਆ ਕਿ ਸੰਗਰੂਰ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਤੇਜ਼ੀ ਨਾਲ ਕੰਮ ਕਰਵਾਏ ਜਾ ਰਹੇ ਹਨ ਜਿਨਾਂ ’ਚ ਟ੍ਰੈਫਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਬੀ.ਐਸ.ਐਨ.ਐਲ. ਪਾਰਕ ਤੋਂ ਬੱਸ ਸਟੈਂਡ ਤੱਕ ਸੜਕ ਨੂੰ ਚੌੜਾ ਕਰਨਾ, ਬਨਾਸਰ ਬਾਗ ਦੀ ਰਵਾਇਤੀ ਦਿੱਖ ਨੂੰ ਬਹਾਲ ਕਰਨਾ, ਖੇਡ ਸਟੇਡੀਅਮ ’ਚ ਲੋੜੀਂਦੀਆਂ ਸੁਵਿਧਾਵਾਂ ਦੀ ਪੂਰਤੀ ਅਤੇ ਸਾਰੇ ਸ਼ਹਿਰ ਨੂੰ ਪੀਣ ਵਾਲੇ ਪਾਣੀ ਤੇ ਸੀਵਰੇਜ ਦੀ ਸਪਲਾਈ ਲਾਇਨ ਨਾਲ ਜੋੜਨਾ ਅਹਿਮ ਹਨ। ਉਨਾਂ ਕਿਹਾ ਕਿ ਹਾਲਾਂਕਿ ਪਿਛਲੀਆਂ ਸਰਕਾਰਾਂ ਵੱਲੋਂ ਵਿਕਾਸ ਦੇ ਵਾਅਦੇ ਤਾਂ ਹਰ ਚੋਣ ਤੋਂ ਪਹਿਲਾਂ ਕੀਤੇ ਗਏ ਸਨ ਪਰ ਉਹ ਕਦੇ ਵੀ ਵਫ਼ਾ ਸਾਬਿਤ ਨਹੀਂ ਹੋਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ, ਡੀ.ਐਫ਼.ਓ. ਵਿੱਦਿਆ ਸਾਗਰੀ, ਵਧੀਕ ਡਿਪਟੀ ਕਮਿਸ਼ਨਰ ਰਾਜਿੰਦਰ ਸਿੰਘ ਬੱਤਰਾ, ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ, ਚੇਅਰਪਰਸਨ ਜਸਵੀਰ ਕੌਰ, ਚੇਅਰਮੈਨ ਨਰੇਸ਼ ਗਾਬਾ, ਵਣ ਰੇਂਜ ਅਫ਼ਸਰ ਮਨਦੀਪ ਸਿੰਘ, ਸਾਬਕਾ ਜ਼ਿਲਾ ਪ੍ਰਧਾਨ ਸੁਭਾਸ਼ ਗਰੋਵਰ, ਪਰਮਿੰਦਰ ਸ਼ਰਮਾ, ਬਿੰਦਰ ਬਾਂਸਲ, ਰਾਜੀਵ ਜਿੰਦਲ, ਰਾਜ ਕੁਮਾਰ ਅਰੋੜਾ, ਰਾਜਿੰਦਰ ਮਨਚੰਦਾ, ਨਵੀਨ ਬੱਗਾ ਆਸ਼ੀਸ਼ ਗਰੋਵਰ ਅਤੇ ਸਮੂਹ ਪ੍ਰਤਾਪ ਨਗਰ ਵੈੱਲਫ਼ੇਅਰ ਸੋਸਾਇਟੀ ਦੇ ਮੈਂਬਰ ਹਾਜ਼ਰ ਸਨ।
Advertisement

Advertisement

Advertisement

Advertisement

error: Content is protected !!