ਫਲਾਇੰਗ ਫੈਦਰਸ ਨੇ ਸਾਲ ਦਾ ਪਹਿਲਾ ਦਿਨ ਕਰਿਆ ਕਿਸਾਨਾਂ ਨੂੰ ਸਮਰਪਿਤ-ਸ਼ਿਵ ਸਿੰਗਲਾ
ਫਲਾਇੰਗ ਫੈਦਰਸ ਵੱਲੋਂ ਕਿਸਾਨੀ ਦਰਸਾਉਂਦਾ ‘’ਸੈਲਫੀ ਪੁਆਇੰਟ’’ ਬਣਾ ਕੇ ਯੂਥ ਨੂੰ ਕਿਸਾਨ ਸੰਘਰਸ਼ ਨਾਲ ਜੋੜਣ ਦੀ ਨਿਵੇਕਲੀ ਪਹਿਲ
ਹਰਿੰਦਰ ਨਿੱਕਾ/ਰਘਵੀਰ ਹੈਪੀ, ਬਰਨਾਲਾ 1 ਜਨਵਰੀ 2021
ਫਲਾਇੰਗ ਫੈਦਰਸ ਵੱਲੋਂ ਸ਼ਹਿਰ ਦੇ 16 ਏਕੜ ਖੇਤਰ ‘ਚ ਸਥਿਤ ਆਪਣੇ ਦਫਤਰ ਦੇ ਐਂਟਰੀ ਗੇਟ ਤੇ ਕਿਸਾਨੀ ਦਰਸਾਉਂਦਾ ‘’ ਸੈਲਫੀ ਪੁਆਇੰਟ ’’ ਬਣਾ ਕੇ ਯੂਥ ਨੂੰ ਕਿਸਾਨ ਸੰਘਰਸ਼ ਨਾਲ ਜੋੜਣ ਦੀ ਨਿਵੇਕਲੀ ਪਹਿਲ ਕੀਤੀ ਗਈ । ਫਲਾਇੰਗ ਫੈਦਰਸ ਦੀ ਇਸ ਨਿਵੇਕਲੀ ਪਹਿਲਕਦਮੀ ਨੂੰ ਯੂਥ ਵਰਗ ਨੇ ਭਰਪੂਰ ਸਰਾਹਿਆ। ਆਈ.ਲੈਟਸ.ਦੀ ਹੱਬ ਵਜੋਂ ਪਹਿਚਾਣ ਬਣਾ ਚੁੱਕੇ ਇਸ ਖੇਤਰ ਵਿੱਚ ਜਿਲ੍ਹੇ ਦੇ ਵੱਖ ਵੱਖ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚੋਂ ਆਈ.ਲੈਟਸ. ਦੀ ਪੜਾਈ ਕਰਨ ਆਉਂਦੇ ਨੌਜਵਾਨ ਮੁੰਡੇ-ਕੁੜੀਆਂ ਵਿੱਚ ਸੈਲਫੀ ਪੁਆਇੰਟ ਤੇ ਸੈਲਫੀ ਕਰਨ ਦਾ ਕਾਫੀ ਕਰੇਜ ਵੀ ਦੇਖਣ ਨੂੰ ਮਿਲਿਆ। ਇਸ ਮੌਕੇ ਫੀਡ ਬੈਕ ਲੈਣ ਲਈ ,ਨੋ ਕਿਸਾਨ ਨੋ ਫੂਡ ਦੇ ਨਾਅਰੇ ਵਾਲੇ ਬੋਰਡ ਤੇ ਚਸਪਾ ਕੀਤੀਆਂ ਪਰਚੀਆਂ ਤੇ ਯੂਥ ਨੇ ਕਿਸਾਨ ਸੰਘਰਸ਼ ਅਤੇ ਫਲਾਇੰਗ ਫੈਦਰ ਦੀ ਇਸ ਪਹਿਲ ਬਾਰੇ ਆਪੋ-ਆਪਣੀ ਰਾਇ ਵੀ ਲਿਖੀ। ਵੱਡੀ ਸੰਖਿਆ ‘ਚ ਨੌਜਵਾਨਾਂ ਨੇ ਕਿਸਾਨ ਸੰਘਰਸ਼ ਨੂੰ ਹਮਾਇਤ ਕਰਦਿਆਂ ਪਰਚੀਆਂ ਤੇ ਕਿਸਾਨ ਯੂਨੀਅਨ ਜਿੰਦਾਬਾਦ ਦੇ ਨਆਰੇ ਲਿਖ ਕੇ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਲੋਕਾਂ ਦਾ ਹੌਂਸਲਾ ਵੀ ਵਧਾਇਆ।
ਸੈਲਫੀ ਪੁਆਇੰਟ ਤੇ ਖੜ੍ਹੇ ਟ੍ਰੈਕਟਰ ਤੇ ਬਹਿ ਕੇ ਮਾਣ ਮਹਿਸੂਸ ਕਰਦੀ ਹੋਈ ਸਿਮਰਜੀਤ ਕੌਰ ਨੇ ਕਿਹਾ ਕਿ ਕਿਸਾਨ ਸੰਘਰਸ਼ ਇਕੱਲੇ ਕਿਸਾਨਾਂ ਦਾ ਨਹੀਂ, ਸਾਡਾ ਸਾਰਿਆਂ ਦਾ ਸਾਂਝਾ ਹੈ । ਕਿਉਂਕਿ ਕਿਸਾਨ ਅਨਾਜ ਉਗਾਉਂਦਾ ਹੈ ਤੇ ਬਾਕੀ ਅਸੀਂ ਸਾਰੇ ਲੋਕ ਅਰਾਮ ਨਾਲ ਬਹਿ ਕੇ ਖਾਂਦੇ ਹਾਂ। ਉਨਾਂ ਫਲਾਇੰਗ ਫੈਦਰਸ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਯੂਥ ਵਰਗ ਨੂੰ ਸਾਲ ਦੇ ਪਹਿਲੇ ਹੀ ਦਿਨ ਉਨਾਂ ਦੀ ਕਿਸਾਨ ਸੰਘਰਸ਼ ਪ੍ਰਤੀ ਜਿੰਮੇਵਾਰੀ ਦਾ ਅਹਿਸਾਸ ਕਰਵਾਇਆ ਗਿਆ ਹੈ। ਉਨਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਕੇ, ਉਨਾਂ ਨੂੰ ਲੋਹੜੀ ਦਾ ਤਿਉਹਾਰ ਆਪਣੇ ਘਰ ਆ ਕੇ ਮਨਾਉਣ ਦਾ ਮੌਕਾ ਦੇਣਾ ਚਾਹੀਦਾ ਹੈ। ਈਨਾ ਬਾਜਵਾ ਪਿੰਡ ਦੇ 2 ਨੌਜਵਾਨਾਂ ਅਤੇ ਇੱਕ ਹੋਰ ਨੌਜਵਾਨ ਨੇ ਵੀ ਫਲਾਇੰਗ ਫੈਦਰ ਦੇ ਉੱਦਮ ਦੀ ਸਰਾਹਣਾ ਕੀਤੀ ਅਤੇ ਕਿਹਾ ਕਿ ਅਸੀਂ ਖੁਦ ਵੀ ਦਿੱਲੀ ਸੰਘਰਸ਼ ਵਿੱਚ ਕੁਝ ਦਿਨ ਲਗਾ ਕੇ ਆਏ ਹਾਂ। ਉਨਾਂ ਉਤਸਾਹ ਵਿੱਚ ਕਿਸਾਨ ਸੰਘਰਸ਼ ਜਿੰਦਾਬਾਦ ਦੇ ਨਾਅਰੇ ਵੀ ਲਾਏ।
ਫਲਾਇੰਗ ਫੈਦਰਸ ਦੇ ਡਾਇਰੈਕਟਰ ਸ੍ਰੀ ਸ਼ਿਵ ਸਿੰਗਲਾ ਨੇ ਟੂਡੇ ਨਿਊਜ ਨਾਲ ਗੱਲਬਾਤ ਕਰਦਿਆਂ, ਜਿੱਥੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਉੱਥੇ ਕਿਸਾਨ ਸੰਘਰਸ਼ ਨਾਲ ਇੱਕਜੁੱਟਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਵੀ ਕੀਤੀ। ਸਿੰਗਲਾ ਨੇ ਕਿਹਾ ਕਿ ਅਸੀਂ ਨਵੇਂ ਸਾਲ ਦਾ ਪਹਿਲਾ ਦਿਨ ਕਿਸਾਨ ਸੰਘਰਸ਼ ਨੂੰ ਸਮਰਪਿਤ ਕੀਤਾ ਹੈ। ਉਨਾਂ ਕਿਹਾ ਕਿ ਬੜਾ ਦੁੱਖ ਹੁੰਦਾ ਹੈ, ਜਦੋਂ ਅਸੀਂ ਦੇਖਦੇ ਹਾਂ ਕਿ ਟਿੱਕਰੀ ਬਾਰਡਰ ਅਤੇ ਸਿੰਘੂ ਬਾਰਡਰ ਤੇ ਸਾਡੇ ਬਜੁਰਗ, ਮਾਵਾਂ,ਭੈਣਾਂ ਅਤੇ ਨੌਜਵਾਨ ਵੀਰ ਕੜਾਕੇ ਦੀ ਠੰਡ ਦੌਰਾਨ ਵੀ ਸੜਕਾਂ ਤੇ ਡਟੇ ਹੋਏ ਹਨ ।
ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਤਿੰਨੋਂ ਖੇਤੀ ਵਿਰੁੱਧ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਨਵੇਂ ਸਾਲ ਦਾ ਤੋਹਫਾ ਦੇਵੇ ਤਾਂਕਿ ਲੋਕ ਆਪੋ-ਆਪਣੇ ਘਰੀਂ ਪਰਤ ਕੇ ਨਵੇਂ ਸਾਲ ਦੇ ਜਸ਼ਨ ਮਨਾ ਸਕਣ। ਸਿੰਗਲਾ ਨੇ ਸੈਲਫੀ ਪੁਆਇੰਟ ਬਾਰੇ ਬੋਲਦਿਆਂ ਕਿਹਾ ਕਿ ਇਲਾਕੇ ਦੇ ਯੂਥ ਨੂੰ ਕਿਸਾਨ ਸੰਘਰਸ਼ ਨਾਲ ਜੋੜਨ ਦੀ ਫਲਾਇੰਗ ਫੈਦਰਸ ਨੇ ਇਹ ਕੋਸ਼ਿਸ਼ ਕੀਤੀ ਹੈ। ਇਸ ਦਾ ਕਾਫੀ ਸਾਰਥਕ ਨਤੀਜਾ, ਉਦੋਂ ਦੇਖਣ ਨੂੰ ਮਿਲਿਆ, ਜਦੋਂ ਇਲਾਕੇ ਦੇ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਸੈਲਫੀ ਪੁਆਇੰਟ ਤੇ ਸੈਲਫੀ ਕਰਕੇ, ਸੋਸ਼ਲ ਮੀਡੀਆ ਤੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨਾਂ ਇੱਕ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਖੇਤੀ ਬਿਲਾਂ ਦਾ ਮੁੱਦਾ, ਕਿਸੇ ਇੱਕ ਜਾਤ,ਮਜ੍ਹਬ,ਖਿੱਤੇ ਜਾਂ ਪ੍ਰਦੇਸ਼ ਤੇ ਦੇਸ਼ ਦੀ ਹੱਦ ਤੱਕ ਨਹੀਂ ਰਿਹਾ। ਇਹ ਮੁੱਦਾ ਕਿਸੇ ਵੀ ਰੂਪ ਵਿੱਚ ਅੰਨ੍ਹ ਖਾਣ ਵਾਲੇ ਹਰ ਨਾਗਰਿਕ ਦਾ ਮੁੱਦਾ ਹੋ ਨਿੱਬੜਿਆ ਹੈ। ਉਨਾਂ ਕਿਹਾ ਕਿ ਫਲਾਇੰਗ ਫੈਦਰਸ ਕਿਸਾਨ ਸੰਘਰਸ਼ ਦਾ ਹਮਾਇਤੀ ਹੈ,ਅਸੀਂ ਸੰਘਰਸ਼ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਲਈ ਤਿਆਰ ਹਾਂ।