ਜਨਵਰੀ ਦੇ ਅਖੀਰਲੇ ਹਫਤੇ ਹੀ ਲੋਕ ਅਰਪਣ ਕਰ ਦਿਆਂਗੇ ਮਿੰਨੀ ਬੱਸ ਅੱਡਾ-ਚੇਅਰਮੈਨ ਸ਼ਰਮਾ
ਹਰਿੰਦਰ ਨਿੱਕਾ/ਰਘਵੀਰ ਹੈਪੀ, ਬਰਨਾਲਾ 1 ਜਨਵਰੀ 2021
ਨਗਰ ਸੁਧਾਰ ਟਰੱਸਟ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਦੇਣ ਲਈ ਪੱਬਾਂ ਭਾਰ ਹੋਇਆ ਫਿਰਦਾ ਹੈ। ਜੀ ਹਾਂ, ਨਗਰ ਸੁਧਾਰ ਟਰੱਸਟ ਵੱਲੋਂ ਇਲਾਕਾ ਵਾਸੀਆਂ ਦੀਆਂ ਜਰੂਰਤਾਂ ਦੇ ਮੱਦੇਨਜਰ ਨਵੇਂ ਸਾਲ ਦੇ ਪਹਿਲੇ ਮਹੀਨੇ ਦੇ ਅੰਤ ਤੱਕ ਬਰਨਾਲਾ-ਸੰਗਰੂਰ ਰੋਡ ਤੇ ਪੈਂਦੇ ਆਈ.ਟੀ.ਆਈ. ਚੌਂਕ ਦੇ ਨਜ਼ਦੀਕ ਅਤੇ ਮਹਾਰਾਜਾ ਅਗਰਸੈਨ ਇਨਕਲੇਵ ਦੀ ਨੁੱਕਰ ਤੇ ਮਿੰਨੀ ਬੱਸ ਅੱਡਾ ਬਣਾ ਕੇ ਲੋਕ ਅਰਪਣ ਕਰ ਦਿੱਤਾ ਜਾਵੇਗਾ। ਬੱਸ ਅੱਡਾ ਬਣਾਉਣ ਦਾ ਕੰਮ ਬੜੀ ਤੇਜੀ ਨਾਲ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 1000 ਵਰਗ ਗਜ ਜਗ੍ਹਾ ਨੂੰ ਬੱਸ ਅੱਡਾ ਬਣਾਉਣ ਲਈ ਵਰਤਿਆ ਗਿਆ ਹੈ। ਕਰੀਬ 500 ਵਰਗ ਗਜ ਖੇਤਰ ਨੂੰ ਸ਼ੈਡ ਨਾਲ ਢੱਕ ਕੇ ਸਵਾਰੀਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਦੋਂ ਕਿ ਇੱਨ੍ਹੇ ਵਰਗ ਗਜ ਜਗ੍ਹਾ ਨੂੰ ਬੱਸਾਂ ਦੇ ਰੁਕਣ ਲਈ ਖਾਲੀ ਛੱਡਿਆ ਗਿਆ ਹੈ। ਬੇਸ਼ੱਕ ਅੱਡੇ ਵਿੱਚ ਪੋਲ ਲੱਗ ਚੁੱਕੇ ਹਨ, ਦੀਵਾਰ ਬਣ ਚੁੱਕੀ ਹੈ ਅਤੇ ਪਬਲਿਕ ਟੌਆਲਿਟ ਵੀ ਬਣਾਉਣ ਦਾ ਜਿਆਦਾ ਕੰਮ ਹੋ ਚੁੱਕਾ ਹੈ। ਇਸ ਤੋਂ ਇਲਾਵਾ ਇੱਕ ਹਿੱਸੇ ਵਿੱਚ ਸ਼ੈਡ ਵੀ ਮੁਕੰਮਲ ਹੋ ਚੁੱਕਿਆ ਹੈ। ਮੌਕੇ ਤੇ ਕੰਮ ਕਰ ਰਹੇ ਮਿਸਤਰੀ ਨੇ ਦੱਸਿਆ ਕਿ ਅੱਡੇ ਵਿੱਚ ਸਭ ਤੋਂ ਵੱਡਾ ਕੰਮ ਸਿਰਫ ਫਰਸ਼ ਲੱਗਣਾ ਰਹਿ ਗਿਆ ਹੈ। ਉਨਾਂ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਅੱਡੇ ਦੇ ਨਿਰਮਾਣ ਦਾ ਕੰਮ 20 ਦਿਨ ਦੇ ਅੰਦਰ ਅੰਦਰ ਪੂਰਾ ਹੋ ਜਾਵੇਗਾ।
ਅਗਰਸੈਨ ਇਨਕਲੇਵ ਕਲੋਨੀ ਦੇ ਵੀ ਜਾਗੇ ਭਾਗ
ਬਾਰਾਂ ਵਰ੍ਹਿਆਂ ਬਾਅਦ ਰੂੜੀ ਦੀ ਵੀ ਸੁਣੀ ਜਾਣ ਵਾਲੀ ਕਹਾਵਤ ਨਗਰ ਸੁਧਾਰ ਟਰੱਸਟ ਵੱਲੋਂ ਕੱਟੀ ਕਲੋਨੀ, ਮਹਾਰਾਜਾ ਅਗਰਸੈਨ ਇਨਕਲੇਵ ਦੇ ਵੀ ਕਰੀਬ 12 ਵਰ੍ਹਿਆਂ ਤੋਂ ਬਾਅਦ ਭਾਗ ਜਾਗ ਪਏ ਹਨ। ਲੱਗਭੱਗ ਬੇਅਬਾਦ ਸਮਝੀ ਜਾਂਦੀ ਇਸ ਕਲੋਨੀ ਵਿੱਚ ਕੋਈ ਬਹੁਤੀ ਰੌਣਕ ਨਹੀਂ ਹੋ ਸਕੀ। ਇੱਥੇ ਪਲਾਟ ਖਰੀਦਣ ਵਾਲਿਆਂ ਨੂੰ ਵੀ ਕਾਫੀ ਘੱਟ ਰੇਟ ਤੇ ਪਲਾਟ ਵੇਚਣ ਨੂੰ ਮਜਬੂਰ ਹੋਣਾ ਪਿਆ ਹੈ। ਕਈ ਲੋਕਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਪਲਾਟ ਖਰੀਦਣ ਤੋਂ ਬਾਅਦ ਉਨਾਂ ਵੱਲੋਂ ਇਨਵੈਸਟ ਕੀਤੀ ਰਾਸ਼ੀ ਦਾ ਵਿਆਜ ਵੀ ਨਹੀਂ ਪੂਰਾ ਹੋਇਆ। ਪਰੰਤੂ ਹੁਣ ਇਸ ਕਲੋਨੀ ਦੀ ਨੁੱਕਰ ਤੇ ਮਿੰਨੀ ਬੱਸ ਅੱਡਾ ਬਣ ਜਾਣ ਨਾਲ , ਪ੍ਰੋਪਰਟੀ ਦੇ ਭਾਅ ਵੀ ਕਾਫੀ ਜਿਆਦਾ ਵੱਧ ਗਏ ਹਨ। ਕੁਝ ਪ੍ਰੋਪਰਟੀ ਡੀਲਰਾਂ ਦਾ ਕਹਿਣਾ ਹੈ ਕਿ ਹੁਣ ਇਸ ਕਲੋਨੀ ਵਿੱਚ ਖਰੀਦਦਾਰ ਜਿਆਦਾ ਹਨ, ਵੇਚਣ ਵਾਲੇ ਲੱਭਣ ਤੇ ਵੀ ਨਹੀਂ ਥਿਆਉਂਦੇ।
ਲੋਕਾਂ ਨੂੰ ਛੇਤੀ ਦਿਆਂਗੇ ਨਵੇਂ ਸਾਲ ਦਾ ਤੋਹਫਾ- ਚੇਅਰਮੈਨ ਸ਼ਰਮਾ
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ ਨੇ ਪੁੱਛਣ ਤੇ ਦੱਸਿਆ ਕਿ ਕਚਿਹਰੀ ਚੌਂਕ ਦੇ ਕੋਲ ਬਣੇ ਪੁਰਾਣੇ ਮਿੰਨੀ ਬੱਸ ਅੱਡੇ ਵਾਲੇ ਖੇਤਰ ਵਿੱਚ ਉਵਰਬ੍ਰਿਜ ਬਣ ਜਾਣ ਕਾਰਣ, ਮਿੰਨੀ ਬੱਸ ਅੱਡੇ ਦਾ ਬਜੂਦ ਖਤਮ ਹੋ ਗਿਆ। ਜਿਸ ਕਾਰਣ ਬਰਨਾਲਾ ਦੇ ਮੁੱਖ ਬੱਸ ਅੱਡੇ ਨੂੰ ਜਾਣ ਤੋਂ ਪਹਿਲਾਂ ਅਦਾਲਤਾਂ,ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵੱਲ ਆਉਣ ਜਾਣ ਵਾਲੇ ਲੋਕਾਂ ਲਈ ਬੱਸਾਂ ਵੱਖ ਵੱਖ ਥਾਵਾਂ ਤੇ ਖੜ੍ਹ ਜਾਣ ਕਾਰਣ, ਜਿੱਥੇ ਹਾਦਸਿਆਂ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉੱਥੇ ਹੀ ਵੱਖ ਵੱਖ ਥਾਵਾਂ ਤੇ ਸੜ੍ਹਕ ਕਿਨਾਰੇ ਰੁਕਦੀਆਂ ਬੱਸਾਂ ਵਾਲੀ ਥਾਂ ਤੇ ਬੱਸਾਂ ਦੀ ਉਡੀਕ ਕਰਦੀਆਂ ਸਵਾਰੀਆਂ ਨੂੰ ਬੈਠਣ ਲਈ ਨਾ ਕੋਈ ਬੈਂਚ ਅਤੇ ਨਾ ਹੀ ਕੋਈ ਸ਼ੈਡ ਵਗੈਰਾ ਦਾ ਪ੍ਰਬੰਧ ਹੈ। ਇੱਨ੍ਹਾਂ ਹੀ ਨਹੀਂ, ਸਵਾਰੀਆਂ ਲਈ ਕੋਈ ਬਾਥਰੂਮ ਤੱਕ ਦੀ ਵੀ ਕੋਈ ਸੁਵਿਧਾ ਨਹੀਂ ਹੈ। ਜਿਸ ਕਾਰਣ ਸਵਾਰੀਆਂ ਨੂੰ ਹਰ ਦਿਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਦਿਆਂ ਕਾਂਗਰਸ ਪਾਰਟੀ ਦੇ ਜਿਲ੍ਹਾ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਸਹਿਯੋਗ ਅਤੇ ਮਾਰਗਦਰਸ਼ਨ ਨਾਲ ਨਵਾਂ ਮਿੰਨੀ ਬੱਸ ਅੱਡਾ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਲੱਖਾਂ ਰੁਪਏ ਦੀ ਲਾਗਤ ਨਾਲ ਬਣ ਰਿਹਾ ਇਹ ਅੱਡਾ ਛੇਤੀ ਹੀ ਬਣ ਕੇ ਤਿਆਰ ਹੋ ਜਾਵੇਗਾ। ਉਨਾਂ ਵਿਸ਼ਵਾਸ ਜਤਾਇਆ ਕਿ ਸਾਲ ਦੇ ਪਹਿਲੇ ਮਹੀਨੇ ਯਾਨੀ ਜਨਵਰੀ ਦੇ ਅੰਤ ਤੱਕ ਬੱਸ ਅੱਡਾ ਲੋਕ ਅਰਪਣ ਕਰ ਦਿੱਤਾ ਜਾਵੇਗਾ।