ਫਰਵਾਹੀ ਬਾਜ਼ਾਰ,ਸਦਰ ਬਾਜ਼ਾਰ ਤੇ ਕੱਚਾ ਕਾਲਜ ਰੋਡ ਤੇ ਚੈਕਿੰਗ ਮੁਹਿੰਮ ਸ਼ੁਰੂ
ਡੀਐਸਪੀ ਨੇ ਕਿਹਾ, ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਦਰਜ਼ ਕਰਾਂਗੇ ਕੇਸ
ਕਾਲਾਬਜ਼ਾਰੀ ਸਬੰਧੀ ਕਰੋ ਸੂਚਿਤ-ਨੰਬਰ- 01679-244300
ਬੀ.ਟੀ.ਐਨ. ਬਰਨਾਲਾ।
ਕਰਫਿਊ ਦੇ ਦਿਨਾਂ ਚ, ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਨਕਲੀ ਥੁੜ੍ਹ ਪੈਦਾ ਕਰਕੇ ਲੋਕਾਂ ਨੂੰ ਲੁੱਟਣ ਲੱਗੇ ਹੋਏ ਕੁਝ ਦੁਕਾਨਦਾਰਾਂ ਦੀ ਹੁਣ ਸ਼ਾਮਤ ਆਉਣ ਵਾਲੀ ਹੈ, ਵਿਜੀਲੈਂਸ ਬਿਊਰੋ ਦੀ ਟੀਮ ਕਾਲਾਬਾਜ਼ਾਰੀ ਕਰਨ ਵਾਲਿਆਂ ਦੀ ਪੈੜ ਲੱਭਣ ਤੁਰ ਪਈ ਹੈ। ਕੁਝ ਕੈਮਿਸਟਾਂ ਤੇ ਹੋਰ ਜਰੂਰੀ ਵਸਤੂਆਂ ਵੇਚਣ ਵਾਲੇ ਦੁਕਾਨਦਾਰਾਂ ਦੀ ਲੁੱਟ ਤੋਂ ਅੱਕੇ ਲੋਕਾਂ ਨੇ ਖੁਦ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਫੋਨ ਕਰਕੇ ਸੂਚਨਾਵਾਂ ਭੇਜਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।
ਵਿਜੀਲੈਂਸ ਦੀ ਟੀਮ ਨੇ ਸਦਰ ਬਾਜ਼ਾਰ, ਫਰਵਾਹੀ ਬਾਜ਼ਾਰ ਤੇ ਕੱਚਾ ਕਾਲਜ ਰੋਡ ਤੇ ਅਚਾਣਕ ਪਹੁੰਚ ਕੇ ਕਈ ਜਗ੍ਹਾ ਤੇ ਚੈਕਿੰਗ ਕੀਤੀ ਅਤੇ ਨਕਲੀ ਥੁੜ੍ਹ ਦਾ ਬਹਾਨਾ ਲਾ ਕੇ ਭਾਅ ਵਧਾਉਣ ਚ, ਕਥਿਤ ਤੌਰ ਤੇ ਮਸ਼ਰੂਫ ਦੁਕਾਨਦਾਰਾਂ ਤੋਂ ਲੋਕਾਂ ਨੂੰ ਵੇਚੀਆਂ ਜਾ ਰਹੀਆਂ ਵਸਤਾਂ ਤੇ ਲੋਕਾਂ ਵੱਲੋਂ ਖਰੀਦ ਕੀਤੀਆਂ ਖਾਣ-ਪੀਣ ਵਾਲੀਆਂ ਚੀਜਾਂ ਦੇ ਰੇਟਾਂ ਦਾ ਪ੍ਰਸ਼ਾਸ਼ਨ ਦੁਆਰਾ ਜਾਰੀ ਸੂਚੀ ਵਿੱਚ ਦਰਜ਼ ਰੇਟਾਂ ਦਾ ਮਿਲਾਣ ਵੀ ਕੀਤਾ।
ਵਿਜੀਲੈਂਸ ਦੇ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਕਿਸੇ ਵੀ ਦੁਕਾਨਦਾਰ ਕੋਲ ਕੋਈ ਵਾਧੂ ਪਿਆ ਤੇ ਸਟੋਰ ਕੀਤਾ ਸਮਾਨ ਨਹੀ ਮਿਲਿਆ। ਪਰੰਤੂ ਕੁਝ ਖਪਤਕਾਰਾਂ ਵੱਲੋਂ ਖਰੀਦ ਕੀਤੇ ਸਮਾਨ ਦੇ ਰੇਟਾਂ ਦਾ ਮਾਮੂਲੀ ਅੰਤਰ ਵੀ ਦੇਖਣ ਨੂੰ ਮਿਲਿਆ,ਪਰ ਖਪਤਕਾਰ ਨੇ ਇਹ ਨਹੀਂ ਦੱਸਿਆ ਕਿ ਉਹ ਸਮਾਨ ਖਰੀਦ ਕੇ ਕਿਹੜੀ ਦੁਕਾਨ ਤੋਂ ਲਿਆਇਆ ਹੈ। ਡੀਐਸਪੀ ਨੇ ਕਿਹਾ ਕਿ ਕਾਫੀ ਲੋਕਾਂ ਨੇ ਫੋਨ ਤੇ ਦੱਸਿਆ ਕਿ ਕਿਹੜੇ ਕਿਹੜੇ ਖੇਤਰਾਂ ਵਿੱਚ ਦੁਕਾਨਦਾਰਾਂ ਨੇ ਖਾਣ-ਪੀਣ ਵਾਲੀਆਂ ਵਸਤਾਂ ਨੂੰ ਜਮ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਕੈਮਿਸਟਾਂ ਵੱਲੋਂ ਵੀ ਦਵਾਈਆਂ ਵੱਧ ਭਾਅ ਤੇ ਵੇਚਣ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਵਿਜੀਲੈਂਸ ਦੀਆਂ ਵੱਖ ਵੱਖ ਟੀਮਾਂ ਗਠਿਤ ਕਰਕੇ ਵੱਖ ਵੱਖ ਖੇਤਰਾਂ ਵਿੱਚ ਭੇਜੀਆਂ ਗਈਆਂ ਹਨ। ਵਿਜੀਲੈਂਸ ਦੀ ਟੀਮ ਦੇ ਨਾਲ ਫੂਡ ਸਪਲਾਈ ਵਿਭਾਗ ਦੇ ਏਐਸਐਫਉ ਪ੍ਰਦੀਪ ਕੁਮਾਰ ਤੇ ਉਨ੍ਹਾਂ ਦੇ ਵਿਭਾਗ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ।