ਰਾਜਨਦੀਪ ਕੌਰ ਮਾਨ ਦੀ ਕਲਮ ਤੋਂ,,
ਪੰਜਾਬ,ਹਰਿਆਣਾ ਤੇ ਰਾਜਸਥਾਨ ਦੇ ਕਿਸਾਨ ਮਿਲਕੇ ਸਿਰਜ ਸਕਦੇ ਨੇ ਨਵਾਂ ਇਤਿਹਾਸ
ਇੰਨੀ ਦਿਨੀਂ ਕਿਸਾਨੀ ਦਾ ਸੰਘਰਸ਼ ਜ਼ੋਰਾਂ ਤੇ ਚੱਲ ਰਿਹਾ ਹੈ। ਕੇਂਦਰ ਸਰਕਾਰ ਨੇ ਚੋਰੀ-ਛਿੱੱਪੇ ਬਿੱਲ ਪਾਸ ਕਰਕੇ ਜੋ ਕਾਲੇ ਕਨੂੰਨ ਬਣਾਏ ਹਨ ਉਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ੍ਹਿਆ ਹੋਇਆ ਹੈ। ਬੇਸ਼ੱਕ ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਸੰਘਰਸ਼ ਦੀ ਸ਼ੁਰੂਆਤ ਪੰਜਾਬ ਨੇ ਕੀਤੀ। ਪਰ ਹੋਲੀ ਹੌਲੀ ਇਸ ਸੰਘਰਸ਼ ‘ਚ ਹਰਿਆਣਾ ਅਤੇ ਰਾਜਸਥਾਨ ਵੀ ਇਸ ਵਿੱਚ ਸ਼ਾਮਲ ਹੋ ਗਏ ਹਨ । ਹਰਿਆਣਾ ਤਾਂ ਅੱਜ ਪੰਜਾਬ ਦੀ ਸੱਜੀ ਬਾਂਹ ਬਣਕੇ ਨਾਲ ਖੜ੍ਹਾ ਹੋ ਗਿਆ ਹੈ। ਬੇਸ਼ੱਕ ਉਹ ਵੀ ਕਿਸੇ ਸਮੇਂ ਸਾਡਾ ਹਿੱਸਾ ਹੀ ਸਨ ਤਾਂ ਕਰਕੇ ਉਹੀ ਦਲੇਰੀ ਉਨ੍ਹਾਂ ਵਿਚ ਵੀ ਹੈ। ਉਧਰੋਂ ਰਾਜਸਥਾਨ ਵੱਲੋਂ ਵੀ ਹਜ਼ਾਰਾਂ ਕਿਸਾਨ ਇਸ ਸੰਘਰਸ਼ ਵਿੱਚ ਸ਼ਾਮਿਲ ਹੋ ਗਏ ਹਨ। ਆਉਣ ਵਾਲੇ ਦਿਨਾਂ ਵਿਚ ਇਹ ਗਿਣਤੀ ਹੋਰ ਵੀ ਵਧਣ ਦੇ ਆਸਾਰ ਹਨ। ਹਰਿਆਣਾ ਤੇ ਪੰਜਾਬ ਤਾਂ ਪਹਿਲਾਂ ਹੀ ਪੂਰੇ ਦੇ ਪੂਰੇ ਦਿੱਲੀ ਨੂੰ ਘੇਰਾ ਪਾਈ ਬੈਠੇ ਹਨ। ਖੇਤੀ ਅਤੇ ਕਿਸਾਨ ਵਿਰੋਧੀ ਇੰੰਨ੍ਹਾਂ ਤਿੰਨ ਕਾਲੇ ਕਨੂੰਨ ਵਿਰੁੱਧ ਛਿੜੀ ਜੰਗ ਨੇ ਉਕਤ ਤਿੰਨਾਂ ਬਹਾਦਰ ਰਾਜਾਂ ਨੂੰ ਇਕ ਵਾਰ ਫਿਰ ਇੱਕ ਮੰਚ ਤੇ ਇਕੱਠੇ ਕਰ ਦਿੱਤਾ ਹੈ । ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨ ਆਪਣੇ ਸਾਰੇ ਪੁਰਾਣੇ ਮਤਭੇਦ ਭੁਲਾ ਕੇ ਲਾਮਬੰਦੀ ਕਰਕੇ ਜੋਟੀਆਂ ਪਾ ਕੇ ਖੜ੍ਹੇ ਹੋ ਗਏ ਹਨ। ਇਹਨਾਂ ਵਿੱਚ ਪਾੜ੍ਹਾ ਵੀ ਸਿਆਸਤਦਾਨਾਂ ਦੀ ਗੰਦੀ ਰਾਜਨੀਤੀ ਨੇ ਹੀ ਪਾਇਆ ਹੋਇਆ ਸੀ। ਪਰ ਹੁਣ ਇਨ੍ਹਾਂ ਦਾ ਏਕਾ ਦੇਖ ਕੇ ਸਮਝ ਆਉਂਦੀ ਹੈ ਕਿ ਇਨ੍ਹਾਂ ਦਾ ਇਕੱਠੇ ਹੋਣਾ ਭਾਰਤ ਦੇ ਭਵਿੱਖ ਲਈ ਸ਼ੁਭ ਸੰਕੇਤ ਵੀ ਸਾਬਿਤ ਹੋ ਸਕਦਾ ਹੈ। ਇਹ ਤਿੰਨੋਂ ਰਾਜ ਮਿਲਕੇ ਅਗਲੀ ਸਰਕਾਰ ਕਿਸਾਨਾਂ ਦੀ ਲਿਆਉਣ ਵਿੱਚ ਮੋਹਰੀ ਭੂਮਿਕਾ ਨਿਭਾ ਸਕਦੇ ਹਨ। ਜੇ ਇਨ੍ਹਾਂ ਸੂਬਿਆਂ ਦੇ ਕਿਸਾਨ ਭਾਈਵਾਲ ਬਣ ਕੇ ਕਿਸਾਨ ਪਾਰਟੀ ਨੂੰ ਏਕੇ ਨਾਲ ਬਹੁਮਤ ਦਿੰਦੇ ਹਨ ਤਾਂ ਮੌਜੂਦਾ ਸਿਆਸੀ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪੈ ਸਕਦੀ ਹੈ ਅਤੇ ਭਾਰਤ ਵਿਚ ਕਿਰਤੀ ਕਿਸਾਨਾਂ ਦੇ ਹੱਕਾਂ ਦੀ ਰਖਵਾਲੀ ਲਈ ਇੱਕ ਮਜ਼ਬੂਤ ਧਿਰ ਖੜੀ ਹੋ ਸਕਦੀ ਹੈ। ਸੋ ਵਕਤ ਹੈ ਕਿ ਕਿਸਾਨ ਆਗੂ ਧਰਨੇ ਦੌਰਾਨ ਹੀ ਮੀਟਿੰਗ ਕਰਕੇ ਅਗਲੀ ਰਣਨੀਤੀ ਵੀ ਘੜ੍ਹ ਸਕਦੇ ਹਨ ਤਾਂ ਜੋ ਮਰ ਰਹੀ ਕਿਰਸਾਨੀ ਦੇ ਹੱਕਾਂ ਤੇ ਡਾਕੇ ਬੰਦ ਕਰਵਾ ਕੇ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਨੂੰ ਅਮਲੀ ਰੂਪ ਦਿੱਤਾ ਜਾ ਸਕਦਾ ਹੈ। ਮੇਰੀ ਇਹਨਾਂ ਸਭ ਕਿਸਾਨ ਵੀਰਾਂ ਅੱਗੇ ਬੇਨਤੀ ਹੈ ਕਿ ਤੁਹਾਡੀ ਵਿਰੋਧੀ ਕੇਂਦਰ ਸਰਕਾਰ ਬਹੁਤ ਸਾਜ਼ਿਸ਼ਾਂ ਕਰ ਰਹੀ ਹੈ ਤਾਂ ਜੋ ਤੁਹਾਡਾ ਇਹ ਏਕਾ ਖਿੰਡ ਪੁੰਡ ਜਾਵੇ। ਪਰ ਤੁਸੀਂ ਬਹੁਤ ਸਾਵਧਾਨ ਰਹਿ ਕੇ ਇਸ ਲਾਮਬੰਦੀ ਨੂੰ ਇੱਕ ਨਵੇਂ ਇਨਕਲਾਬ ਦਾ ਰੂਪ ਦੇ ਸਕਦੇ ਹੋ।
ਲੇਖਕ ਰਾਜਨਦੀਪ ਕੌਰ ਮਾਨ
6239326166