ਐਸ ਐਸ ਪੀ ਨੇ ਤੁਰੰਤ ਪ੍ਰਭਾਵ ਨਾਲ ਏ.ਐਸ.ਆਈ ਤੇ ਸਿਪਾਹੀ ਡਿਸਮਿਸ
ਜੀ.ਐਸ. ਬਿੰਦਰ ,ਐਸ.ਏ.ਐਸ.ਨਗਰ 22 ਦਸੰਬਰ 2020
ਐਸ.ਏ.ਐਸ. ਨਗਰ ਮੋਹਾਲੀ ਦੇ ਸੈਕਟਰ 71 ਦੀ ਕੋਠੀ ਨੰਬਰ 3026 ‘ਚ ਰਹਿੰਦੇ ਜੇ.ਟੀ.ਪੀ.ਐਲ. ਕੰਪਨੀ ਦੇ ਵਾਈਸ ਪ੍ਰੈਜੀਡੈਂਟ ਨਰੇਸ਼ ਕੁਮਾਰ ਖੰਨਾ ਦੇ ਘਰ ਪਿਸਤੌਲ ਦੀ ਨੋਕ ਤੇ ਡਾਕਾ ਮਾਰਨ ਪਹੁੰਚੇ ਇੱਕ ਏ.ਐਸ.ਆਈ ਅਤੇ ਸਿਪਾਹੀ ਸਣੇ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਐਸ.ਐਸ.ਪੀ. ਸਤਿੰਦਰ ਸਿੰਘ ਨੇ ਤੇਜੀ ਨਾਲ ਵਿਭਾਗੀ ਕਾਰਵਾਈ ਕਰਦਿਆਂ ਏ.ਐਸ.ਆਈ. (ਲੋਕਲ ਰੈਂਕ) ਰਸ਼ਪ੍ਰੀਤ ਸਿੰਘ ਅਤੇ ਸਿਪਾਹੀ ਦਵਿੰਦਰ ਸਿੰਘ ਨੂੰ ਨੌਕਰੀ ਤੋਂ ਡਿਸਮਿਸ ਵੀ ਕਰ ਦਿੱਤਾ। ਮੀਡੀਆ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਸਤਿੰਦਰ ਸਿੰਘ, ਪੀਪੀਐਸ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ ਏ ਐਸ ਨਗਰ ਨੇ ਦੱਸਿਆ ਕਿ ਮਿਤੀ 21-12-2020 ਨੂੰ ਨਰੇਸ਼ ਕੁਮਾਰ ਖੰਨਾ ਪੁੱਤਰ ਸ੍ਰੀ ਕੈਲਾਸ ਚੰਦਰ ਖੰਨਾ ਵਾਸੀ ਮਕਾਨ ਨੰਬਰ 3026 , ਸੈਕਟਰ 71, ਮੋਹਾਲੀ ਨੇ ਆਪਣੇ ਬਿਆਨ ਲਿਖਾਇਆ ਕਿ ਉਹ ਜੇ.ਟੀ.ਪੀ.ਐਲ ਸਿਟੀ (Just the place to live) ਕੰਪਨੀ ਦਾ ਵਾਇਸ ਪ੍ਰੈਜੀਡੈਂਟ ਹੈ ਅਤੇ ਮਿਤੀ 20-12-2020 ਨੂੰ ਸਮਾਂ ਕਰੀਬ 09:00 ਪੀ ਐਮ ਤੋਂ 09:30 ਪੀ ਐਮ ਵਜੇ ਉਹਨ੍ਹਾਂ ਦੇ ਘਰ ਦਾ ਇਨਵਰਟਰ ਖਰਾਬ ਹੋਣ ਕਰਕੇ ਲਾਇਟ ਬੰਦ ਹੋ ਗਈ ਸੀ। ਜਿਸਨੂੰ ਚੈੱਕ ਕਰਨ ਲਈ ਉਸ ਦਾ ਬੇਟਾ ਪ੍ਰਣਵ ਡਰਾਇੰਗ ਰੂਮ ਤੋਂ ਬਾਹਰ ਇਨਵਰਟਰ ਚੈੱਕ ਕਰਨ ਲਈ ਆਇਆ ਤਾਂ ਪੁਲਿਸ ਦੀਆ ਵਰਦੀਆ ਵਿਚ ਦੋ ਅਣਪਛਾਤੇ ਵਿਅਕਤੀ ਜਿਹਨਾਂ ਨੇ ਮਾਸਕ ਪਹਿਣੇ ਹੋਏ ਸਨ, ਘਰ ਦੇ ਅੰਦਰ ਦਾਖਲ ਹੋ ਗਏ । ਜਦੋਂਕਿ ਇਕ ਅਣਪਛਾਤਾ ਵਿਅਕਤੀ ਬਾਹਰ ਸੜਕ ਤੇ ਸਵਿਫਟ ਗੱਡੀ ਵਿਚ ਬੈਠਾ ਰਿਹਾ।
ਉਨ੍ਹਾਂ ਦੱਸਿਆ ਕਿ ਘਰ ਦੇ ਅੰਦਰ ਦਾਖਲ ਹੋਣ ਵਾਲੇ ਵਿਅਕਤੀਆਂ ਵਿਚੋਂ ਇਕ ਨੇ ਆਪਣੇ ਆਪ ਨੂੰ ਐਕਸਾਈਜ਼ ਮਹਿਕਮੇ ਦਾ ਡੀ ਐਸ ਪੀ ਦੱਸਦੇ ਹੋਏ ਮੁੱਦਈ ਨਰੇਸ਼ ਕੁਮਾਰ ਉਪਰ ਪਿਸਤੋਲ ਤਾਨ ਕੇ ਕਿਹਾ ਕਿ ਘਰ ਅੰਦਰ ਜੋ ਵੀ ਗੋਲਡ ਜਾਂ ਨਗਦੀ ਹੈ ਸਾਡੇ ਹਵਾਲੇ ਕਰ ਦਿਉ। ਇਨ੍ਹਾਂ ਕਹਿੰਦਿਆਂ ਉਨ੍ਹਾਂ ਡਰਾਇੰਗ ਰੂਮ ਦਾ ਦਰਵਾਜਾ ਅੰਦਰੋਂ ਬੰਦ ਕਰ ਦਿੱਤਾ। ਜਦੋਂ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਨਰੇਸ਼ ਕੁਮਾਰ ਨੇ ਉਹਨ੍ਹਾਂ ਪਾਸੋ ਸ਼ਰਚ ਵਰੰਟ ਅਤੇ ਸਨਾਖਤੀ ਕਾਰਡ ਮੰਗੇ ਤਾਂ ਉਹਨ੍ਹਾਂ ਨੇ ਘਬਰਾਹਟ ਵਿਚ ਨਰੇਸ਼ ਕੁਮਾਰ ਦੀ ਮਾਰ ਕੁੱਟਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਹੱਥੋਪਾਈ ਵਿਚ ਉਹਨਾਂ ਵਿਅਕਤੀਆਂ ਦੀ ਵਰਦੀ ਦੀ ਜੇਬ ਪਰ ਨਜ਼ਰ ਪਈ ਤਾਂ ਇਕ ਦਾ ਨਾਮ ਰਸ਼ਪ੍ਰੀਤ ਸਿੰਘ ਅਤੇ ਦੂਸਰੇ ਦਾ ਨਾਮ ਦਵਿੰਦਰ ਸਿੰਘ ਲਿਖਿਆ ਪਾਇਆ ਗਿਆ।
ਇਸੇ ਦੌਰਾਨ ਹੀ ਦਵਿੰਦਰ ਸਿੰਘ ਨੇ ਨਰੇਸ਼ ਕੁਮਾਰ ਨੂੰ ਬਾਹਾਂ ਤੋਂ ਫੜ ਲਿਆ ਅਤੇ ਰਸ਼ਪ੍ਰੀਤ ਸਿੰਘ ਨੇ ਨਰੇਸ਼ ਕੁਮਾਰ ਨੂੰ ਮਾਰ ਦੇਣ ਦੀ ਨੀਯਤ ਨਾਲ ਉਸ ਦੇ ਸਿਰ ਵਿਚ ਪਿਸਤੋਲ ਦੇ ਬੱਟ ਨਾਲ ਕਈ ਵਾਰ ਕਰਕੇ ਜਖਮੀ ਕਰ ਦਿੱਤਾ ਅਤੇ ਜਾਂਦੇ ਸਮੇਂ ਨਰੇਸ਼ ਕੁਮਾਰ ਅਤੇ ਉਸ ਦੇ ਬੇਟੇ ਪ੍ਰਣਵ ਦੇ ਮੋਬਾਇਲ ਫੋਨ ਪਿਸਤੋਲ ਦਿਖਾ ਕੇ ਜਬਰਦਸਤੀ ਖੋਹ ਕੇ ਲੈ ਗਏ ਅਤੇ ਬਾਹਰ ਖੜੀ ਸਵਿਫਟ ਕਾਰ ਵਿਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਏ। ਐਸ ਐਸ ਪੀ ਨੇ ਦੱਸਿਆ ਕਿ ਮੁਦਈ ਦੇ ਉਕਤ ਬਿਆਨ ਦੇ ਅਧਾਰ ਤੇ ਮੁੱਕਦਮਾ ਨੰਬਰ 235 ਮਿਤੀ 21-12- 2020 ਅ/ਧ 307,458,382,323,34 ਆਈ.ਪੀ ਸੀ ਅਤੇ 25-54-59 ਆਰਮਜ਼ ਐਕਟ ਥਾਣਾ ਮਟੋਰ ਵਿਖੇ ਬਰਖਿਲਾਫ ਏ ਐਸ ਆਈ (ਲੋਕਲ ਰੈਂਕ) ਰਸ਼ਪ੍ਰੀਤ ਸਿੰਘ ਨੰਬਰ 892/ਐਸ ਏ ਐਸ ਨਗਰ ਅਤੇ ਸਿਪਾਹੀ ਦਵਿੰਦਰ ਸਿੰਘ ਨੰਬਰ 2303/ਐਸ ਏ ਐਸ ਨਗਰ ਅਤੇ ਇਕ ਨਾ-ਮਲੂਮ ਵਿਅਕਤੀ ਦੇ ਦਰਜ ਰਜਿਸਟਰ ਕੀਤਾ ਗਿਆ।
ਹੁਣ ਤੱਕ ਦੀ ਤਫਤੀਸ਼ ਤੋਂ ਇਹ ਕਰਮਚਾਰੀ ਏ ਐਸ ਆਈ (ਲੋਕਲ ਰੈਂਕ) ਰਸ਼ਪ੍ਰੀਤ ਸਿੰਘ ਨੰਬਰ 892/ਐਸ.ਏ.ਐਸ ਨਗਰ ਅਤੇ ਸਿਪਾਹੀ ਦਵਿੰਦਰ ਸਿੰਘ ਨੰਬਰ 2303/ਐਸ.ਏ.ਐਸ ਨਗਰ ਤਸਦੀਕ ਹੋਏ ਹਨ। ਜੋ ਫਰਾਰ ਹਨ। ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਅੱਲਗ ਅੱਲਗ ਥਾਵਾਂ ਪਰ ਰੇਡ ਕੀਤੇ ਜਾ ਰਹੇ ਹਨ।
ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਏ ਐਸ ਆਈ (ਲੋਕਲ ਰੈਂਕ) ਰਸ਼ਪ੍ਰੀਤ ਸਿੰਘ ਨੰਬਰ 892/ਐਸ ਏ ਐਸ ਨਗਰ ਅਤੇ ਸਿਪਾਹੀ ਦਵਿੰਦਰ ਸਿੰਘ ਨੰਬਰ 2303/ਐਸ.ਏ.ਐਸ ਨਗਰ ਨੂੰ ਮਹਿਕਮਾ ਪੁਲਿਸ ਵਿਚੋਂ ਅੱਜ ਤੁਰੰਤ ਪ੍ਰਭਾਵ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ ਅਤੇ ਇਹਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਇਹਨਾਂ ਵੱਲੋਂ ਹੋਰ ਵਾਰਦਾਤਾਂ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।