ਐਸ.ਡੀ. ਕਾਲਜ ਨੇੜੇ ਘੋਟਨਿਆਂ ਨਾਲ ਲੈਸ ਨਸ਼ੇੜੀਆਂ ਨੇ ਮਚਾਇਆ ਹੁੰਡਦੰਗ
ਮੌਕੇ ਤੇ ਪਹੁੰਚੀ ਪੁਲਿਸ ,ਸ਼ਹਿਰੀਆਂ ‘ਚ ਦਹਿਸ਼ਤ, ਪੁਲਿਸ ਖਿਲਾਫ ਰੋਹ
ਲੋਕੀ ਕਹਿੰਦੇ ਵਾਹ ਜੀ ਵਾਹ,ਕੀ ਸਿੰਘਮ ਰਾਜ ਐ ਆਹ!!
ਹਰਿੰਦਰ ਨਿੱਕਾ , ਬਰਨਾਲਾ 23 ਦਸੰਬਰ 2020
ਐਸ ਡੀ ਕਾਲਜ ਦੇ ਨੇੜੇ ਲੋਕਾਂ ‘ਚ ਉਸ ਸਮੇਂ ਭਾਜੜ ਪੈ ਗਈ, ਜਦੋਂ ਹੱਥਾਂ ਵਿੱਚ ਘੋਟਣੇ ਫੜੀ ਕੁਝ ਨਸ਼ੇੜੀਆਂ ਨੇ ਕੋਲੋਂ ਲੰਘਦੀਆਂ ਗੱਡੀਆਂ ਦੇ ਸ਼ੀਸ਼ੇ ਭੰਨਣੇ ਸ਼ੁਰੂ ਕਰ ਦਿੱਤੇ। ਨਸ਼ੇੜੀਆਂ ਦੇ ਹਮਲਾਵਰ ਰੁੱਖ ਤੋਂ ਬਚਾਅ ਲਈ, ਲੋਕ ਜਿੱਧਰ ਕਿਸੇ ਨੂੰ ਰਾਸਤਾ ਦਿੱਖਿਆ ਭੱਜਣ ਲੱਗ ਪਏ। ਨਸ਼ੇੜੀਆਂ ਨੇ ਅੱਧੀ ਦਰਜਨ ਤੋਂ ਵਧੇਰੇ ਗੱਡੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ। ਸੂਚਨਾ ਮਿਲਦਿਆਂ ਹੀ ਥਾਣਾ ਸਿਟੀ 1 ਅਤੇ ਥਾਣਾ ਸਦਰ ਦੀ ਪੁਲਿਸ ਵੱਡੀ ਗਿਣਤੀ ਵਿੱਚ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਗਈ। ਵਪਾਰੀਆਂ ਦੇ ਬੁਲਾਉਣ ਤੇ ਪਹੁੰਚੇ ਵਿਉਪਾਰ ਮਹਾਸੰਘ ਦੇ ਪ੍ਰਧਾਨ ਲਲਿਤ ਮਹਾਜਨ ਨੇ ਕਿਹਾ ਕਿ ਸ਼ਹਿਰ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਲੀਹ ਤੋਂ ਲਹਿ ਚੁੱਕੀ ਹੈ। ਜਿਸ ਦਾ ਸਬੂਤ ਅੱਜ ਲੋਕਾਂ ਨੇ ਐਸ ਡੀ ਕਾਲਜ ਕੋਲ ਆਪਣੇ ਅੱਖੀਂ ਵੇਖਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਮੁਸਤੈਦੀ ਨਾ ਹੋਣ ਕਾਰਣ ਗੁੰਡਾ ਅਨਸਰਾਂ ਦੇ ਹੌਸਲੇ ਬੁਲੰਦ ਹਨ । ਉਨਾਂ ਕਿਹਾ ਕਿ ਸ਼ਰੇਆਮ ਗੁੰਡਾਗਰਦੀ ਨੇ ਪੁਲਿਸ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਮੌਕਾ ਵਾਰਦਾਤ ਵਾਲੀ ਥਾਂ ਤੇ ਪਹੁੰਚੀ,ਉਦੋਂ ਤੱਕ ਗੁੰਡਾਗਰਦੀ ਕਰਨ ਵਾਲੇ ਬੇਖੌਫ ਹੁਡਦੰਗ ਮਚਾਉਂਦੇ ਫਰਾਰ ਹੋ ਗਏ। ਆਖਿਰ ਗੁੰਡਾਗਰਦੀ ਕਰਨ ਵਾਲਿਆਂ ਦੀ ਮੰਸ਼ਾ ਕੀ ਸੀ, ਇਹ ਦੋਸ਼ੀਆਂ ਦੇ ਫੜ੍ਹੇ ਜਾਣ ਤੋਂ ਬਾਅਦ ਹੀ ਸਾਫ ਹੋਵੇਗਾ। ਥਾਣਾ ਸਿਟੀ ਦੇ ਐਸ ਐਚ ਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਕੋਈ ਵੀ ਦੋਸ਼ੀ ਪੁਲਿਸ ਦੇ ਹੱਥ ਨਹੀਂ ਲੱਗਿਆ, ਪੁਲਿਸ ਪੀੜਤ ਵਿਅਕਤੀਆਂ ਦੇ ਬਿਆਨ ਦੇ ਆਧਾਰ ਤੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ, ਉਨ੍ਹਾਂ ਦੀ ਸ਼ਨਾਖਤ ਕਰਕੇ ਕਾਬੂ ਕਰ ਲਵੇਗੀ। ਉਨ੍ਹਾ ਕਿਹਾ ਕਿ ਗੁੰਡਾਗਰਦੀ ਕਰਨ ਵਾਲਿਆਂ ਦੀ ਸ਼ਨਾਖਤ ਲਈ, ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਉੱਧਰ ਗੁੰਡਾਗਰਦੀ ਦਾ ਨੰਗਾ ਨਾਚ ਅੱਖੀਂ ਵੇਖਣ ਵਾਲਿਆਂ ਨੇ ਪੁਲਿਸ ਪ੍ਰਬੰਧਾਂ ਤੇ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ,ਵਾਹ ਜੀ ਵਾਹ, ਕੀ ਸਿੰਘਮ ਰਾਜ ਹੈ ਆਹ !