ਹਰਿੰਦਰ ਨਿੱਕਾ ,ਬਰਨਾਲਾ 19 ਦਸੰਬਰ 2020
ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਾਮੀ ਭਰਦਾ ਗਾਇਕ ਦਿਲਬਾਗ ਅਲੀ ਦਾ ਨਵਾਂ ਗੀਤ ‘ਤੇਰੀ ਹਿੱਕ ’ਤੇ ਕਿਸਾਨ ਦਿੱਲੀਏ’ 20 ਦਸੰਬਰ ਦਿਨ ਐਤਵਾਰ ਨੂੰ ਬਾਈਲਾਰਸ ਰਿਕਾਰਡਜ ’ਚ ਰਿਲੀਜ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗਾਇਕ ਦਿਲਬਾਗ ਅਲੀ ਨੇ ਦੱਸਿਆ ਕਿ ਇਸ ਗੀਤ ਨੂੰ ਯਾਦੂ ਭੁੱਲਰ ਤੇ ਛਿੰਦਾ ਲਿਖਾਰੀ ਵਲੋਂ ਲਿਖਿਆ ਗਿਆ ਹੈ। ਜਦਕਿ ਇਸ ਦਾ ਸੰਗੀਤ ਐਮ ਵੀਰ ਵਲੋਂ ਤਿਆਰ ਕੀਤਾ ਗਿਆ ਹੈ। ਜਿਸ ਦੀ ਮਿਕਸਿੰਗ ਮਿਸਟਰ ਕਿੰਗ ਵਲੋਂ ਕੀਤੀ ਗਈ ਹੈ। ਇਸ ਗੀਤ ਦਾ ਵੀਡਿਓ ਅਸਵਨੀ ਕੁਮਾਰ ਦੀ ਨਿਰਦੇਸਨਾਂ ਹੇਠ ਬਣਿਆ ਹੈ। ਜਿਸ ਦੀ ਅਡੀਟਿੰਗ ਨੀਰਜ ਸੱਚਦੇਵਾ ਨੇ ਕੀਤੀ ਹੈ।
ਇਸ ਪ੍ਰੋਜੈਕਟ ਦੇ ਨਿਰਮਾਤਾ ਤੇ ਪੇਸਕਾਰ ਯਾਦੂ ਭੁੱਲਰ ਹਨ। ਇਸ ਗੀਤ ਨੂੰ ਐਤਵਾਰ ਸਵੇਰੇ 8:00 ਵਜੇ ਬਾਈਲਾਰਸ ਰਿਕਾਰਡਜ਼ ਦੇ ਯੂਟਿਊਬ ਚੈਨਲ ’ਤੇ ਰੀਲੀਜ਼ ਕੀਤਾ ਜਾਵੇਗਾ। ਗਾਇਕ ਦਿਲਬਾਗ ਅਲੀ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ’ਚ ਚੱਲ ਰਹੇ ਕਿਸਾਨ ਮੋਰਚੇ ਨੂੰ ਸਮਰਪਿਤ ਇਹ ਗੀਤ ਕਿਸਾਨਾਂ ’ਚ ਜੋਸ਼ ਤੇ ਜਜਬੇ ਨੂੰ ਭਰਦਾ ਹੋਇਆ ਕਿਸਾਨਾਂ ਦਾ ਹਾਮੀ ਗੀਤ ਹੈ। ਕਿਸਾਨੀ ਮੋਰਚੇ ’ਚ ਲਾਸਾਨੀ ਯੋਧਿਆਂ ਦੀ ਕੁਰਬਾਨੀ ਨੂੰ ਇਹ ਇਕ ਸਰਧਾਂਜਲੀ ਹੋਵੇਗਾ। ਜਿੱਥੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਵਰਗ, ਹਰ ਸੰਸਥਾ ਕਿਸਾਨਾਂ ਦੇ ਨਾਲ ਹੈ , ਉਸੇ ਤਰ੍ਹਾਂ ਹੀ ਇਹ ਇਕ ਸੰਗੀਤਕ ਯਤਨ ਹੈ।