ਤਰਸੇਮ ਦੀਵਾਨਾ , ਹੁਸ਼ਿਆਰਪੁਰ 18 ਦਸੰਬਰ 2020
ਦੇਸ਼ ਦੀ ਰਾਜਧਾਨੀ ਦਿੱਲੀ ਦੀਆ ਸਰਹੱਦਾ ‘ਤੇ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨਾ ਖਿਲਾਫ ਚੱਲ ਰਿਹਾ ਕਿਸਾਨੀ ਸਘੰਰਸ਼ ਹੁਣ ਕੌਮਾਂਤਰੀ ਪੱਧਰ ਦੀ ਲੋਕ ਲਹਿਰ ਬਣ ਕੇ ਉਭਰਿਆ ਹੈ। ਇਸ ਮੁੱਦੇ ਤੇ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਨੇ ਦੇਸ਼ ਦੀ ਕਿਸਾਨੀ ਦੀ ਅਗਵਾਈ ਕਰਕੇ ਪੰਜਾਬ ਦੀ ਬਹਾਦਰ ਤੇ ਕ੍ਰਾਂਤੀਕਾਰੀ ਵਿਰਾਸਤ ਨੂੰ ਸਾਰੀ ਦੁਨੀਆ ਦੇ ਸਾਹਮਣੇ ਲਿਆਉਣ ਦਾ ਮਾਣ ਹਾਸਿਲ ਕੀਤਾ ਹੈ। ’ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਜਗਰਾਜ ਸਿੰਘ ਰੰਧਾਵਾ ਬੀਹਲਾ (ਯੂ ਐਸ ਏ) ਨੇ ਦਿੱਲੀ ਦੇ ਸਿੰਘੂ ਤੇ ਕੁੰਡਲੀ ਬਾਰਡਰਾ ‘ਤੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਸਘੰਰਸ਼ ‘ਚ ਕਿਸਾਨਾ ਦੇ ਹੱਕ ‘ਚ ਫੋਨ ਤੇ ਗੱਲਬਾਤ ਦੌਰਾਨ ਇਸ ਪ੍ਰਤੀਨਿਧ ਨਾਲ ਕੀਤਾ। ਉਹਨਾ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾ ਨੂੰ ਭਰੋਸੇ ‘ਚ ਲਿਆਂ ਬਿਨਾਂ ਹੀ ਦੇਸ਼ ਭਰ ਦੇ ਕਿਸਾਨਾਂ ਉੱਤੇ ਆਪਣੇ ਬਣਾਏ ਬਿੱਲ ਥੋਪੇ ਹਨ ਤੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਕਰੋਨਾ ਮਹਾਮਾਰੀ ਦੇ ਸਮੇਂ ਦੌਰਾਨ ਲਾਗੂ ਕਰਨ ਲਈ ਕੀਤੀ ਗਈ ਕਾਹਲੀ ਅਤੇ ਕਾਨੂੰਨ ਪਾਸ ਕਰਨ ਲਈ ਅਪਣਾਇਆ ਤਰੀਕਾ ਮੋਦੀ ਸਰਕਾਰ ਦੀ ਖੋਟੀ ਨੀਅਤ ‘ਤੇ ਕਈਂ ਸੁਆਲ ਖੜੇ ਕਰਦਾ ਹੈ। ਉਹਨਾ ਕਿਹਾ ਕਿ ਦਿੱਲੀ ਦੇ ਕਿਸਾਨ ਮੋਰਚੇ ਦੌਰਾਨ ਹਰ ਵਰਗ ਦੇ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਸਮਰਥਨ ਤੇ ਠੰਢ ਦੇ ਮੌਸਮ ‘ਚ ਹਰ ਚੀਜ਼ ਦੇ ਪ੍ਰਬੰਧ ਲਈ ਦਿਖਾਈ ਗਈ ਫਿਰਾਕਦਿਲੀ ਨਾਲ ਸਘੰਰਸ਼ਸ਼ੀਲ ਕਿਸਾਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਤੇ ਸਘੰਰਸ਼ ਨੂੰ ਪੂਰੀ ਦੁਨੀਆ ‘ਚੋਂ ਮਿਲ ਰਿਹਾ ਸਮਰਥਨ ਸਰਮਾਏਦਾਰ ਪੱਖੀ ਮੋਦੀ ਸਰਕਾਰ ਨੂੰ ਖੇਤੀ ਬਿੱਲ ਵਾਪਿਸ ਕਰਨ ਲਈ ਮਜਬੂਰ ਕਰ ਦੇਵੇਗਾ। ਜਗਰਾਜ ਰੰਧਾਵਾ (ਯੂ ਐਸ ਏ ) ਨੇ ਕਿਹਾ ਕਿ ਪੰਜਾਬ ਦੇ ਕਿਸਾਨਾ ਦੀ ਅਗਵਾਈ ‘ਚ ਚੱਲ ਰਿਹਾ ਕਿਸਾਨ ਸਘੰਰਸ਼ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਹੰਦਾ ਹੋਇਆ ਕਨੇਡਾ, ਅਮਰੀਕਾ, ਯੂ ਕੇ ਤੇ ਆਸਟਰੇਲੀਆ ਵਰਗੇ ਖੁਸ਼ਹਾਲ ਦੇਸ਼ਾ ‘ਚ ਕਿਸਾਨਾ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਨ ਲੱਗਾ ਹੈ ਤੇ ਦੇਸ਼ ਦੀ ਕਿਸਾਨਂੀ ਦੀ ਬਿਹਤਰੀ ਲਈਂ ਆਰੰਭੇ ਸਘੰਰਸ਼ ‘ਚ ਪੰਜਾਬ ਜੇਤੂ ਹੋ ਕੇ ਨਿਕਲੇਗਾ। ਉਨ੍ਹਾਂ ਦਿੱਲੀ ਕਿਸਾਨੀ ਸਘੰਰਸ਼ ‘ਚ ਪੰਜਾਬ ਦੇ ਹਰ ਖੇਤਰ ‘ਚੋਂ ਆਪਣੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਨਾਲ ਨਾਲ ਨੌਜਵਾਨਾ ਨੂੰ ਕਿਸਾਨੀ ਮੋਰਚੇ ਦੌਰਾਨ ਜੋਸ਼ ਨਾਲ ਹੋਸ਼ ਤੋਂ ਕੰਮ ਲੈਦਿਆਂ ਸਘੰਰਸ਼ ਨੂੰ ਕਿਸੇ ਤਰ੍ਹਾਂ ਦੀ ਫਿਰਕੂ ਰੰਗਤ ਅਤੇ ਸ਼ਰਾਰਤੀ ਅਨਸਰਾਂ ਤੋਂ ਬਚਾਉਣ ਦੀ ਅਪੀਲ ਕੀਤੀ ।