ਕੋਵਿਡ-19 ਮਹਾਂਮਾਰੀ ਤੇ ਸੀਤ ਲਹਿਰ ਦੇ ਮੱਦੇਨਜ਼ਰ ਕੈਬਨਿਟ ਮੰਤਰੀ ਨੇ ਸੰਗਰੂਰ ‘ਚ 16 ਵੱਖ-ਵੱਖ ਥਾਂਵਾਂ ‘ਤੇ ਵੰਡਾਏ ਸਮਾਰਟਫੋਨ
ਸਮਾਰਟ ਮੋਬਾਇਲ ਫੋਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋਏ-ਵਿਜੈ ਇੰਦਰ ਸਿੰਗਲਾ
ਵਿਦਿਆਰਥੀ ਵਰਗ ਦੀ ਸੁਵਿਧਾ ਲਈ ਸਰਕਾਰੀ ਸਕੂਲਾਂ ਨੂੰ ਆਧੁਨਿਕ ਸੁਵਿਧਾਵਾਂ ਨਾਲ
ਜੋੜਨ ’ਚ ਕੋਈ ਕਸਰ ਨਹੀ ਰਹਿਣ ਦਿੱਤੀ ਜਾਵੇਗੀ-ਕੈਬਨਿਟ ਮੰਤਰੀ
ਦੂਜੇ ਪੜਾਅ ਤਹਿਤ ਸੂਬੇ ਦੇ 80 ਹਜ਼ਾਰ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਏ ਜਾਣਗੇ ਸਮਾਰਟ ਫੋਨ-ਸਿੰਗਲਾ
ਹਰਪ੍ਰੀਤ ਕੌਰ ਸੰਗਰੂਰ, 18 ਦਸੰਬਰ:2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੰਜਾਬ ਸਮਾਰਟ ਕੁਨੈਕਟ ਸਕੀਮ ਦੇ ਦੂਜੇ ਪੜਾਅ ਦੇ ਆਗਾਜ਼ ਨਾਲ ਅੱਜ ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਘਰਾਚੋਂ ਵਿਖੇ ਸਰਕਾਰੀ ਸਕੂਲਾਂ ਦੇ ਬਾਰਵੀਂ ਜਮਾਤ ’ਚ ਪੜਦੇ 83 ਵਿਦਿਆਰਥੀਆਂ ਨੂੰ ਆਪਣੇ ਹੱਥੀ ਮੁਫ਼ਤ ਸਮਾਰਟ ਫੋਨਾਂ ਦੀ ਵੰਡ ਕੀਤੀ। ਇਸ ਤੋਂ ਇਲਾਵਾ ਕੋਵਿਡ-19 ਮਹਾਂਮਾਰੀ ਤੇ ਸੀਤ ਲਹਿਰ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਕੈਬਨਿਟ ਮੰਤਰੀ ਸ੍ਰੀ ਸਿੰਗਲਾ ਨੇ ਸੰਗਰੂਰ ‘ਚ 16 ਵੱਖ-ਵੱਖ ਥਾਂਵਾਂ ‘ਤੇ ਸਮਾਰਟਫੋਨ ਵੰਡਵਾਏ। ਇਸ ਮੌਕੇ ਬੋਲਦਿਆਂ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਹ ਸਮਾਰਟਫੋਨ ਵਿਦਿਆਰਥੀਆਂ ਦੇ ਜੀਵਨ ਵਿੱਚ ਵੱਡੀ ਤਬਦੀਲੀ ਲਿਆਉਂਦਿਆਂ ਆਨਲਾਈਨ ਸਿੱਖਿਆ ਹਾਸਲ ਕਰਨ ਵਿੱਚ ਵਰਦਾਨ ਸਾਬਤ ਹੋਣਗੇ।
ਸ੍ਰੀ ਸਿੰਗਲਾ ਨੇ ਕਿਹਾ ਕਿ ਇਹ ਸਮਾਰਟ ਫੋਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ ਮੌਜੂਦਾ ਕੋਰੋਨਾ ਵਾਇਰਸ ਦੇ ਸੰਕਟ ਸਮੇਂ ਆਨਲਾਈਨ ਸਿੱਖਿਆ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨਾਂ ਦੱਸਿਆ ਕਿ ਸਰਕਾਰ ਵਲੋਂ ਮੁਹੱਈਆ ਕਰਵਾਏ ਜਾ ਰਹੇ ਫੋਨਾਂ ਵਿੱਚ ਲਗਭਗ ਹਰ ਤਰਾਂ ਦੀ ਲੋੜੀਂਦੀ ਵਿਸ਼ੇਸ਼ਤਾ ਮੌਜੂਦ ਹੈ, ਜਿਹੜੀ ਕਿ ਉਨਾਂ ਲਈ ਮਦਦਗਾਰ ਰਹੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ ਸਾਰੇ ਚੋਣ ਵਾਅਦੇ ਮੁਕੰਮਲ ਕੀਤੇ ਜਾਣਗੇ। ਉਨਾਂ ਕਿਹਾ ਕਿ ਬਾਹਰਵੀਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਉਣ ਉਪਰੰਤ ਸਰਕਾਰੀ ਸਕੂਲਾਂ ਦੇ ਗਿਆਰਵੀਂ ਜਮਾਤ ਵਿਦਿਆਰਥੀਆਂ ਨੂੰ ਵੀ ਸਮਾਰਟ ਫੋਨ ਦਿੱਤੇ ਜਾਣਗੇ। ਉਨਾਂ ਕਿਹਾ ਕਿ ਭਵਿੱਖ ਅੰਦਰ ਵਿਦਿਆਰਥੀ ਵਰਗ ਦੀ ਸੁਵਿਧਾ ਲਈ ਸਰਕਾਰੀ ਸਕੂਲਾਂ ਨੂੰ ਆਧੁਨਿਕ ਸੁਵਿਧਾਵਾਂ ਨਾਲ ਜੋੜਨ ’ਚ ਕੋਈ ਕਸਰ ਨਹੀ ਰਹਿਣ ਦਿੱਤੀ ਜਾਵੇਗੀ।ਕੈਬਨਿਟ ਮੰਤਰੀ ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਤਕਰੀਬਨ 92 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਸਕੂਲਾਂ ਵਿੱਚ ਪੜਦੇ ਬਾਰਵੀਂ ਕਲਾਸ ਦੇ 1 ਲੱਖ 74 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਏ ਜਾਣੇ ਹਨ ਅਤੇ ਪਹਿਲੇ ਪੜਾਅ ’ਚ ਸੂਬੇ ਦੇ 50 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੂੰ ਮੁਫ਼ਤ ਸਮਾਰਟ ਮੋਬਾਇਲ ਫੋਨਾਂ ਦੀ ਵੰਡ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਤਕਰੀਬਨ 80 ਹਜ਼ਾਰ ਤੋਂ ਵਧੇਰੇ 12ਵੀਂ ਦੇ ਵਿਦਿਆਰਥੀਆਂ ਨੂੰ ਦੂਜੇ ਪੜਾਅ ਤਹਿਤ ਮੋਬਾਇਲ ਫੋਨ ਦਿੱਤੇ ਜਾਣਗੇ।
ਉਨਾਂ ਕਿਹਾ ਕਿ ਇਨਾਂ ਵਿਦਿਆਰਥੀਆਂ ’ਚ 1 ਲੱਖ 11 ਹਜ਼ਾਰ 857 ਪੇਂਡੂ ਇਲਾਕਿਆਂ ਨਾਲ ਸਬੰਧਤ ਹਨ ਜਦਕਿ 62 ਹਜ਼ਾਰ 158 ਸ਼ਹਿਰੀ ਇਲਾਕਿਆਂ ਨਾਲ ਸਬੰਧਤ ਹਨ। ਉਨਾਂ ਦੱਸਿਆ ਕਿ ਕੁੱਲ ਵਿਦਿਆਰਥੀਆਂ ’ਚੋਂ 94,832 ਐਸ.ਸੀ. ਕੈਟੇਗਰੀ, 36,555 ਪੱਛੜੀਆਂ ਸ਼੍ਰੇਣੀਆਂ ਅਤੇ 42,615 ਜਨਰਲ ਕੈਟੇਗਿਰੀਆਂ ਨਾਲ ਸਬੰਧਤ ਵਿਦਿਆਰਥੀ ਹਨ। ਉਨਾਂ ਦੱਸਿਆ ਕਿ ਇਸੇ ਤਰਾਂ ਸੰਗਰੂਰ ਜ਼ਿਲੇ ’ਚ 11,179 ਵਿਦਿਆਰਥੀਆਂ ਨੂੰ ‘ਪੰਜਾਬ ਸਮਾਰਟ ਕੁਨੈਕਟ’ ਸਕੀਮ ਤਹਿਤ ਮੁਫ਼ਤ ਮੋਬਾਇਲ ਫ਼ੋਨ ਮਿਲਣੇ ਹਨ ਜਿਨਾਂ ’ਚੋਂ 5,521 ਲੜਕੀਆਂ ਤੇ 5,658 ਲੜਕੇ ਹਨ।
ਸ੍ਰੀ ਸਿੰਗਲਾ ਨੇ ਕਿਹਾ ਕਿ ਸੰਗਰੂਰ ਦੇ 3051 ਵਿਦਿਆਰਥੀਆਂ ਨੂੰ ਪਹਿਲੇ ਪੜਾਅ ਤਹਿਤ ਸਮਾਰਟ ਮੋਬਾਇਲ ਫੋਨ ਮੁਹੱਈਆ ਕਰਵਾਏ ਗਏ ਹਨ, ਜਦਕਿ ਅੱਜ ਦੂਜੇ ਪੜਾਅ ਤਹਿਤ 5240 ਵਿਦਿਆਰਥੀਆਂ ਨੂੰ ਮੋਬਾਇਲ ਫੋਨ ਮੁਹੱਈਆ ਕਰਵਾਏ ਜਾਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ, ਐਸ.ਡੀ.ਐਮ. ਡਾ. ਕਰਮਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਫੋਨ ਦੀਆਂ ਵਿਸ਼ੇਸ਼ਤਾਵਾਂ
ਮੈਸ: ਲਾਵਾ ਕੰਪਨੀ ਵਲੋਂ ਮੁਹੱਈਆ ਕਰਵਾਏ ਜਾ ਰਹੇ ਜ਼ੈਡ 61-2 ਜੀ.ਬੀ. ਮਾਡਲ ਵਾਲੇ ਇਸ ਸਮਾਰਟ ਫੋਨ ਦੀ ਰੈਮ 2 ਜੀ.ਬੀ., ਪ੍ਰੋਸੈਸਰ 1.5 ਜੀ.ਐਚ.ਜ਼ੈਡ ਅਤੇ ਸਕਰੀਨ ਡਿਸਪਲੇਅ 5.45 ਇੰਚ ਹੈ। ਫੋਨ ਦੀ ਰੈਜ਼ੋਲੇਸ਼ਨ 1280 ¿ 720, ਬੈਟਰੀ 3000 ਐਮ.ਏ.ਐਚ., 8 ਮੈਗਾ ਪਿਕਸਲ ਬੈਕਸਾਈਡ ਅਤੇ 5 ਮੈਗਾ ਪਿਕਸਲ ਫਰੰਟ ਕੈਮਰਾ ਹੈ। ਇਹ ਸਮਾਰਟ ਫੋਨ ਵਾਈਫਾਈ, ਬਲੂਟੂਥ , ਜੀ.ਪੀ.ਐਸ., ਹੈਡਫੋਨ ਜੈਕ ਦੀ ਸਹੂਲਤ ਸਮੇਤ ਹਰ ਤਰਾਂ ਦੇ ਨੈਟਵਰਕ 2 ਜੀ, 3 ਜੀ, 4 ਜੀ/ ਐਲ.ਟੀ.ਈ., ਵੋ.ਐਲ.ਟੀ.ਈ. ’ਤੇ ਚੱਲਣ ਵਾਲਾ ਹੈ। ਇਸ ਦੀ ਸਮਰਥਾ 16 ਜੀ.ਬੀ. ਦੀ ਹੈ ਜੋ ਕਿ 128 ਜੀ.ਬੀ. ਤੱਕ ਜਾ ਸਕਦੀ ਹੈ।