ਰੇਲਾਂ ਚੱਲਣ ਨਾਲ ਹਰ ਵਰਗ ਵਿਚ ਖੁਸ਼ੀ ਦੇਖੀ ਜਾ ਰਹੀ ਹੈ- ਆੜਤੀਆ ਐਸੋਸਿਏਸ਼ਨ
ਬਿੱਟੂ ਜਲਾਲਬਾਦੀ , ਫਿਰੋਜ਼ਪੁਰ 28 ਨਵੰਬਰ 2020
ਪੰਜਾਬ ਵਿੱਚ ਰੇਲਾਂ ਦੇ ਮੁੜ੍ਹ ਚੱਲਣ ਦਾ ਜਿੱਥੇ ਵੱਖ ਵੱਖ ਵਰਗਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਉਥੇ ਹੀ ਪੰਜਾਬ ਦੇ ਆੜਤੀਆ ਭਾਈਚਾਰੇ ਨੇ ਵੀ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਆੜਤੀਆ ਭਾਈਚਾਰੇ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ ਦੀ ਰੁਕੀ ਹੋਈ ਆਰਥਿਕਤਾ ਮੁੜ੍ਹ ਲੀਹ ਉਤੇ ਆਵੇਗੀ।
ਇਸ ਸਬੰਧੀ ਗੱਲਬਾਤ ਕਰਦਿਆਂ ਆੜਤੀਆ ਐਸੋਸੀਏਸ਼ਨ ਫਿਰੋਜ਼ਪੁਰ ਦੇ ਜਨਰਲ ਸਕੱਤਰ ਸ੍ਰ: ਸੁਖਦੇਵ ਸਿੰਘ ਵਿਰਕ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਰੇਲਾਂ ਦੇ ਬੰਦ ਹੋਣ ਕਾਰਨ ਕਈ ਕੰਮ ਰੁਕ ਗਏ ਸੀ ਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ਤੇ ਕਿਸਾਨਾਂ ਵੱਲੋਂ ਗੱਡੀਆਂ ਚੱਲਣ ਦੀ ਸਹਿਮਤੀ ਤੋਂ ਬਾਅਦ ਮੁੱੜ ਕੰਮ ਚੱਲ ਪਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੇਲਾਂ ਦੀ ਆਵਾਜਾਈ ਰੁਕਣ ਨਾਲ ਸੂਬੇ ਦੀ ਆਰਥਿਕਤਾ ਵੀ ਰੁਕ ਗਈ ਸੀ ਅਤੇ ਖੇਤੀਬਾੜੀ ਉਤੇ ਵੀ ਮਾੜਾ ਅਸਰ ਪੈਣ ਲੱਗਾ ਸੀ।
ਉਨ੍ਹਾਂ ਕਿਹਾ ਕਿ ਮਾਲ ਗੱਡੀਆਂ ਦੀ ਆਵਾਜਾਈ ਰੁਕਣ ਨਾਲ ਸੂਬੇ ਵਿੱਚ ਝੋਨੇ ਦੀ ਖਰੀਦ ਅਤੇ ਨਵੀਂ ਫਸਲ ਨੂੰ ਭੰਡਾਰ ਕਰਨ ਵਿੱਚ ਵੱਡਾ ਸੰਕਟ ਪੈਦਾ ਹੋਣ ਦਾ ਖਦਸ਼ਾ ਬਣ ਗਿਆ ਸੀ। ਇਸ ਨਾਲ ਸੂਬੇ ਦੀ ਆਰਥਿਕਤਾ ਅਤੇ ਕਿਸਾਨੀ ਨੂੰ ਵੱਡੀ ਸੱਟ ਵੱਜ ਸਕਦੀ ਸੀ। ਮਾਲ ਗੱਡੀਆਂ ਨਾ ਚੱਲਣ ਕਾਰਨ ਜਿੱਥੇ ਬਾਰਦਾਨਾ ਨਹੀਂ ਪਹੁੰਚ ਰਿਹਾ ਸੀ ਉਥੇ ਹੀ ਸ਼ੈੱਲਰਾਂ ਵਿੱਚੋਂ ਕਣਕ ਦੀ ਚੁਕਾਈ ਦਾ ਕੰਮ ਲਗਭਗ ਰੁਕ ਹੀ ਗਿਆ ਸੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬਾਰਦਾਨਾ ਬਾਹਰ ਤੋਂ ਆਉਂਦਾ ਹੈ, ਜੋ ਰੇਲਾਂ ਦੀ ਆਵਾਜਾਈ ਰੁਕਣ ਕਰਕੇ ਨਹੀਂ ਆ ਰਿਹਾ ਸੀ। ਸਪੈਸ਼ਲ ਨਾ ਲੱਗਣ ਕਾਰਨ ਸ਼ੈੱਲਰਾਂ ਵਿੱਚ ਪੁਰਾਣੀ ਕਣਕ ਦੇ ਅੰਬਾਰ ਲੱਗੇ ਪਏ ਸਨ। ਜੇਕਰ ਰੇਲਾਂ ਨਾ ਰੁਕਦੀਆਂ ਤਾਂ ਇਹ ਸ਼ੈੱਲਰ ਹੁਣ ਤੱਕ ਖਾਲੀ ਹੋ ਜਾਣੇ ਸੀ । ਪਰ ਇਸ ਵਾਰ ਇਹ ਹਾਲੇ ਤੱਕ ਨਹੀਂ ਹੋ ਸਕਿਆ ਹੈ।ਉਨ੍ਹਾਂ ਕਿਹਾ ਕਿ ਹੁਣ ਜਦ ਇਹ ਰੇਲਾਂ ਚਲ ਪਈਆਂ ਹਨ ਤਾਂ ਜਿੱਥੇ ਕਿਸਾਨਾਂ ਨੂੰ ਫਸਲਾਂ ਲਈ ਯੂਰੀਆ ਅਤੇ ਹੋਰ ਖਾਦਾਂ ਮਿਲਣ ਲਗਣਗੀਆਂ ਉੱਥੇ ਹੀ ਮਜਦੂਰਾਂ ਨੂੰ ਵੀ ਨਿੱਤ ਦਿਨ ਦਾ ਰੋਜ਼ਗਾਰ ਮਿਲਣ ਲੱਗੇਗਾ ਅਤੇ ਬਾਕੀ ਦੇ ਸਾਰੇ ਕੰਮ ਵੀ ਮੁੜ ਚੱਲ ਪਏ ਹਨ।