ਵੋਟਰ ਸੂਚੀਆਂ ਦੇਖ-ਦੇਖ ਖੁਸ਼ ਹੋ ਰਹੇ ਅਖਾੜੇ ‘ਚ ਉੱਤਰ ਰਹੇ ਰਾਜਸੀ ਭਲਵਾਨ
ਵੋਟਰਾਂ ਦੇ ਚਿਹਰਿਆਂ ਤੇ ਆਈ ਰੋਣਕ, 5 ਵਰ੍ਹਿਆਂ ਬਾਅਦ ਫਿਰ ਹੋਉ, ਬੱਲੇ-ਬੱਲੇ
ਹਰਿੰਦਰ ਨਿੱਕਾ ਬਰਨਾਲਾ 28 ਨਵੰਬਰ 2020
ਪੰਜਾਬ ਸਰਕਾਰ ਵੱਲੋਂ 13 ਫਰਵਰੀ ਨੂੰ ਨਗਰ ਕੌਂਸਲ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕਰਨ ਤੋਂ ਬਾਅਦ ਚੋਣ ਅਖਾੜੇ ਵਿੱਚ ਨਿੱਤਰਣ ਲਈ ਕਾਹਲੇ ਉਮੀਦਵਾਰਾਂ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਲੱਗਭੱਗ ਸਾਰੇ ਹੀ ਸੰਭਾਵੀ ਉਮੀਦਵਾਰਾਂ ਨੇ ਚੋਣ ਜਿੱਤਣ ਲਈ ਲੋਕਾਂ ਨਾਲ ਰਾਬਤਾ ਵੀ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਤ ਇਹ ਹੈ ਕਿ ਹਰ ਕਿਸੇ ਉਮੀਦਵਾਰ ਨੂੰ ਵੋਟਰ ਸੂਚੀਆਂ ਦੇਖ ਕੇ ਆਪਣੀਆਂ ਪੱਕੀਆਂ ਵੋਟਾਂ ਨੂੰ ਨਿਸ਼ਾਨੀਆਂ ਲਾਉਣ ਤੋਂ ਬਾਅਦ ਆਪੋ-ਆਪਣੀ ਜਿੱਤ ਯਕੀਨੀ ਹੀ ਜਾਪਦੀ ਹੈ। ਵੋਟਰਾਂ ਦੇ ਚਿਹਰਿਆਂ ਤੇ ਵੀ ਰੋਣਕ ਆ ਗਈ ਹੈ, ਕਿਉਂਕਿ 5 ਵਰ੍ਹਿਆਂ ਬਾਅਦ ਇੱਕ ਵਾਰ ਫਿਰ ਵੋਟਰ ਭਗਵਾਨ ਦੀ ਹੋਉ, ਬੱਲੇ-ਬੱਲੇ। ਜਿਲ੍ਹੇ ਦੇ ਕੁੱਲ ਤਿੰਨ ਵਿਧਾਨ ਸਭਾ ਹਲਕਿਆਂ ‘ਚੋਂ 2 ਵਿਧਾਨ ਸਭਾ ਹਲਕਿਆਂ ਬਰਨਾਲਾ ਅਤੇ ਭਦੌੜ ਅੰਦਰ ਪੈਂਦੀਆਂ 2-2 ਨਗਰ ਕੌਂਸਲਾਂ ਵਿੱਚ ਚੋਣਾਂ ਹੋਣੀਆਂ ਹਨ। ਜਦੋਂ ਕਿ ਮਹਿਲ ਕਲਾਂ ਹਲਕੇ ਅੰਦਰ ਕੋਈ ਵੀ ਨਗਰ ਕੌਂਸਲ ਨਹੀਂ ਹੈ। ਇੱਨ੍ਹਾਂ 4 ਨਗਰ ਕੌਂਸਲਾਂ ਵਿੱਚ ਬਰਨਾਲਾ ਹਲਕੇ ਅੰਦਰ ਪੈਂਦੀ ਨਗਰ ਕੌਂਸਲ ਬਰਨਾਲਾ ਤੇ ਨਗਰ ਕੌਂਸਲ ਧਨੌਲਾ ਅਤੇ ਭਦੌੜ ਹਲਕੇ ਦੀ ਨਗਰ ਕੌਂਸਲ ਭਦੌੜ ਤੇ ਨਗਰ ਕੌਂਸਲ ਤਪਾ ਸ਼ਾਮਿਲ ਹੈ। ਬੇਸ਼ੱਕ ਚਾਰੋ ਨਗਰ ਕੌਂਸਲਾਂ ਦੀਆਂ ਚੋਣਾਂ ਦੀ ਆਪਣੀ-ਆਪਣੀ ਵੱਖਰੀ ਅਹਿਮੀਅਤ ਹੈ । ਪਰੰਤੂ ਜਿਲ੍ਹਾ ਹੈਡਕੁਆਟਰ ਤੇ ਪੈਂਦੀ ਨਗਰ ਕੌਂਸਲ ਬਰਨਾਲਾ ਦੀ ਚੋਣ ਵੱਲ ਲੋਕਾਂ ਦਾ ਧਿਆਨ ਕੁਝ ਜਿਆਦਾ ਹੀ ਖਿੱਚਿਆ ਹੋਇਆ ਹੈ। ਇਸ ਦਾ ਇੱਕ ਕਾਰਣ ਇਹ ਵੀ ਹੈ ਕਿ ਬਰਨਾਲਾ ਨਗਰ ਕੌਂਸਲ ਦੇ ਖੇਤਰ ਅੰਦਰ ਸੱਤਾਧਾਰੀ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਸਹਿਤ ਹੋਰਨਾਂ ਰਾਜਸੀ ਪਾਰਟੀਆਂ ਦੇ ਵੱਡੇ ਲੀਡਰਾਂ ਦਾ ਠਿਕਾਣਾ ਵੀ ਹੈ।
ਦਾਅ ਤੇ ਲੱਗੀ ਮੀਤ ਹੇਅਰ ਤੇ ਕੇਵਲ ਢਿੱਲੋਂ ਦੀ ਸ਼ਾਖ
ਆਪ ਦੇ ਹਲਕਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅਤੇ ਸਾਬਕਾ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਦੀ ਰਾਜਸੀ ਸ਼ਾਖ ਨਗਰ ਕੌਂਸਲ ਚੋਣਾਂ ਦੌਰਾਨ ਸ਼ਾਖ ਤੇ ਲੱਗੀ ਹੋਈ ਹੈ। ਲੰਘੀਆਂ 2 ਲੋਕ ਸਭਾ ਚੋਣਾਂ ਅਤੇ ਇੱਕ ਵਿਧਾਨ ਸਭਾ ਚੋਣ ਵਿੱਚ ਇਲਾਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਸੀ। ਇਸ ਲਈ ਇਸ ਵਾਰ ਵਿਧਾਇਕ ਮੀਤ ਹੇਅਰ ਦੇ ਸਿਰ ਕੌਂਸਲ ਚੋਣਾਂ ਅੰਦਰ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕਿ ਕੌਂਸਲ ਦੀ ਸੱਤਾ ਤੇ ਕਬਜਾ ਕਰਨ ਦੀ ਚੁਣੋਤੀ ਹੈ। ਇਸੇ ਤਰਾਂ ਸੱਤਾਧਾਰੀ ਧਿਰ ਦੇ ਆਗੂ ਕੇਵਲ ਸਿੰਘ ਢਿੱਲੋਂ ਦੇ ਮੋਢਿਆਂ ਤੇ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਮੁੱਛ ਦਾ ਸਵਾਲ ਬਣਿਆ ਹੋਇਆ ਹੈ। ਕਿਉਂਕਿ ਕੇਵਲ ਸਿੰਘ ਢਿੱਲੋਂ ਨੇ ਜਦੋਂ ਤੋਂ ਬਰਨਾਲਾ ਹਲਕੇ ਦੀ ਵਾਗਡੋਰ ਸੰਭਾਲੀ ਹੈ, ਉਦੋਂ ਤੋਂ ਉਹ ਕਦੇ ਵੀ ਕਾਂਗਰਸ ਪਾਰਟੀ ਨੂੰ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਸੱਤਾ ਤੇ ਕਾਬਿਜ ਕਰਵਾਉਣਾ ਤਾਂ ਦੂਰ, ਕਦੇ ਸਨਮਾਨਜਨਕ ਕੌਂਸਲਰ ਜਿਤਾਉਣ ਵਿੱਚ ਵੀ ਸਫਲ ਨਹੀਂ ਹੋ ਸਕੇ। ਜਦੋਂ ਕਿ 2 ਵਾਰ ਉਹ ਖੁਦ ਹਲਕਾ ਵਿਧਾਇਕ ਵੀ ਰਹਿ ਚੁੱਕੇ ਹਨ।
ਚੋਣਾਂ ਤੋਂ ਵੱਧ ਹੋਂਦ ਦੀ ਲੜਾਈ ‘ਚ ਉਲਝੇ ਅਕਾਲੀ ਆਗੂ
ਇੱਕ ਪਾਸੇ ਨਗਰ ਕੌਂਸਲ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ, ਦੂਜੇ ਪਾਸੇ ਇਲਾਕੇ ਦੀ ਅਗਵਾਈ ਕਰਨ ਦਾ ਦਾਵਾ ਕਰ ਰਹੇ, ਅਕਾਲੀ ਆਗੂ ਕੁਲਵੰਤ ਸਿੰਘ ਕੰਤਾ ਅਤੇ ਟਿਕਟ ਦੇ ਪ੍ਰਮੁੱਖ ਦਾਵੇਦਾਰ ਵਜੋਂ ਉਭਰ ਚੁੱਕੇ ਦਵਿੰਦਰ ਸਿੰਘ ਬੀਹਲਾ ਆਪਣੀ ਹੋਂਦ ਦੀ ਲੜਾਈ ਵਿੱਚ ਉਲਝੇ ਹੋਏ ਹਨ। ਦੋਵੇਂ ਹੀ ਅਕਾਲੀ ਆਗੂ ਇੱਕ ਦੂਜੇ ਨੂੰ ਲੀਡਰ ਮੰਨਣ ਨੂੰ ਹੀ ਤਿਆਰ ਨਹੀਂ। ਕੁਲਵੰਤ ਸਿੰਘ ਕੰਤਾ ਆਪਣੇ ਪਿਤਾ ਅਤੇ ਮਰਹੂਮ ਸਾਬਕਾ ਅਕਾਲੀ ਵਿਧਾਇਕ ਮਲਕੀਤ ਸਿੰਘ ਕੀਤੂ ਦਾ ਵਾਰਿਸ ਹੋਣ ਨਾਤੇ ਇਲਾਕੇ ਦੀ ਵਾਗਡੋਰ ਤੇ ਆਪਣਾ ਹੱਕ ਸਮਝ ਰਹੇ ਹਨ। ਜਦੋਂ ਕਿ ਦਵਿੰਦਰ ਸਿੰਘ ਬੀਹਲਾ ਨੂੰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਰੀਬੀ ਹੋਣ ਤੇ ਮਾਣ ਹੈ, ਕਿਉਂਕਿ ਖੁਦ ਬਾਦਲ ਹੀ ਉਨਾਂ ਨੂੰ ਦਲ ਵਿੱਚ ਸ਼ਾਮਿਲ ਕਰਵਾ ਕੇ ਗਏ ਸਨ। ਉਂਦੋਂ ਤੋਂ ਹੀ ਬੀਹਲਾ ਹਲਕੇ ਵਿੱਚ ਬਤੌਰ ਹਲਕਾ ਇੰਚਾਰਜ ਹੀ ਵਿਚਰ ਰਹੇ ਹਨ। ਪਰੰਤੂ ਇੱਨ੍ਹਾਂ ਦੋਵਾਂ ਆਗੂਆਂ ਦੇ ਇੱਕ ਸੁਰ ਨਾ ਹੋਣ ਕਾਰਣ ਸ਼ਹਿਰ ਦੇ ਅਕਾਲੀ ਆਗੂ ਤੇ ਵਰਕਰ ਦੋਵਾਂ ‘ਚੋਂ ਇੱਕ ਦੀ ਅਗਵਾਈ ਮੰਨਣ ਨੂੰ ਲੈ ਕੇ ਦੁਚਿੱਤੀ ਵਿੱਚ ਫਸੇ ਹੋਏ ਹਨ।