ਡਾ. ਬਖਸ਼ੀਸ਼ ਅਜ਼ਾਦ ਦੀ ਕਲਮ ਤੋਂ :-
ਆਮ ਲੋਕਾਂ ਵੱਲੋਂ ਹਕੂਮਤੀ ਜ਼ਬਰ ਵਿਰੁੱਧ ਰਾਜਿਆ ਨਾਲ ਟੱਕਰ ਲੈਣ ਦਾ ਇਤਿਹਾਸ ਬਹੁਤ ਪੜ੍ਹਿਆ ਸੀ, ਕਦੇ ਗੂਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ ਵਿੱਚ, ਕਦੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ, ਕਦੇ ਬੰਦਾ ਬਹਾਦਰ ਦੀ ਅਗਵਾਈ ਵਿੱਚ ਕਦੇ, ਦੁੱਲੇ ਭੱਟੀ ਦੀ ਅਗਵਾਈ ਵਿੱਚ…. ਜਦ ਵੀ ਉਹ ਇਤਿਹਾਸ ਪੜ੍ਹਦੇ ਸੀ ਤਾਂ ਮਨ ਵਿੱਚ ਇਕ ਵੱਖਰਾ ਜੋਸ਼, ਜਲਾਓ, ਤੇ ਰੌਚਕਤਾ ਹੁੰਦੀ ਸੀ ਕਲਪਨਾ ਕਰਦੇ ਸੀ ਕਿ ਉਹ ਟਾਈਮ ਕਿਦਾ ਦਾ ਹੋਵੇਗਾ ਜਦ ਆਮ ਜਿਹੇ ਲੋਕ ਲੱਖਾਂ ਦੀ ਫੌਜ ਵਾਲੇ ਰਾਜਿਆਂ ਦੀ ਹਕੂਮਤ ਨਾਲ ਲੋਹਾ ਲੈਂਦੇ ਸਨ.. ਸੋਚਦੇ ਸੀ ਕਿਵੇਂ ਉਹ ਯੋਜਨਾ ਬਣਾਉਂਦੇ ਹੋਣਗੇ ? ਕਿਵੇਂ ਓਹ ਕਾਫਲੇ ਬਣ ਕੇ ਨਗਾਰੇ ਵਜਾਉਂਦੇ, ਜੈਕਾਰੇ ਗਜਾਉਂਦੇ ਜਾਂਦੇ ਹੋਣਗੇ, ਕਿਵੇਂ ਦੀ ਹਿਮਤ ਹੋਵੇਗੀ, ਕਿਵੇਂ ਹਰ ਘੋੜਸਵਾਰ ਝੰਡਾ ਤੇ ਖੰਡਾ ਦੋਨੋਂ ਸੰਭਾਲਦਾ ਹੋਵੇਗਾ ? ਕਿਦਾਂ ਤੰਬੂ ਵੀ ਉਹ ਯੋਧੇ ਨਾਲ ਹੀ ਰੱਖਦੇ ਹੋਣਗੇ। ਜਦ ਟੁਕੜਿਆਂ ਵਿਚ ਵੰਡ ਘੋੜਿਆਂ ਦੇ ਕਾਫਲੇ ਜਾਂਦੇ ਹੋਣਗੇ ਤਾਂ ਕਿਹੋ ਜਿਹਾ ਸੀਨ ਹੋਵੇਗਾ ? …..
ਪਰ ਪਿਛਲੇ 2 ਮਹੀਨਿਆਂ ਤੋਂ ਅੱਜ 26–27 ਦੇ ਮੋਰਚੇ ਤੱਕ ਵਿਚ ਉਹ ਸਾਰਾ ਇਤਿਹਾਸ ਅਸਲੀ ਰੂਪ ਅੱਖਾਂ ਸਾਹਮਣਿਉਂ ਗੁਜਰਦਾ ਹੋਇਆ ਵੇਖਿਆ… ਅੱਜ 25 ਨਵੰਬਰ ਨੂੰ ਜਦ ਹਰ ਪਿੰਡ ਇਲਾਕੇ ਚੋਂ ਜੰਗ ਦੇ ਮੈਦਾਨ ਵਿੱਚ ਨਿੱਤਰਨ ਦੇ ਐਲਾਨ ਸੁਣੇ, ਜਦ ਸਾਰੇ ਪੰਜਾਬ ਦੇ ਰਾਹਾਂ ‘ਤੇ ਟਰਾਲੀਆਂ ਦੇ ਕਾਫਲੇ ਪੂਰੀ ਸਪੀਡ ‘ਤੇ ਦਿੱਲੀ ਵੱਲ ਕੂਚ ਕਰਦੇ ਦੇਖੇ…., ਉਸੇ ਤਰ੍ਹਾਂ ਦੇ ਜਕਾਰੇ, ਉਸੇ ਤਰ੍ਹਾਂ ਝੰਡੇ, ਉਸੇ ਤਰ੍ਹਾਂ ਹੀ ਟਰਾਲੀਆਂ ਦੇ ਬਣੇ ਤੰਬੂ, ਉਸੇ ਤਰ੍ਹਾਂ ਲੜ੍ਹ ਮਰਨ ਵਾਲਾ ਜੋਸ਼, ਉਸੇ ਤਰ੍ਹਾਂ ਜੰਗ ਲਈ ਲਟ ਲਟ ਮੱਚਦੀ ਜਵਾਨੀ, ਜਿੱਤ ਤੱਕ ਡਟ ਜਾਣ ਦੇ ਅਟੱਲ ਦ੍ਰਿੜ ਇਰਾਦੇ….. ਤੇ ਦੂਜੇ ਪਾਸੇ ਹਕੂਮਤੀ ਮੋਦੀ-ਸ਼ਾਹ- ਖੱਟਰ ਵਰਗੇ ਰਾਜਿਆਂ ਵਜ਼ੀਰਾਂ ਦੇ ਵੀ ਔਰੰਗੇ, ਬਾਬਰ, ਤੇ ਨਾਦਰਸ਼ਾਹ ਵਰਗੇ ਹੰਕਾਰ ਤੇ ਉਹਨਾਂ ਵਰਗੇ ਜੁਲਮੀ ਤੇਵਰ ਦੇਖ ਰਹੇ ਹਾਂ ਤਾਂ ਇਤਿਹਾਸ ਦੀ ਫਿਲਮ ਦੁਬਾਰਾ ਅੱਖਾਂ ਸਾਹਮਣੇ ਚਲਦੀ ਵੇਖੀ…. ਸੱਚੀਉਂ ਇੰਜ ਲੱਗ ਰਿਹਾ ਜਿਵੇਂ ਬੰਦਾ ਬਹਾਦਰ ਦੀ ਫੌਜ ਦੁਬਾਰਾ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਜਾ ਰਹੀ ਹੋਵੇ।… ਯਕੀਨਨ ਅੰਤਿਮ ਜਿੱਤ ਗੁਰੂ ਗੋਬਿੰਦ, ਬੱਬਰ, ਭਗਤ, ਸਰਾਭਾ ਦੇ ਪੈਰੋਕਾਰਾਂ ਦੀ ਤੇ ਗੱਤਕੇ ਦੀ ਖੇਡ ਦੀ ਵਿਰਾਸਤ ਦੀ ਹੈ। ਇਤਿਹਾਸ ਦੀਆਂ ਚਮਕਦੀਆਂ ਸਤਰਾਂ ਦੁਬਾਰਾ ਫਿਰ ਇਤਿਹਾਸ ਦੇ ਸੁਨਹਿਰੀ ਪੰਨਿਆਂ ‘ਤੇ ਉਤਰਨ ਦਾ ਇੰਤਜਾਰ ਕਰ ਰਹੀਆਂ ਹਨ।
ਡਾ. ਬਖਸ਼ੀਸ਼ ਅਜ਼ਾਦ
ਪ੍ਰਧਾਨ- ਨੌਜਵਾਨ ਜਾਗਰੂਕਤਾ ਮਿਸ਼ਨ (ਪੰਜਾਬ)