ਸਾਂਝੇ ਕਿਸਾਨੀ ਸੰਘਰਸ਼ ਦਾ 56 ਵਾਂ ਦਿਨ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖਿਲਾਫ ਫੈਲਿਆ ਰੋਹ
ਹਰਿੰਦਰ ਨਿੱਕਾ , ਬਰਨਾਲਾ 25 ਨਵੰਬਰ 2020
ਮੋਦੀ ਸਰਕਾਰ ਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਕੀਤੇ ਸਾਂਝੇ ਕਿਸਾਨ ਸੰਘਰਸ਼ ਦੇ 56 ਵੇਂ ਦਿਨ ਖਰਾਬ ਮੌਸਮ ਹੋਣ ਦੇ ਬਾਵਜੂਦ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਜੁਝਾਰੂ ਕਿਸਾਨ ਮਰਦ ਔਰਤਾਂ ਨੇ ਗੁੱਸੇ ਨਾਲ ਭਰੇ ਪੀਤੇ ਮੋਦੀ ਸਰਕਾਰ ਖਿਲਾਫ ਰੋਹ ਦਾ ਪ੍ਰਗਟਾਵਾ ਕੀਤਾ । ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗਆਂ ਮਨਜੀਤ ਧਨੇਰ, ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ, ਗੁਰਚਰਨ ਸਿੰਘ, ਕਰਨੈਲ ਸਿੰਘ ਗਾਂਧੀ, ਦਰਸ਼ਨ ਸਿੰਘ ਸਹਿਜੜਾ, ਅਮਰਜੀਤ ਕੌਰ, ਮਾ.ਨਿਰੰਜਣ ਸਿੰਘ, ਉਜਾਗਰ ਸਿੰਘ ਬੀਹਲਾ ਆਦਿ ਨੇ ਕਿਹਾ ਕਿ ‘‘ ਸਾਂਝਾ ਕਿਸਾਨ ਮੋਰਚਾ’’ ਦੀ ਅਗਵਾਈ ਹੇਠ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਦੇ ਮਸਲੇ ਸਬੰਧੀ ਜਾਰੀ ਕੀਤਾ 1 ਕਰੋੜ ਰੁ. ਦਾ ਜੁਰਮਾਨਾ ਅਤੇ ਪੰਜ ਸਾਲ ਦੀ ਸਜਾ ਵਾਲਾ ਆਰਡੀਨੈਂਸ ਰੱਦ ਕਰਾਉਣ ਲਈ ਲੰਬੇ ਦਾਅ ਵਾਲਾ ਵਿਸ਼ਾਲ ਸੰਘਰਸ਼ ਲੜਿਆ ਜਾ ਰਿਹਾ ਹੈ।
ਅੱਜ ਮੋਦੀ ਹਕੂਮਤ ਦੇ ਪੈਰ’ਚ ਪੈਰ ਧਰਦਿਆਂ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਰਾਤ ਭਰ ਹਰਿਆਣਾ ਦੇ ਕਿਸਾਨ ਆਗੂਆਂ ਨੇ ਛਾਪਮਾਰੀ ਕਰਕੇ ਵੱਡੀ ਗਿਣਤੀ ਵਿੱਚ ਗਿ੍ਰਫਤਾਰ ਖਿਲ਼ਾਫ ਕਿਸਾਨਾਂ ਦਾ ਕੜਕਵਾਂ ਗੁੱਸਾ ਸੜਕਾਂ ਉੱਪਰ ਨਿੱਕਲ ਤੁਰਿਆ। ਸਦਰ ਬਜਾਰ ਵਿੱਚੋਂ ਮਾਰਚ ਕਰਕੇ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਰਥੀ ਸਾੜ੍ਹੀ ਗਈ ਅਤੇ ਮੰਗ ਕੀਤੀ ਕਿ ਗਿ੍ਰਫਤਾਰ ਕੀਤੇ ਕਿਸਾਨ ਆਗੂ ਬਿਨ੍ਹਾਂ ਸਰਤ ਤੁਰੰਤ ਰਿਹਾਅ ਕੀਤੇ ਜਾਣ, ਛਾਪੇ ਮਾਰੀ ਬੰਦ ਕਰਕੇ ਪੰਜਾਬ-ਹਰਿਆਣਾ ਬਾਰਡਰ ਉੱਪਰ ਲਾਏ ਬੈਰੀਕੇਟ ਹਟਾਏ ਜਾਣ। ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹਕੂਮਤਾਂ ਦੇ ਜਾਬਰ ਕਦਮ ਕਦੇ ਵੀ ਸੰਘਰਸ਼ਸ਼ੀਲ ਕਾਫਲਿਆਂ ਨੂੰ ਅੱਗੇ ਵਧਣ ਤੋਂ ਰੋਕ ਨਹੀ ਸਕੇ , ਨਾਂ ਹੀ ਖੱਟਰ ਸਰਕਾਰ ਦੇ ਇਹ ਜਾਬਰ ਕਦਮ ਵੀ ਕਿਸਾਨਾਂ ਨੂੰ ਦਿੱਲੀ ਵੱਲ ਜਾਣ ਤੋਂ ਰੋਕ ਨਹੀ ਸਕਣਗੇ।
ਆਗੂਆਂ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ’ਚ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਉੱਪਰ ਜਬਰ ਢਾਹੁਣਾ ਬੰਦ ਕਰੇ ਕਿਉਂਕਿ ਮੁਲਕ ਭਰ ਦੇ ਕਿਸਾਨਾਂ ਦੀ ਲੜਾਈ ਦਿੱਲੀ ਦੇ ਤਖਤ ਨਾਲ ਹੈ। ਹਰਿਆਣਾ ਸਰਕਾਰ ਕਿਸਾਨੀ ਸੰਘਰਸ਼ ਦੀ ਫੇਟ ਵਿੱਚ ਨਾਂ ਆਵੇ। ਇਹ ਮੁਲਕ ਦੇ ਕਿਸਾਨਾਂ ਦੀ ਜਿੰਦਗੀ ਮੌਤ ਦੀ ਲੜਾਈ ਹੈ। ਆਗੂਆਂ ਕਿਸਾਨ ਕਾਫਲਿਆਂਨੂੰ ਸੁਚੇਤ ਕੀਤਾ ਕਿ ਸਰਕਾਰ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਸਰਕਾਰ ਕਿਸੇ ਵੀ ਕਿਸਮ ਦੀ ਕੋਈ ਸਾਜਿਸ਼ ਰਚ ਸਕਦੀ ਹੈ, ਅਫਵਾਹਾਂ ਫੈਲਾਈਆਂ ਜਾ ਸਕਦੀਆਂ ਹਨ, ਆਗੂਆਂ ਦੇ ਘਰਾਂ ਵਿੱਚ ਹਰਿਆਣਾ ਸਰਕਾਰ ਵਾਂਗ ਰੇਡਾਂ ਕਰਕੇ ਗਿ੍ਰਫਤਾਰ ਵੀ ਕੀਤਾ ਜਾ ਸਕਦਾ ਹੈ। ਪਰ ਕੁਰਬਾਨੀ ਦਾ ਜਜਬਾ ਲੈਕੇ ਤੁਰੇ ਕਾਫਲਿਆਂ ਨੂੰ ਹਕੂਮਤ ਦੇ ਕਿਸੇ ਵੀ ਜਬਰ ਤੋਂ ਨਾਂ ਘਬਰਾਉਂਦਿਆਂ ਸੰਘਰਸ਼ ਨੂੰ ਸਫਲ ਬਨਾਉਣ ਲਈ ਤਿਆਰੀਆਂ ਵਿੱਚ ਹੋ ਜੋਰਸ਼ੋਰ ਨਾਲ ਜੁਟੇ ਰਹਿਣ ਦੀ ਅਪੀਲ ਕੀਤੀ। ਅੱਜ ਰਾਤ ਘਰ ਬੈਠਣ ਦਾ ਸਮਾਂ ਨਹੀਂ ਸਗੋਂ ਖਰਾਬ ਮੌਸਮ ਦੇ ਬਾਵਜੂਦ ਵੀ ਘਰ-ਘਰ ਕਿਸਾਨ ਮਰਦ ਔਰਤਾਂ ਨੂੰ ਦਿੱਲੀ ਵੱਲ ਕੂਚ ਕਰਨ ਪੂਰਾ ਤਾਣ ਲਾ ਦੇਣਾ ਚਾਹੀਦਾ ਹੈ।
ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਐਸਾਰ ਪਟਰੋਲ ਪੰਪ ਬਰਨਾਲਾ ਅਤੇ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਹੇ ਧਰਨਿਆਂ/ਘਿਰਾਉਆਂ ਉੱਪਰ ਸੰਘਰਸ਼ਸ਼ੀਲ ਕਾਫਲਿਆਂ ਨੇ ਹੋਰ ਵੱਧ ਤਨਦੇਹੀ ਅਤੇ ਜੋਸ਼ ਭਰਪੂਰ ਅਕਾਸ਼ ਗੁੰਜਾਊ ਨਾਹਰੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਸਿਆਂਸੀ ਖੁਮਾਰੀ ਭੰਨਣ ਦਾ ਐਲਾਨ ਕੀਤਾ। ਵੱਖ ਵੱਖ ਥਾਵਾਂ ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਉੱਪਰ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਈਨਾ, ਅਮਰਜੀਤ ਸਿੰਘ ਮਹਿਲਖੁਰਦ, ਪਰਮਿੰਦਰ ਸਿੰਘ ਹੰਢਿਆਇਆ, ਹਰਚਰਨ ਸਿੰਘ ਚਹਿਲ, ਮੇਜਰ ਸਿੰਘ ਸੰਘੇੜਾ, ਸੁਖਵਿੰਦਰ ਕੌਰ, ਸਿੰਦਰਪਾਲ ਕੌਰ, ਮੁਖਤਿਆਰ ਸਿੰਘ , ਸ਼ਿੰਗਾਰਾ ਸਿੰਘ, ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀਆਂ ਦੀਆਂ ਆਗੂ ਟੀਮਾਂ ਪਿੰਡਾਂ ਅੰਦਰ ਅਤੇ 26-27 ਨਵੰਬਰ ਦਿੱਲੀ ਮਾਰਚ ਦੀ ਸਫਲਤਾ ਲਈ ਫੰਡ ਅਤੇ ਰਾਸ਼ਨ ਮੁਹਿੰਮ ਅਤੇ ਮੀਟਿੰਗਾਂ/ਮਾਰਚਾਂ ਕਰਕੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਠੰਡ, ਬੱਦਲਵਾਈ, ਦਿੱਲੀ ਜਾਣ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਵਿੱਚ ਰੁੱਝੇ ਕਿਸਾਨ ਆਗੂ ਕਾਫਲਿਆਂ ਦੇ ਬਾਵਜੂਦ ਵੀ ਸੈਂਕੜੇ ਕਿਸਾਨਾਂ ਦਾ ਲਗਾਤਾਰ ਚਲਦੇ ਸੰਘਰਸ਼ਾਂ ਵਿੱਚ ਪਹੁੰਚਕੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਰੋਹਲੀ ਗਰਜ ਬੁਲੰਦ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਇਸ ਸੰਘਰਸ਼ ਨੂੰ ਦੋ ਮਹੀਨੇ ਦੇ ਕਰੀਬ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਲੋਕ ਮਨਾਂ ਅੰਦਰ ਜੋਸ਼ ਅਤੇ ਜਜਬਾ ਬਰਕਰਾਰ ਹੈ।