ਤਫਜਲਪੁਰਾ ਦੀਆਂ ਝੁੱਗੀਆਂ ਵਿਚ ਰਹਿੰਦੇ ਗਰੀਬ ਬੱਚਿਆਂ ਦੀ ਮੱਦਦ ਕਰਕੇ ਮਨਾਈ ਵਿਆਹ ਦੀ ਵਰ੍ਹੇਗੰਢ
ਰਿਚਾ ਨਾਗਪਾਲ , ਪਟਿਆਲਾ 10 ਨਵੰਬਰ 2020
ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੋਸਾਇਟੀ ਪੰਜਾਬ ਵੱਲੋਂ ਸਮਾਜ ਸੇਵੀ ਸ: ਭਾਨ ਸਿੰਘ ਜੱਸੀ ਦੀ ਅਗਵਾਈ ਵਿੱਚ ਤਫੱਜਲਪੁਰਾ ਨੇਡ਼ੇ ਰੇਲਵੇ ਸਟੇਸ਼ਨ ਦੀਆਂ ਝੁੱਗੀਆਂ ਵਿਚ ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦੀ ਕਈ ਵਰ੍ਹਿਆਂ ਤੋਂ ਚਲਾਈ ਸੇਵਾ ਵਾਲੇ ਸਥਾਨ ਤੇ ਪਹੁੰਚ ਕੇ ਭਵਾਨੀਗਡ਼੍ਹ ਦੇ ਸਮਾਜ ਸੇਵੀ ਡਾ: ਰਾਮਪਾਲ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਸੁਖਵਿੰਦਰ ਕੌਰ ਨੇ ਇਨ੍ਹਾਂ ਬੱਚਿਆਂ ਨੂੰ ਜੁਰਾਬਾਂ ਅਤੇ ਬੂਟ ਭੇਟ ਕਰਕੇ ਸਨਮਾਨਤ ਕੀਤਾ। ਜਦੋਂ ਕਿ ਕੇਲੇ ਅਤੇ ਲੱਡੂ ਵੰਡਕੇ ਇਨ੍ਹਾਂ ਗ਼ਰੀਬ ਬੱਚਿਆਂ ਨਾਲ ਆਪਣੇ ਵਿਆਹ ਦੀ ਪੱਚੀਵੀਂ ਵਰ੍ਹੇਗੰਢ ਮਨਾਉਂਦਿਆਂ ਆਤਮਿਕ ਖੁਸ਼ੀਆਂ ਦੇ ਬੁੱਲੇ ਲੁੱਟੇ ।
ਡਾ: ਰਾਮਪਾਲ ਸਿੰਘ ਨੇ ਸੇਵਾ ਦੇ ਇਸ ਨਿਵੇਕਲੇ ਮਿਸ਼ਨ ਨੂੰ ਬਾਬੇ ਨਾਨਕ ਅਤੇ ਡਾ: ਅੰਬੇਡਕਰ ਦਾ ਅਮਲੀ ਰੂਪ ਵਿੱਚ ਚਲਦਾ ਮਿਸ਼ਨ ਮੰਨਦਿਆਂ ਐਲਾਨ ਕੀਤਾ ਕਿ ਉਹ ਆਪਣੇ ਦਸਵੰਧ ਵਿੱਚੋਂ ਪੱਕੇ ਤੌਰ ਤੇ ਹਰ ਮਹੀਨੇ ਇਸ ਸੇਵਾ ਵਿਚ ਯੋਗਦਾਨ ਪਾਇਆ ਕਰਨਗੇ । ਸੰਸਥਾ ਦੇ ਮੁੱਖ ਸੇਵਾਦਾਰ ਸ: ਭਾਨ ਸਿੰਘ ਜੱਸੀ ਦੀ ਅਗਵਾਈ ਵਿਚ ਡਾ: ਰਾਮਪਾਲ ਸਿੰਘ ਅਤੇ ਸ੍ਰੀਮਤੀ ਸੁਖਵਿੰਦਰ ਕੌਰ ਨੂੰ ਵਿਆਹ ਵਰ੍ਹੇਗੰਢ ਦੀ ਵਧਾਈ ਦਿੰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਅੰਤ ਵਿੱਚ ਭਾਨ ਸਿੰਘ ਜੱਸੀ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਝੁੱਗੀਆਂ ਅਤੇ ਸਲੱਮ ਖੇਤਰਾਂ ਵਿੱਚ ਰਹਿੰਦੇ ਗ਼ਰੀਬਾਂ ਦੇ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸੇਵਾ ਦੇ ਇਸ ਮਿਸ਼ਨ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਲ ਸਿੰਘ , ਸੁਖਵਿੰਦਰ ਸਿੰਘ , ਮੇਲਾ ਸਿੰਘ , ਮੈਡਮ ਬੇਬੀ ਸ਼ਰਮਾ , ਮਿਨਾਕਸ਼ੀ ਰਾਣੀ , ਦਵਿੰਦਰ ਕੌਰ ; ਨਿਸ਼ਾ ਰਾਣੀ , ਹਰਪਾਲ ਕੌਰ , ਸੁਖਵਿੰਦਰ ਕੋਰ , ਗੁਰਦੀਪ ਸਿੰਘ , ਪ੍ਰੇਮ ਸਿੰਘ , ਬਹਾਦਰ ਸਿੰਘ ,ਗੁਰਪ੍ਰੀਤ ਸਿੰਘ ਕਲੇਰ , ਮਨਦੀਪ ਸਿੰਘ , ਅਰਸ਼ਦੀਪ ਸਿੰਘ , ਬਿਕਰਮਜੀਤ ਸਿੰਘ , ਆਕਾਸ਼ਦੀਪ ਸਿੰਘ; ਜਸ਼ਨਪ੍ਰੀਤ ਸਿੰਘ ਆਦਿ ਸ਼ਖਸੀਅਤਾਂ ਹਾਜ਼ਰ ਸਨ