ਹੁਣ ਆਨ ਲਾਈਨ ਸ਼ਿਕਾਇਤ ਦਰਜ ਕਰਕੇ ਸਮਾਂ ਬੱਧ ਤਰੀਕੇ ਨਾਲ ਸੇਵਾਵਾਂ ਪਾਓ, ਡਿਪਟੀ ਕਮਿਸ਼ਨਰ
ਅਜੀਤ ਸਿੰਘ ਕਲਸੀ , ਬਰਨਾਲਾ, 2 ਨਵੰਬਰ 2020
ਸੂਬੇ ਦੇ ਲੋਕਾਂ ਨੂੰ ਨਿਰਵਿਘਨ ਢੰਗ ਨਾਲ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਨ-ਸਟਾਪ ਵੈੱਬ ਪੋਰਟਲ ਦੇ ਰੂਪ ਵਿੱਚ ਇੱਕ ਡਿਜੀਟਲ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀ ਜੀ ਆਰ ਐਸ) ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸਮਾਂਬੱਧ ਢੰਗ ਨਾਲ ਹੱਲ ਕੀਤਾ ਜਾ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦਿੱਤੀ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀ ਜੀ ਆਰ ਅਤੇ ਪੀ ਜੀ) ਵੱਲੋਂ ਵਿਕਸਤ ਕੀਤਾ ਗਿਆ ਇਹ ਪੋਰਟਲ ਵੱਖ-ਵੱਖ ਵਿਭਾਗਾਂ ਵਿੱਚ ਸੇਵਾਵਾਂ ਦੀ ਸਪੁਰਦਗੀ ਸਬੰਧੀ ਪ੍ਰਕਿਰਿਆਵਾਂ ਦੀ ਡਿਜੀਟਲਾਈਜੇਸ਼ਨ ਲਈ ਅਹਿਮ ਸਾਬਿਤ ਹੋਵੇਗਾ। ਉਨ੍ਹਾ ਕਿਹਾ ਕਿ ਪੋਰਟਲ ਦਾ ਉਦੇਸ਼ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰਦਿਆਂ ਨਾਗਰਿਕ ਕੇਂਦਰਿਤ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨਾ ਹੈ। ਨਾਗਰਿਕ ਹੁਣ ਆਪਣੀਆਂ ਸ਼ਿਕਾਇਤਾਂ ਸਬੰਧਤ ਸਰਕਾਰੀ ਵਿਭਾਗਾਂ ਕੋਲ connect.punjab.gov.in. ‘ਤੇ ਜਮਾਂ ਕਰਵਾ ਸਕਦੇ ਹਨ। ਸਾਰੇ ਵਿਭਾਗਾਂ ਨੂੰ ਇਸ ਨਾਲ ਜੋੜ ਦਿੱਤਾ ਗਿਆ ਹੈ ਅਤੇ ਅਧਿਕਾਰੀਆਂ ਨੂੰ ਚੰਡੀਗੜ ਅਤੇ ਜ਼ਿਲਾ ਪੱਧਰ ਦੇ ਮੁੱਖ ਦਫ਼ਤਰਾਂ ਵਿਖੇ ਸਿਖਲਾਈ ਦਿੱਤੀ ਗਈ ਹੈ। ਉਹ ਨਾਗਰਿਕਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਕਰਨ ਅਤੇ ਜਲਦੀ ਹੱਲ ਕਰਨ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਪੀ ਜੀ ਆਰ ਐਸ ਕੇਂਦਰੀ ਪੋਰਟਲ ਵਜੋਂ ਕੰਮ ਕਰੇਗੀ ਜਿੱਥੇ ਸਾਰੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਪੋਰਟਲ ‘ਤੇ ਖੁਦ ਜਾਂ ਈਮੇਲ, ਡਾਕ ਰਾਹੀਂ ਜਾਂ ਸੇਵਾ ਕੇਂਦਰਾਂ‘ ਤੇ ਵਿਅਕਤੀਗਤ ਤੌਰ ‘ਤੇ ਦਰਜ ਕਰਕੇ ਦਰਜ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਪੋਰਟਲ ਦੇ ਜ਼ਰੀਏ, ਨਾਗਰਿਕ ਆਪਣੀਆਂ ਸ਼ਿਕਾਇਤਾਂ ਦੀ ਸਥਿਤੀ ਬਾਰੇ ਆਨਲਾਈਨ ਜਾਣ ਸਕਣਗੇ ਅਤੇ ਉਨਾਂ ਨੂੰ ਪ੍ਰਕਿਰਿਆ ਦੇ ਹਰ ਪੜਾਅ ‘ਤੇ ਐਸ.ਐਮ.ਐਸ. ਦੁਆਰਾ ਸੂਚਿਤ ਕੀਤਾ ਜਾਵੇਗਾ।
ਸ਼ਿਕਾਇਤ ਦਾ ਹੱਲ ਹੋਣ ‘ਤੇ ਉਨਾਂ ਨੂੰ ਫੋਨ ਕਾਲ ਆਵੇਗੀ ਅਤੇ ਜੇ ਉਹ ਸੰਤੁਸ਼ਟ ਨਹੀਂ ਹਨ ਤਾਂ ਉਨਾਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਕੋਲ ਪਹੁੰਚਾਈ ਜਾਵੇਗੀ। ਨਾਗਰਿਕ ਆਪਣੀਆਂ ਸ਼ਿਕਾਇਤਾਂ ਸੇਵਾ ਕੇਂਦਰਾਂ, ਡੀ.ਸੀ. ਦਫਤਰਾਂ ਵਿਖੇ ਦੇ ਸਕਣਗੇ ਅਤੇ ਜਲਦ ਹੀ ਇੱਕ ਕਾਲ ਸੈਂਟਰ ਵੀ ਸਥਾਪਤ ਕੀਤਾ ਜਾਵੇਗਾ। ਨਾਗਰਿਕਾਂ ਲਈ ਪ੍ਰਣਾਲੀ ਦੀ ਵਰਤੋਂ ਕਰਨ ਨੂੰ ਸੁਖਾਲਾ ਬਣਾਉਣ ਲਈ ਸਰਕਾਰ ਭਵਿੱਖ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰੇਗੀ। ਸਰਕਾਰ ਦਾ ਵਿਚਾਰ ਪ੍ਰਣਾਲੀ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਦੀ ਵਰਤੋਂ ਜਨਤਕ ਸੇਵਾਵਾਂ ਦੀ ਸਪੁਰਦਗੀ ਦੀ ਮਜ਼ਬੂਤੀ ਅਤੇ ਸਰਕਾਰ ਵਿੱਚ ਜਨਤਾ ਦਾ ਵਿਸ਼ਵਾਸ ਵਧਾਉਣ ਲਈ ਨੀਤੀਆਂ ਤਿਆਰ ਕਰਨ ਵਾਸਤੇ ਵੱਡੇ ਪੱਧਰ ‘ਤੇ ਜਾਣਕਾਰੀ ਦੇ ਵਿਸ਼ਲੇਸ਼ਣ ਲਈ ਕਰਨਾ ਹੈ।