ਕਿਸਾਨੀ ਸੰਘਰਸ਼ ਦਾ 33 ਵਾਂ ਦਿਨ-ਬਰਨਾਲਾ ਜਿਲੇ ਅੰਦਰ 6 ਥਾਵਾਂ ਤੇ ਕੀਤਾ ਜਾਵੇਗਾ ਮੁਕੰਮਲ ਚੱਕਾ ਜਾਮ
ਹਰਿੰਦਰ ਨਿੱਕਾ , ਬਰਨਾਲਾ 02 ਨਵੰਬਰ 2020
30 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੀ ਕੜੀ ਵਜੋਂ 33 ਵੇਂ ਦਿਨ ਬਰਨਾਲਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਖਾਸ ਕਰ ਔਰਤਾਂ, ਮਰਦਾਂ ਤੇ ਨੌਜਵਾਨਾਂ ਦੇ ਅਕਾਸ਼ ਗੁੰਜਾਊ ਨਾਹਰਿਆਂ ਦੀ ਰੋਹਲੀ ਗਰਜ ਮੋਦੀ ਹਕੂਮਤ ਦੇ ਢਿੱਡੀਂ ਹੌਲ ਪਾਉਂਦੀ ਰਹੀ । ਸਾਂਝੇ ਕਿਸਾਨ ਸੰਘਰਸ਼ ਦੇ ਇੱਕ ਮਹੀਨੇ ਤੋਂ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕਾਫਲੇ ਵਧਦੇ ਜਾ ਰਹੇ ਹਨ। ਸ਼ਾਮਲ ਹੋ ਰਹੇ ਕਾਫਲਿਆਂ ਅੰਦਰ ਮੋਦੀ ਹਕੂਮਤ ਖਿਲਾਫ ਗੁੱਸੇ ਦੀ ਲਹਿਰ ਵੀ ਵਧਦੀ ਜਾ ਰਹੀ ਹੈ। ਖਾਸ ਕਰ ਸਾਂਝੇ ਕਿਸਾਨੀ ਸੰਘਰਸ਼ ਵਿੱਚ ਆਏ ਦਿਨ ਵਧ ਰਹੀ ਔਰਤਾਂ ਦੀ ਗਿਣਤੀ ਮੋਦੀ ਹਕੂਮਤ ਨੂੰ ਵਕਤ ਪਾ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਸਮੇਤ ਹੋਰਨਾਂ ਮਿਹਨਤੀ ਤਬਕਿਆਂ ਦੇ ਸਿਦਕ ਦੀ ਪਰਖ ਕਰ ਰਹੀ ਹੈ, ਪਰ ਪੰਜਾਬ ਦੀ ਅਣਖੀਲੀ ਮਿੱਟੀ ਦਾ ਕੁਰਬਾਨੀਆਂ ਭਰਿਆ ਇਤਿਹਾਸ ਮੋਦੀ ਹਕੂਮਤ ਨੂੰ ਜਰੂਰ ਪੜ ਲੈਣਾ ਚਾਹੀਦਾ ਹੈ।
ਇਹ ਸੰਘਰਸ਼ ਇਕੱਲੇ ਕਿਸਾਨਾਂ ਦਾ ਨਹੀਂ ਸਗੋਂ ਸਮੁੱਚੇ ਪੰਜਾਬੀਆਂ ਤੋਂ ਅੱਗੇ ਸਮੁੱਚੇ ਮੁਲਕ ਨਿਵਾਸੀਆਂ ਦਾ ਬਨਾਉਣ ਲਈ ਸਾਂਝੀ ਮੀਟਿੰਗ ਵਿੱਚ ਪੂਰੀ ਸੋਚ ਵਿਚਾਰ ਕਰਨ ਤੋਂ ਬਾਅਦ ਲਿਆ ਫੈਸਲਾ ਅਗਲੇਰਾ ਮਹੱਤਵਪੂਰਨ ਕਦਮ ਹੈ। ਕੇਂਦਰ ਸਰਕਾਰ ਕਿਸਾਨਾਂ ਸਮੇਤ ਸਮੁੱਚੇ ਛੋਟੇ ਕਾਰੋਬਾਰੀਆਂ ਨੂੰ ਉਜਾੜਨ ਦੀਆਂ ਤਰਾਂ-ਤਰਾਂ ਦੀਆਂ ਸਾਜਿਸ਼ਾਂ ਰਚ ਰਹੀ ਹੈ। ਸਮੁੱਚਾ ਕਾਰੋਬਾਰ ਚੰਦ ਕੁ ਉੱਚ ਅਮੀਰ ਘਰਾਣਿਆਂ ਅੰਬਾਨੀਆਂ, ਅਡਾਨੀਆਂ, ਮਿੱਤਲਾਂ, ਟਾਟਿਆਂ ਨੂੰ ਕੌਡੀਆਂ ਦੇ ਭਾਅ ਥਾਲੀ’ਚ ਪਰੋਸ ਕੇ ਸੌਂਪਣ ਲਈ ਮੋਦੀ ਹਕੂਮਤ ਇੱਕ ਤੋਂ ਬਾਅਦ ਇੱਕ ਲੋਕ ਵਿਰੋਧੀ ਫੈਸਲਾ ਕਰ ਰਹੀ ਹੈ। ਕਿਸਾਨ ਆਗੂਆਂ ਨੇ ਮੋਦੀ ਹਕੂਮਤ ਵੱਲੋਂ ਪਰਾਲੀ ਸਾੜਨ ਸਬੰਧੀ ਜਾਰੀ ਕੀਤਾ ਕਿਸਾਨ ਵਿਰੋਧੀ ਆਰਡੀਨੈਂਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਖੇਤੀਬਾੜੀ ਯੂਨੀਵਰਸਿਟੀ ਮਾਹਰਾਂ ਨੇ ਵੀ ਸੁਪਰੀਮ ਕੋਰਟ ਵਿੱਚ ਦਿੱਲੀ ਦੀ ਆਬੋ ਹਵਾ ਪੰਜਾਬ ਦੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਕਾਰਨ ਖਰਾਬ ਕਰਨ ਦਾ ਦੋਸ਼ ਰੱਦ ਕਰ ਦਿੱਤਾ ਹੈ ਕਿ ਪੰਜਾਬ ਅੰਦਰ ਪਰਾਲੀ ਸਾੜਨ ਕਾਰਨ ਪੈਦਾ ਹੁੰਦਾ ਧੂੰਆਂ ਦਿੱਲੀ ਦੀ ਆਬੋ ਹਵਾ ਖਰਾਬ ਕਰਨ ਲਈ ਜਿੰਮੇਵਾਰ ਨਹੀਂ ਹੈ। ਜਿਸ ਬਹਾਨੇ ਹੇਠ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਤੱਕ ਦੀ ਕੈਦ ਦਾ ਤੁਗਲਕੀ ਫੁਰਮਾਨ ਜਾਰੀ ਕੀਤਾ ਗਿਆ ਹੈ।
ਕਿਸਾਨ ਆਗੂਆਂ ਨੇ ਇਸ ਨੂੰ ਖੇਤੀ ਖੇਤਰ ਨੂੰ ਉਜਾੜਨ ਵੱਲ ਮੋਦੀ ਹਕੂਮਤ ਦਾ ਇੱਕ ਹੋਰ ਹੱਲਾ ਕਰਾਰ ਦਿੰਦਿਆਂ ਕਿਹਾ ਕਿ ਮੋਦੀ ਹਕੂਮਤ ਦੇ ਇਸ ਕਿਸਾਨ ਵਿਰੋਧੀ ਹੱਲੇ ਨੂੰ ਜਨਤਕ ਸੰਘਰਸ਼ ਦੇ ਨਾਲ ਪਛਾੜਿਆ ਜਾਵੇਗਾ। ਅੱਜ ਵੱਖ-ਵੱਖ ਬੁਲਾਰਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਬਲਵੰਤ ਸਿੰਘ ਉੱਪਲੀ, ਬੀਕੇਯੂ ਕਾਦੀਆਂ ਦੇ ਜਗਸੀਰ ਸਿੰਘ ਸੀਰਾ, ਕਰਨੈਲ ਸਿੰਘ ਗਾਂਧੀ, ਬੀਕੇਯੂ ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ,ਪੰਜਾਬ ਕਿਸਾਨ ਯੂਨੀਅਨ ਦੇ ਜੱਗਾ ਸਿੰਘ ਬਦਰਾ ਓਂਕਾਰ ਸਿੰਘ, ਕੁੱਲ ਹਿੰਦ ਕਿਸਾਨ ਸਭਾ(ਸਾਂਬਰ) ਦੇ ਉਜਾਗਰ ਸਿੰਘ ਬੀਹਲਾ, ਕੁੱਲ ਹਿੰਦ ਕਿਸਾਨ ਸਭਾ (ਪੁੰਨਾਵਾਲ) ਦੇ ਮਾ. ਨਿਰੰਜਣ ਸਿੰਘ, ਜਸਵੰਤ ਸਿੰਘ ਅਸਪਾਲਕਲਾਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਹਰਭਜਨ ਸਿੰਘ ਬੁੱਟਰ, ਲੰਗਰ ਕਮੇਟੀ ਦੇ ਬਾਬੂ ਸਿੰਘ ਖੁੱਡੀਕਲਾਂ, ਕੁਲਵਿੰਦਰ ਸਿੰਘ ਉੱਪਲੀ, ਪਰਮਜੀਤ ਕੌਰ, ਮਨਜੀਤ ਕੌਰ, ਗੁਰਬਖਸ਼ ਸਿੰਘ ਕੱਟੂ, ਮੇਲਾ ਸਿੰਘ ਕੱਟੂ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਅਗਲੇ ਮੁਲਕ ਪੱਧਰ ਦੀਆਂ 346 ਕਿਸਾਨ ਅਤੇ ਸਹਾਇਕ ਕਿੱਤਿਆਂ ਦੀਆਂ ਜਥੇਬੰਦੀਆਂ ਵੱਲੋਂ 5ਨਵੰਬਰ ਦੇ 12 ਵਜੇ ਤੋਂ 4 ਵਜੇ ਤੱਕ ਮੁਕੰਮਲ ਜਾਮ ਲਈ ਤਿਆਰੀਆਂ ਪੂਰੇ ਜੋਰਾਂ’ਤੇ ਚੱਲ ਰਹੀਆਂ ਹਨ। ਬਰਨਾਲਾ ਜਿਲੇ ਅੰਦਰ 6 ਥਾਵਾਂ ਮਹਿਲਕਲਾਂ, ਸੰਘੇੜਾ, ਧਨੌਲਾ, ਭਦੌੜ, ਪੱਖੋਕੈਂਚੀਆਂ ਅਤੇ ਹੰਢਿੳਾਇਆ ਵਿਖੇ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ। ਰਿੲਸ ਚੱਕਾ ਜਾਮ ਸਮੇਂ ਸਭਨਾਂ ਇਨਸਾਫਪਸੰਦ, ਸ਼ਹਿਰੀ, ਜਨਤਕ ਜਮਹੂਰੀ ਜਥੇਬੰਦੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਸਟੇਜ ਸਕੱਤਰ ਦੇ ਫਰਜ ਬੀਕੇਯੂ ਏਕਤਾ ਡਕੌਂਦਾ ਦੇ ਸਕੱਤਰ ਗੁਰਦੇਵ ਸਿੰਘ ਮਾਂਗੇਵਾਲ ਨੇ ਬਾਖੂਬੀ ਨਿਭਾਈ। ਟੌਲ ਪਲਾਜਾ ਮਹਿਲਕਲਾਂ, ਰਿਲਾਇੰਸ ਮਾਲ/ਪਟਰੋਲ ਪੰਪ, ਡੀਮਾਰਟ, ਐਸਾਰ ਪਟਰੋਲ ਪੰਪਾਂ ਅੱਗੇ ਚੱਲ ਰਹੇ ਧਰਨੇ ਉਸੇ ਤਰਾਂ ਜਾਰੀ ਰਹੇ। ਜਿਨਾਂ ਨੂੰ ਜਗਰਾਜ ਸਿੰਘ ਹਰਦਾਸਪੁਰਾ, ਜੱਗਾ ਸਿੰਘ ਛਾਪਾ, ਮਲਕੀਤ ਸਿੰਘ ਈਨਾ, ਭੋਲਾ ਸਿੰਘ ਛੰਨਾਂ, ਕਾਲਾ ਸਿੰਘ ਜੈਦ, ਕੁਲਵੰਤ ਸਿੰੰਘ ਮਾਨ, ਮੇਜਰ ਸਿੰਘ ਸੰਘੇੜਾ, ਰਜਿੰਦਰ ਭਦੌੜ, ਗੁਰਮੇਲ ਸ਼ਰਮਾ ਸ਼ਹਿਣਾ, ਗੁਰਮੇਲ ਭੁਟਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ।