ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਕੀਤੇ ਜਾ ਰਹੇ ਹਨ ਚਲਾਨ
ਰਘਵੀਰ ਹੈਪੀ , ਬਰਨਾਲਾ, 2 ਨਵੰਬਰ 2020
ਸਿਹਤ ਵਿਭਾਗ ਬਰਨਾਲਾ ਵੱਲੋਂ ਡਾ. ਸੁਖਜੀਵਨ ਕੱਕੜ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਵਿਸ਼ਵ ਤੰਬਾਕੂ ਰਹਿਤ ਦਿਵਸ ਸਬੰਧਤ ਮਿਤੀ 1 ਤੋਂ 7 ਨਵੰਬਰ ਤੱਕ ਵਿਸ਼ੇਸ਼ ਹਫ਼ਤਾ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ‘ਪੰਜਾਬ ਰਾਜ ਤੰਬਾਕੂ ਮੁਕਤ ਦਿਵਸ’ ਮੌਕੇ ‘‘ਤੰਬਾਕੂ ਮੁਕਤ ਕੰਮਕਾਜ ਵਾਲੀਆਂ ਥਾਂਵਾਂ’’ ਥੀਮ ਅਧੀਨ ਸਾਰੇ ਜ਼ਿਲ੍ਹੇ ਵਿੱਚ ਪਿੰਡ ਪੱਧਰ ਤੱਕ ਪੂਰਾ ਇੱਕ ਹਫ਼ਤਾ ਜਾਗਰੂਕ ਕੀਤਾ ਜਾਵੇਗਾ। ਇਸ ਜਾਗਰੂਕਤਾ ਅਧੀਨ ਪਬਲਿਕ ਥਾਂਵਾਂ ’ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ ਤੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਦੱਸਿਆ ਜਾ ਰਿਹਾ ਹੈ।
ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਭਾਰਤ ਵਿੱਚ ਲੱਗਭੱਗ 3500 ਲੋਕ ਹਰ ਰੋਜ਼ ਤੰਬਾਕੂ ਨਾਲਾ ਹੋਣ ਵਾਲੀਆਂ ਬਿਮਾਰੀਆਂ ਕਾਰਨ ਮਰਦੇ ਹਨ ਅਤੇ ਤੰਬਾਕੂ ਖਾਣ ਨਾਲ ਤਕਰੀਬਨ 90 ਪ੍ਰਤੀਸ਼ਤ ਮੂੰਹ ਦੇ ਕੈਂਸਰ ਹੁੰਦੇ ਹਨ, ਕੈਂਸਰ, ਦਿਲ ਦੇ ਰੋਗ ਅਤੇ ਫੇਫੜੇ ਆਦਿ ਦੀਆਂ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਤੰਬਾਕੂ ਦੀ ਵਰਤੋਂ ਹੀ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਤਨਦੇਹੀ ਤੇ ਜੁੰਮੇਵਾਰੀ ਨਾਲ ਤੰਬਾਕੂ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਸੂਬੇ ਵਿੱਚ ਤੰਬਾਕੂ/ਨਿਕੋਟੀਨ ਦੀ ਵਰਤੋਂ ਨੂੰ ਘਟਾਉੁਣਾ ਹੈ ਤਾਂ ਜੋ ਇਸ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਤੰਬਾਕੂ/ਨਿਕੋਟੀਨ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਕੈਂਸਰ, ਟੀ.ਬੀ.ਅਤੇ ਦਿਲ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾ ਸਕੇ।
ਇਸ ਮੌਕੇ ਗੁਰਮੇਲ ਸਿੰਘ ਹੈਲਥ ਇੰਸਪੈਕਟਰ ਦੀ ਅਗਵਾਈ ਵਾਲੀ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਅਤੇ ਬਲਾਕ ਪੱਧਰ ’ਤੇ ਵੀ ਸਿਹਤ ਵਿਭਾਗ ਦੀਆਂ ਟੀਮਾਂ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟ ਰਹੀਆਂ ਹਨ ਤਾਂ ਜੋ ਤੰਬਾਕੂਨੋਸ਼ੀ ਨੂੰ ਖਤਮ ਕੀਤਾ ਜਾ ਸਕੇ।