ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਕੀਤੀ ਜਾਵੇ ਪਾਲਣਾ
ਅਜੀਤ ਸਿੰਘ ਕਲਸੀ , ਬਰਨਾਲਾ, 2 ਨਵੰਬਰ 2020
ਤਿਉਹਾਰਾਂ ਦੇ ਸੀਜਨ ਨੂੰ ਮੁੱਖ ਰਖਦੇ ਹੋਏ ਸਿਹਤ ਮੰਤਰੀ ਸ. ਬਲਜੀਤ ਸਿੰਘ ਸਿੱਧੂ ਦੇ ਹੁਕਮਾਂ ਤੇ ਡਾ. ਸੁਖਜੀਵਨ ਕੱਕੜ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਬਰਨਾਲਾ ਸ਼ਹਿਰ ਦੇ ਵੱਖ-ਵੱਖ ਮਠਿਆਈ ਦੁਕਾਨਦਾਰਾਂ ਨਾਲ ਅਨਿੱਲ ਕੁਮਾਰ ਫੂਡ ਸੇਫ਼ਟੀ ਅਫ਼ਸਰ ਦੀ ਅਗਵਾਈ ਅਧੀਨ ਇੱਕ ਮੀਟਿੰਗ ਕੀਤੀ ਗਈ। ਫੂਡ ਸੇਫ਼ਟੀ ਅਫ਼ਸਰ ਦੁਆਰਾ ਹਾਜ਼ਰੀਨ ਦੁਕਾਨਦਾਰਾਂ ਨੂੰ ਦੱਸਿਆ ਗਿਆ ਕਿ ਕੋਰੋਨਾ ਮਹਾਂਮਾਰੀ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਨਾਲ-ਨਾਲ, ਤਿਉਹਾਰਾਂ ਦੇ ਮੱਦੇਨਜ਼ਰ ਮਠਿਆਈਆਂ ਦੀਆਂ ਦੁਕਾਨਾਂ ਤੇ ਸ਼ੁੱਧਤਾ, ਸਾਫ਼-ਸਫ਼ਾਈ ਅਤੇ ਵਸਤਾਂ ਦੀ ‘ਬੈਸਟ ਬਿਫ਼ੋਰ ਯੂਜ’ ਮਿਤੀ ਲਿਖਣ ਅਤੇ ਸੈਂਪਲ ਲੈਣ ਤੋਂ ਪਹਿਲਾਂ ਚੰਗੀਆਂ ਮਠਿਆਈਆਂ ਬਣਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਮੀਟਿੰਗ ਦੌਰਾਨ ਦੁਕਾਨਦਾਰਾਂ ਨੂੰ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਦੇ ਦਿਸ਼ਾ-ਨਿਰਦੇਸ਼ਾਂ ਦਾ ਖਾਸ ਤੌਰ ’ਤੇ ਧਿਆਨ ਰੱਖਿਆ ਜਾਵੇ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹਲਵਾਈ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਅਪੂਰਵ ਸੱਤਿਆਵਾਦੀ ਵੀ ਮੌਜੂਦ ਸਨ। ਉਨ੍ਹਾਂ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਸ਼ਹਿਰ ਦੇ ਸਾਰੇ ਹਲਵਾਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨਗੇ। ਉਨ੍ਹਾਂ ਦੱਸਿਆ ਕਿ ਸਾਰੇ ਹਲਵਾਈਆਂ ਵੱਲੋਂ ਐਫ.ਐਸ.ਐਸ.ਏ.ਆਈ. ਵੱਲੋਂ ਪਰਮਿਟਡ ਰੰਗਾਂ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਡਿਸਪਲੇਅ ਵਿੱਚ ਪਈਆਂ ਟ੍ਰੇਆਂ ਤੇ ‘‘ਬੈਸਟ ਬਿਫ਼ੋਰ ਯੂਜ’’ ਮਿਤੀ ਲਿਖੀ ਜਾ ਰਹੀ ਹੈ।