ਹੁਸ਼ਿਆਰਪੁਰ ਜਬਰ ਜਨਾਹ ਮਾਮਲੇ ਤੇ ਕਤਲ ਕੇਸ ‘ਚ ਚਲਾਨ ਇਸੇ ਹਫ਼ਤੇ ਪੇਸ਼ ਹੋਵੇਗਾ: ਕੈਪਟਨ ਅਮਰਿੰਦਰ ਸਿੰਘ

Advertisement
Spread information

‘ਕੌਣ ਕਹਿੰਦਾ ਹੈ ਨਵਜੋਤ ਸਿੰਘ ਸਿੱਧੂ ਦਰਕਿਨਾਰ ਹਨ ?”, ਮੁੱਖ ਮੰਤਰੀ ਨੇ ਕਿਹਾ

ਬੋਲੇੇ,  ਇਹ ਕੋਈ ਪਹਿਲੀ ਵਾਰ ਨਹੀਂ ਕਿ ਸਾਡੇ ਪਰਿਵਾਰ ਨੂੰ ਈ.ਡੀ. ਕੋਲੋਂ ਸੰਮਨ ਮਿਲੇ ਹਨ


ਰਿਚਾ ਨਾਗਪਾਲ  , ਪਟਿਆਲਾ, 25 ਅਕਤੂਬਰ:2020
                ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਸਪੱਸ਼ਟ ਤੌਰ ਕਿਹਾ ਕਿ ਹਾਥਰਸ ਮਾਮਲੇ ਵਿੱਚ ਉਤਰ ਪ੍ਰਦੇਸ਼ ਸਰਕਾਰ ਦੀ ਢਿੱਲੀ ਕਾਰਵਾਈ ਦੇ ਉਲਟ ਉਨ੍ਹਾਂ ਦੀ ਸਰਕਾਰ ਨੇ ਹੁਸ਼ਿਆਰਪੁਰ ਜਬਰ ਜਨਾਹ ਤੇ ਕਤਲ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਚਲਾਨ ਇਸੇ ਹਫ਼ਤੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਜਾਵੇਗਾ।
                   ਮੁੱਖ ਮੰਤਰੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਫੌਰੀ ਤੌਰ ਉਤੇ ਕਾਰਵਾਈ ਕਰਦੇ ਹੋਏ ਬਿਨਾ ਦੇਰੀ ਕੀਤਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਕਿ ਹਾਥਰਸ ਮਾਮਲੇ ਵਿੱਚ ਅਜਿਹਾ ਨਹੀਂ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਇਹੋ ਕਾਰਨ ਹੈ ਕਿ ਰਾਹੁਲ ਗਾਂਧੀ ਨੂੰ ਪੀੜਤ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਾਥਰਸ ਜਾਣਾ ਪਿਆ ਪਰੰਤੂ ਹੁਸ਼ਿਆਰਪੁਰ ਜਾਣ ਦੀ ਲੋੜ ਨਹੀਂ ਪਈ।
                 ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਚੋਣਵੇਂ ਤੌਰ ਉਤੇ ਗੁੱਸੇ ਦਾ ਇਜਹਾਰ ਕਰਨ ਸਬੰਧੀ ਕੀਤੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਜਾਂ ਪੁਲਿਸ ਹੁਸ਼ਿਆਰਪੁਰ ਮਾਮਲੇ ਵਿੱਚ ਤੇਜ਼ੀ ਨਾ ਵਿਖਾਉਂਦੀ ਤਾਂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਤੇ ਹੋਰਨਾਂ ਨੇ ਉਸੇ ਤਰ੍ਹਾਂ ਪ੍ਰਤਿਕਿਰਿਆ ਦੇਣੀ ਸੀ ਜਿਵੇਂ ਕਿ ਉਨ੍ਹਾਂ ਨੇ ਹਾਥਰਸ ਮਾਮਲੇ ਵਿੱਚ ਦਿੱਤੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਨਿਰਮਲਾ ਸੀਤਾਰਮਨ ਦੇ ਬਿਆਨ ਬਾਰੇ ਬੀਤੇ ਕੱਲ੍ਹ ਹੀ ਟਿੱਪਣੀ ਕਰ ਚੁੱਕੇ ਹਨ।
                 ਮੁੱਖ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਪੰਜਾਬ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਦਰਕਿਨਾਰ ਹਨ ਅਤੇ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ”ਕੌਣ ਕਹਿੰਦਾ ਹੈ ਕਿ ਨਵਜੋਤ ਸਿੱਧੂ ਦਰਕਿਨਾਰ ਹਨ?” ਇਨਫੋਰਸਮੈਂਟ ਵਿਭਾਗ (ਈ.ਡੀ.) ਵੱਲੋਂ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਸੰਮਨ ਭੇਜੇ ਜਾਣ ਬਾਰੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਏਜੰਸੀ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਸੰਮਨ ਭੇਜੇ ਗਏ ਹਨ।
              ਅਕਾਲੀਆਂ ਵੱਲੋਂ ਉਨ੍ਹਾਂ ਉਤੇ ਖੇਤੀਬਾੜੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਨਾਲ ਗੰਢਤੁਪ ਕਰਨ ਦੇ ਇਲਜ਼ਾਮਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕੌਣ ਕਿਸ ਦੇ ਨਾਲ ਮਿਲਿਆ ਹੋਇਆ ਹੈ। ਉਨ੍ਹਾਂ ਅੱਗੇ ਕਿਹਾ, ”ਇਹ ਅਕਾਲੀ ਹੀ ਹਨ ਜੋ ਕਿ ਭਾਜਪਾ ਨਾਲ ਰਲੇ ਹੋਏ ਹਨ ਜਿਨ੍ਹਾਂ ਨੇ ਦਬਾਅ ਹੇਠ ਐਨ.ਡੀ.ਏ. ਦਾ ਸਾਥ ਛੱਡਿਆ ਪਰ ਹਾਲੇ ਵੀ ਇਕੱਠੇ ਕੰਮ ਕਰ ਰਹੇ ਹਨ।”
             ਉਨ੍ਹਾਂ ਅੱਗੇ ਕਿਹਾ ਕਿ ਹਰਸਿਮਰਤ ਬਾਦਲ ਕਿਸਾਨ ਵਿਰੋਧੀ ਆਰਡੀਨੈਂਸ ਲਿਆਉਣ ਵਿੱਚ ਸ਼ਾਮਲ ਸੀ ਅਤੇ ਕੇਂਦਰ ਸਰਕਾਰ ਵੱਲੋਂ ਜਦੋਂ ਇਨ੍ਹਾਂ ਨੂੰ ਕੇਂਦਰੀ ਕੈਬਨਿਟ ਵਿੱਚ ਪਾਸ ਕੀਤਾ ਗਿਆ ਉਦੋਂ ਹਰਸਿਮਰਤ ਕੈਬਨਿਟ ਮੰਤਰੀ ਵਜੋਂ ਹਾਜ਼ਰ ਸੀ। ਉਨ੍ਹਾਂ ਹੋਰ ਦੱਸਿਆ, ”ਅਕਾਲੀਆਂ ਨੇ ਕੀ ਕੀਤਾ? ਮੇਰੀ ਸਰਕਾਰ ਨੇ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਨ ਲਈ ਵਿਧਾਨ ਸਭਾ ਵਿੱਚ ਮਤੇ/ਬਿੱਲ ਲਿਆਂਦੇ।”
            ਇਹ ਸਪੱਸ਼ਟ ਕਰਦੇ ਹੋਏ ਕਿ ਲੜਾਈ ਕੇਂਦਰ ਸਰਕਾਰ ਨਾਲ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਆਪਣੀ ਅਪੀਲ ਦੁਹਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀ ਥਾਂ ਦਿੱਲੀ ਵਿੱਚ ਧਰਨੇ ਲਾਉਣੇ ਚਾਹੀਦੇ ਹਨ ਕਿਉਂ ਜੋ ਪੰਜਾਬ ਵਿੱਚ ਧਰਨਿਆਂ ਕਾਰਨ ਆਰਥਿਕ ਗਤੀਵਿਧੀਆਂ ਨੂੰ ਢਾਹ ਲੱਗ ਰਹੀ ਹੈ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ਦੇ ਮੰਤਰੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਰਹੇ ਹਨ ਤਾਂ ਜੋ ਇਸ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਇਸ ਤੱਥ ਵੱਲ ਇਸ਼ਾਰਾ ਕੀਤਾ ਕਿ ਸੂਬੇ ਕੋਲ ਸਿਰਫ ਇਕ ਦਿਨ ਦਾ ਕੋਲੇ ਦਾ ਸਟਾਕ ਅਤੇ ਸਿਰਫ 10 ਫੀਸਦੀ ਯੂਰੀਆ ਬਚਿਆ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕੌਮੀ ਗਰਿੱਡ ਤੋਂ ਬਿਜਲੀ ਖਰੀਦਣ ਦਾ ਬਦਲ ਸੂਬੇ ਕੋਲ ਨਹੀਂ ਹੈ ਕਿਉਂਕਿ ਸੂਬੇ ਕੋਲ ਪੈਸਾ ਨਹੀਂ ਹੈ।
               ਹੋਰਨਾਂ ਸੂਬਿਆਂ ਵਿੱਚ ਖੇਤੀਬਾੜੀ ਕਾਨੂੰਨਾਂ ਸੰਬੰਧਾਂ ਬਾਰੇ ਮਤਿਆਂ ਦੀ ਸਥਿਤੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ 11 ਸੂਬਿਆਂ ਵਿੱਚ ਗੈਰ ਭਾਜਪਾ ਦੀਆਂ ਸਰਕਾਰਾਂ ਹਨ ਅਤੇ 4 ਸੂਬਿਆਂ ਵਿੱਚ ਕਾਂਗਰਸ ਸੱਤਾ ਵਿੱਚ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਕਾਂਗਰਸ ਸਰਕਾਰਾਂ ਵੱਲੋਂ ਕੇਂਦਰੀ ਕਾਨੂੰਨਾਂ ਖਿਲ਼ਾਫ ਅਜਿਹੇ ਹੀ ਮਤੇ ਲਿਆਂਦੇ ਜਾਣਗੇ ਅਤੇ ਉਮੀਦ ਹੈ ਕਿ ਬਾਕੀ ਗ਼ੈਰ ਭਾਜਪਾ ਵਾਲੇ ਸੂਬੇ ਜਿਵੇਂ ਕਿ ਪੱਛਮੀ ਬੰਗਾਲ ਆਦਿ ਵੱਲੋਂ ਅਜਿਹੀ ਹੀ ਕਾਰਵਾਈ ਕੀਤੀ ਜਾਵੇਗੀ।
ਬੀਤੇ ਵਰ੍ਹੇ ਦੁਸਹਿਰੇ ਮੌਕੇ ਹੋਏ ਰੇਲ ਹਾਦਸੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਤੁਰੰਤ ਹੀ ਮਾਲੀ ਸਹਾਇਤਾ ਮੁਹੱਈਆ ਕਰਵਾ ਦਿੱਤੀ ਸੀ ਪਰ ਹੁਣ ਇਹ ਮਾਮਲਾ ਰੇਲਵੇ ਕੋਲ ਹੈ ਜੋ ਕਿ ਬਾਕੀ ਦੀ ਸਹਾਇਤਾ ਇਸ ਹਾਦਸੇ ਦੇ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਹੁੰਚਾਉਣਗੇ।
               ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਤੀ ਸੰਕਟ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਗੈਰ ਤਰਤੀਬੀ ਤਰੀਕੇ ਨਾਲ ਵਾਧੂ ਭਰਤੀਆਂ ਕੀਤੀਆਂ ਸਨ। ਉਨ੍ਹਾਂ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਇਸ ਸਮੱਸਿਆ ਦਾ ਹੱਲ ਵੀ ਕੱਢ ਲਵੇਗੀ।
                  ਇਸ ਮੌਕੇ ਉਨ੍ਹਾਂ ਦੇ ਨਾਲ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ, ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ, ਸ੍ਰੀ ਸਾਧੂ ਸਿੰਘ ਧਰਮਸੋਤ, ਰਾਣਾ ਗੁਰਮੀਤ ਸਿੰਘ ਸੋਢੀ, ਸ੍ਰੀ ਵਿਜੈ ਇੰਦਰ ਸਿੰਗਲਾ, ਮੈਡਮ ਰਜ਼ੀਆ ਸੁਲਤਾਨਾ, ਐਮ.ਐਲ.ਏ. ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਨਿਰਮਲ ਸਿੰਘ, ਰਾਜਿੰਦਰ ਸਿੰਘ, ਪੀਆਰਟੀਸੀ ਚੇਅਰਮੈਨ ਕੇ.ਕੇ. ਸ਼ਰਮਾ, ਚੇਅਰਮੈਨ ਪ੍ਰਗਟ ਸਿੰਘ ਧੁੰਨਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਹਰਿੰਦਰਪਾਲ ਸਿੰਘ ਹੈਰੀਮਾਨ, ਚੇਅਰਮੈਨ ਸਚਿਨ ਸ਼ਰਮਾ, ਚੇਅਰਮੈਨ ਗੇਜਾ ਰਾਮ ਵਾਲਮੀਕੀ, ਚੇਅਰਮੈਨ ਸੰਤ ਬਾਂਗਾ ਤੇ ਸੰਤੋਖ ਸਿੰਘ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਦਿਹਾਤੀ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਮਹਿਲਾ ਕਾਂਗਰਸ ਪ੍ਰਧਾਨ ਕਿਰਨ ਢਿੱਲੋਂ, ਯੂਥ ਕਾਂਗਰਸ ਪ੍ਰਧਾਨ ਸੰਜੀਵ ਸ਼ਰਮਾ ਤੇ ਅਨੁਜ ਖੋਸਲਾ, ਸੋਨੂੰ ਸੰਗਰ, ਮੁੱਖ ਮੰਤਰੀ ਦੇ ਓਐਸਡੀ ਮੇਜਰ ਅਮਰਦੀਪ ਸਿੰਘ, ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਡਿਪਟੀ ਸਕੱਤਰ ਰਾਜੇਸ਼ ਕੁਮਾਰ, ਐਮ.ਪੀ. ਦੇ ਨਿਜੀ ਸਕੱਤਰ ਬਲਵਿੰਦਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।

Advertisement
Advertisement
Advertisement
Advertisement
Advertisement
error: Content is protected !!