ਖੇਤੀ ਦੇ ਨਾਲ ਕਰ ਰਿਹੈ ਸਬਜੀਆਂ ਦੀ ਕਾਸ਼ਤ ਅਤੇ ਦੁਧਾਰੂ ਪਸ਼ੂਆਂ ਦਾ
ਹਰਪ੍ਰੀਤ ਕੌਰ ਸੰਗਰੂਰ, 20 ਅਕਤੂਬਰ:2020
ਦਿਨੋ-ਦਿਨ ਵੱਧ ਰਹੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਵਾਸਤੇ ਜਿਥੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਵਾਹੁਣ ਲਈ ਪੰਜਾਬ ਸਰਕਾਰ ਵਲੋਂ ਵੱਡੀ ਪੱਧਰ ਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਸਬਸਿਡੀ ਤੇ ਖੇਤੀ ਮਸ਼ੀਨਰੀ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਸਾਡਾ ਵਾਤਾਵਰਣ ਪ੍ਰਦੂਸ਼ਣ ਮੁਕਤ ਹੋ ਸਕੇ। ਜਿਲ੍ਹੇ ਅਧੀਨ ਪੈਂਦੇ ਪਿੰਡ ਕਪਿਆਲ ਬਲਾਕ ਭਵਾਨੀਗੜ ਦਾ ਅਗਾਂਹਵਧੂ ਕਿਸਾਨ ਗੁਰਬੀਰ ਸਿੰਘ ਪਿਛਲੇ ਲੰਬੇ ਸਮੇਂ ਤੋਂ 9 ਏਕੜ ਰਕਬੇ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਿਨਾਂ ਅੱਗ ਲਗਾਏ ਸਫਲਤਾ ਨਾਲ ਖੇਤੀ ਕਰਕੇ ਹੋਰਨਾਂ ਕਿਸਾਨਾਂ ਲਈ ਪ੍ਰੇਰਣਾ ਸ੍ਰੋਤ ਬਣਿਆ ਹੋਇਆ ਹੈ।
ਗੁਰਬੀਰ ਸਿੰਘ ਆਖਦਾ ਹੈ ਕਿ ਉਹ ਸਾਲ 2014 ਵਿੱਚ ਕਣਕ ਦੀ ਬਿਜਾਈ ਹੈਪੀਸੀਡਰ ਨਾਲ ਕਰਨ ਦਾ ਤਜਰਬਾ ਸ਼ੁਰੂ ਕੀਤਾ ਅਤੇ ਉਸ ਨੂੰ ਇਸ ਦੇ ਵਧੀਆ ਨਤੀਜੇ ਪ੍ਰਾਪਤ ਹੋਏ। ਗੁਰਬੀਰ ਸਿੰਘ ਦੇ ਦੱਸਣ ਅਨੁਸਾਰ ਉਹ ਪਿਛਲੇ ਤਿੰਨ ਸਾਲਾਂ ਤੋਂ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਉਹ ਬੇਲਰ ਰੇਕਰ ਰਾਹੀਂ ਪਰਾਲੀ ਦੀਆਂ ਗੱਠਾਂ ਬਣਾ ਕੇ ਉਸ ਦਾ ਪ੍ਰਬੰਧਨ ਕਰਦੇ ਸਨ। ਗੁਰਬੀਰ ਸਿੰਘ ਦੇ ਦੱਸਣ ਅਨੁਸਾਰ ਉਸ ਕੋਲ ਹਰ ਤਰਾਂ ਦੀ ਖੇਤੀ ਮਸ਼ੀਨਰੀ ਜਿਵੇਂ ਟ੍ਰੈਕਟਰ, ਚੌਪਰ, ਜ਼ੀਰੋ ਟਿੱਲ ਡਰਿੱਲ, ਆਦਿ ਮੌਜੂਦ ਹਨ।
ਗੁਰਬੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਉਨਾਂ੍ਹ ਵਲੋਂ ਆਤਮਾ ਸਕੀਮ ਅਧੀਨ ਝੋਨੇ ਦੀ ਸਿੱਧੀ ਬਿਜਾਈ ਦਾ ਪ੍ਰਦਰਸ਼ਨੀ ਪਲਾਟ ਵੀ ਲਗਾਇਆ ਹੋਇਆ ਹੈ। ਉਨਾਂ੍ਹ ਦੱਸਿਆ ਕਿ ਪਿਛਲੇ ਸੀਜਨ ਦੌਰਾਣ ਉਨਾਂ੍ਹ ਨੇ ਕਣਕ ਦੀ ਬਿਜਾਈ ਆਰ ਐਮ ਬੀ ਪਲੌ ਅਤੇ ਚੌਪਰ ਰਾਹੀਂ ਕੀਤੀ ਗਈ ਸੀੇ। ਉਨਾਂ੍ਹ ਦੱਸਿਆ ਕਿ ਸਾਲ 2020 ਦੌਰਾਣ ਉਨਾਂ੍ਹ ਵਲੋਂ ਖੇਤੀਬਾੜੀ ਵਿਭਾਗ ਤੋਂ ਕਰਾਪ ਰੈਜ਼ਿਡਿਊ ਮੈਨੇਜਮੈਂਟ ਸਕੀਮ ਅਧੀਨ 50% ਉਪਦਾਨ ਤੇ ਸੁਪਰਸੀਡਰ ਪ੍ਰਾਪਤ ਕੀਤਾ ਹੈ ਜਿਸ ਰਾਹੀਂ ਇਸ ਵਾਰ ਉਹ ਆਪਣੇ ਪੂਰੇ ਰਕਬੇ ਤੋਂ ਇਲਾਵਾ ਹੋਰ ਵੀ ਲੋੜਵੰਦ ਕਿਸਾਨਾਂ ਦੀ ਕਣਕ ਦੀ ਬਿਜਾਈ ਕਰਵਾਉਣਗੇ।
ਸਫਲ ਕਿਸਾਨ ਗੁਰਬੀਰ ਸਿੰਘ ਨੇ ਦੱਸਿਆ ਕਿ ਉਸ ਕੋਲ ਤਕਰੀਬਨ 4 ਪਸ਼ੂ ਜਿਵੇਂ ਮੱਝਾਂ, ਗਾਵਾਂ ਆਦਿ ਹਨ ਜਿਨਾਂ੍ਹ ਦੇ ਗੋਬਰ ਤੋਂ ਉਸ ਵੱਲੋਂ ਰੂੜੀ ਦੀ ਖਾਦ ਤਿਆਰ ਕਰਕੇ ਖੇਤਾਂ ਵਿੱਚ ਵਰਤੀ ਜਾਂਦੀ ਹੈ ਅਤੇ ਨਾਲ ਹੀ ਨਾਲ ਇਹ ਕਿਸਾਨ ਇਨਾਂ੍ਹ ਪਸ਼ੂਆਂ ਤੋਂ ਪ੍ਰਾਪਤ ਦੁੱਧ ਨੂੰ ਘਰੇਲੂ ਇਸਤੇਮਾਲ ਲਈ ਅਤੇ ਵੱਧ ਹੋਣ ਤੇ ਇਸ ਦਾ ਸਵੈ ਮੰਡੀਕਰਣ ਕਰਦਾ ਹੈ ਅਤੇ ਅਪਣੇ ਘਰੇਲੂ ਵਰਤੋਂ ਲਈ ਜੈਵਿਕ ਸਬਜੀਆਂ ਦਾ ਉਤਪਾਦਨ ਵੀ ਕਰਦਾ ਹੈ।