ਜ਼ਿਲ੍ਹੇ ਅੰਦਰ ਸਮਾਰਟ ਪਿੰਡ ਮੁਹਿੰਮ ਤਹਿਤ 159 ਕਰੋੜ ਰੁਪਏ ਦੀ ਲਾਗਤ ਨਾਲ ਹੋਣਗੇ 3113 ਵਿਕਾਸ ਕਾਰਜ਼-ਸਿੰਗਲਾ
*ਚੰਨੋ ਵਿਖੇ ਜਲਦ ਬਣਾਇਆ ਜਾਵੇਗਾ ਖੇਡ ਸਟੇਡੀਅਮ
ਹਰਪ੍ਰੀਤ ਕੌਰ ਸੰਗਰੂਰ 18 ਅਕਤੂਬਰ:2020
ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਸ਼ਹਿਰਾਂ ਦੀ ਤਰਜ਼ ’ਤੇ ਪਿੰਡਾਂ ਦਾ ਹਰ ਪਹਿਲੂ ਤੋਂ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ‘ਸਮਾਰਟ ਪਿੰਡ ਮੁਹਿੰਮ’ ਦੇ ਦੂਜੇ ਪੜਾਅ ਤਹਿਤ 159 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਦੇ 601 ਪਿੰਡਾਂ ਵਿੱਚ ਵੱਖ-ਵੱਖ 3113 ਵਿਕਾਸ ਕਾਰਜ ਕਰਵਾਏ ਜਾਣਗੇ। ਜਦੋਂ ਕਿ ਸਿਰਫ ਚੰਨੋਂ ਵਿਖੇ 30 ਲੱਖ ਦੀ ਲਾਗਤ ਨਾਲ ਵਿਕਾਸ ਕੰਮ ਕਰਵਾਏ ਜਾਣਗੇ।
ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਐਮ.ਪੀ. ਸ੍ਰੀ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਰਾਜ ਭਰ ਵਿੱਚ 2774 ਕਰੋੜ ਰੁਪਏ ਦੀ ਲਾਗਤ ਵਾਲੇੇ ‘ਸਮਾਰਟ ਪਿੰਡ ਮੁਹਿੰਮ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਉਪਰੰਤ ਅੱਜ ਇਥੇ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਚੰਨੋ ਬਲਾਕ ਦੇ ਪਿੰਡਾਂ ਲਈ ‘ਸਮਾਰਟ ਪਿੰਡ ਮੁਹਿੰਮ‘ ਦਾ ਆਗਾਜ਼ ਕੀਤਾ। ਇਸ ਮੌਕੇ ਰੱਖੇ ਸਾਦੇ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਚੰਨੋ ਵਿਖੇ ਬਹੁਤ ਜਲਦ ਖੇਡ ਸਟੇਡੀਅਮਾਂ ਬਣਾਇਆ ਜਾਵੇਗਾ।
ਸ੍ਰੀ ਸਿੰਗਲਾ ਨੇ ਕਿਹਾ ਕਿ ਸਮਾਰਟ ਵਿਲੇਜ਼ ਮੁਹਿੰਮ ਤਹਿਤ ਜ਼ਿਲ੍ਹੇ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਹੋਰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਵਿਕਾਸ ਪਿੰਡਾਂ ਵਿੱਚ ਪੱਕੀਆਂ ਗਲੀਆਂ-ਨਾਲੀਆਂ, ਛੱਪੜਾਂ ਦੇ ਕਾਰਜ, ਸਟਰੀਟ ਲਾਈਟਾਂ, ਪਾਰਕ, ਜਿੰਮ, ਕਮਿਊਨਿਟੀ ਹਾਲ, ਪੀਣ ਵਾਲੇ ਪਾਣੀ ਦੀ ਸਪਲਾਈ, ਮਾਡਲ ਆਂਗਣਵਾੜੀ ਸੈਂਟਰਾਂ ਦੀ ਸਥਾਪਤੀ, ਸਮਾਰਟ ਸਕੂਲਾਂ ਦੇ ਨਾਲ-ਨਾਲ ਠੋਸ ਰਹਿੰਦ-ਖੂੰਹਦ ਪ੍ਰਬੰਧਨ ਆਦਿ ਨਾਲ ਸਬੰਧਤ ਕੰਮ ਕਰਵਾਏ ਜਾਣਗੇ ਜਿਨ੍ਹਾਂ ਨਾਲ ਪਿੰਡਾਂ ਵਿੱਚ ਰਹਿੰਦੇ ਲੋਕਾਂ ਦਾ ਜੀਵਨ ਪੱਧਰ ਹੋਰ ੳੁੱਚਾ ਹੋਵੇਗਾ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ 1 ਲੱਖ ਸਰਕਾਰੀ ਅਸਾਮੀਆਂ ’ਤੇ ਭਰਤੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ 33 ਫੀਸਦੀ ਅਸਾਮੀਆਂ ਨੌਜਵਾਨ ਲੜਕੀਆਂ ਲਈ ਰਾਖਵੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਹਰੇਕ ਪੰਚਾਇਤ ਨੰੂ ਸਰਕਾਰ ਵੱਲੋਂ ਮਿਲਣ ਵਾਲੀ ਗ੍ਰਾਂਟ ਨੰੂ ਪਿੰਡਾਂ ਦੇ ਅਤਿ ਜਰੂਰੀ ਕੰਮਾਂ ’ਤੇ ਖਰਚ ਕਰਨਾ ਚਾਹੀਦਾ ਹੈ, ਤਾਂ ਜੋ ਵਿਕਾਸ ਕੰਮਾਂ ਦੀ ਗਤਿ ਨੰੂ ਹੋਰ ਜ਼ਿਆਦਾ ਹੁੰਲਾਰਾ ਮਿਲੇ। ਉਨ੍ਹਾਂ ਕਿਹਾ ਕਿ ਸਬ ਡਵੀਜ਼ਨ ਭਵਾਨੀਗੜ੍ਹ ਦੇ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਲਈ 14 ਕਰੋੜ ਰੁਪਏ ਖਰਚ ਕਰਕੇ ਪਿੰਡਾਂ ਦੀ ਨੁਹਾਰ ਬਦਲੀ ਗਈ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਅੰਦਰ ਪੀ.ਜੀ.ਆਈ ਦਾ ਹਸਪਤਾਲ, ਕੈਂਸਰ ਦਾ ਹਸਪਤਾਲ, ਸੜਕੀ ਪ੍ਰੋਜੈਕਟ ਦੇ ਵੱਡੇ ਕਾਰਜ਼ਾਂ ਨੰੂ ਮੁਕੰਮਲ ਕਰਨ ’ਚ ਪਹਿਲਕਦਮੀ ਨਾਲ ਕੰਮ ਕਰਵਾਏ ਗਏ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ, ਐਸ.ਐਸ.ਪੀ. ਸ੍ਰੀ ਵਿਵੇਕਸ਼ੀਲ ਸੋਨੀ, ਵਧੀਕ ਡਿਪਟ ਕਮਿਸ਼ਨਰ ਸ੍ਰੀ ਰਜਿੰਦਰ ਸਿੰਘ ਬੱਤਰਾ, ਚੇਅਰਮੈਨ ਬਲਾਕ ਸੰਮਤੀ ਭਵਾਨੀਗੜ੍ਹ ਸ੍ਰੀ ਵਰਿੰਦਰ ਪੰਨਵਾ, ਅਰਵਿੰਦਰ ਕੌਰ ਸਰਪੰਚ ਚੰਨੋ, ਹਰਜੀਤ ਸਿੰਘ ਸਿੱਧੂ ਅਤੇ ਹੋਰ ਅਧਿਕਾਰੀ ਅਤੇ ਆਗੂ ਹਾਜ਼ਰ ਸਨ।