ਵਿਧਾਇਕਾ ਰੂਬੀ ਨੇ ਕਿਹਾ, ਕੈਪਟਨ ਸਾਬ! ਤੁਸੀਂ ਘਰ-ਘਰ ਨੌਕਰੀ ਨਹੀਂ ਘਰ-ਘਰ ਬੇਰੁਜ਼ਗਾਰੀ ਵੰਡ ਰਹੇ ਹੋ
ਅਸ਼ੋਕ ਵਰਮਾ ,ਬਠਿੰਡਾ 7 ਅਕਤੂਬਰ 2020
ਬਠਿੰਡਾ ਦਿਹਾਤੀ ਤੋਂ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਦਲਿਤ ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਲਈ ਇਹ ਬਿਆਨ ਦੇ ਰਹੇ ਹਨ ਕਿ ਕੇਂਦਰ ਸਰਕਾਰ ਨੇ ਦਲਿਤ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਸਕੀਮ ਨੂੰ ਬੰਦ ਕਰ ਦਿੱਤਾ ਹੈ। ਜਦਕਿ ਸੱਚਾਈ ਇਹ ਹੈ ਕਿ ਕੇਂਦਰ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਪੰਜਾਬ ਸਰਕਾਰ ਨੂੰ ਦਿੱਤਾ ਸੀ, ਪਰੰਤੂ ਘੋਟਾਲੇਬਾਜ ਕਾਂਗਰਸ ਦੀ ਪੰਜਾਬ ਸਰਕਾਰ ਨੇ ਉਸ ਪੈਸੇ ਨੂੰ ਆਪਣੇ ਨਿੱਜੀ ਕੰਮਾਂ ਲਈ ਇਸਤੇਮਾਲ ਕਰ ਲਿਆ। ਜਦੋਂ ਤੋਂ ਸੂਬੇ ਵਿਚ ਕਾਂਗਰਸ ਸਰਕਾਰ ਸੱਤਾ ਵਿਚ ਆਈ ਹੈ, ਉਸ ਸਮੇਂ ਤੋਂ ਹੀ ਦਲਿਤ ਵਿਦਿਆਰਥੀ ਦੁੱਖ ਭੋਗ ਰਹੇ ਹਨ। ਕਾਂਗਰਸ ਦੇ ਰਾਜ ਕਾਲ ਦੌਰਾਨ ਦਲਿਤ ਵਿਦਿਆਰਥੀਆਂ ਦੇ ਕਾਲਜਾਂ ਵਿਚ ਦਾਖ਼ਲਿਆਂ ਦੀ ਸੰਖਿਆ ਘੱਟ ਕੇ 1.50 ਲੱਖ ਰਹਿ ਗਈ ਹੈ। ਪਹਿਲਾਂ ਸੂਬੇ ਦੀਆਂ ਉਚੇਰੀ ਸਿੱਖਿਆ ਸੰਸਥਾਵਾਂ ਵਿਚ 3.3 ਲੱਖ ਦਲਿਤ ਵਿਦਿਆਰਥੀ ਪੜ੍ਹਦੇ ਸਨ, ਜਿਨ੍ਹਾਂ ਦੀ ਹੁਣ ਸੰਖਿਆ ਘੱਟ ਕੇ 1.80 ਲੱਖ ਰਹਿ ਗਈ ਹੈ, ਜੋ ਕਿ ਪੰਜਾਬ ਲਈ ਬਹੁਤ ਹੀ ਮੰਦਭਾਗੀ ਗੱਲ ਹੈ।
ਉਹਨਾਂ ਨੇ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦਲਿਤਾਂ ਦੇ ਹੱਕਾਂ ਦੇ ਰਾਖੇ ਬਣਨ ਦੀ ਕੋਸ਼ਿਸ਼ ਕਰ ਰਹੇ ਹਨ, ਸ਼ਾਇਦ ਕੈਪਟਨ ਅਮਰਿੰਦਰ ਸਿੰਘ ਭੁੱਲ ਗਏ ਹਨ ਕਿ ਅਜੇ ਵੀ ਪੰਜਾਬ ਦੇ ਦਲਿਤ ਵਰਗਾਂ ਸਮੇਤ ਹਰ ਵਰਗ ਨੂੰ ਚੰਗੀ ਤਰਾਂ ਯਾਦ ਹੈ ਕਿ ਤੁਸੀਂ ਹੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਚਾਉਂਦੇ ਹੋਏ ‘ਕਲੀਨ ਚਿੱਟ’ ਦੇ ਦਿੱਤੀ ਸੀ। ਜਿਸ ਕਾਰਣ ਲੱਖਾਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਆ ਗਿਆ ਹੈ।
ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਸੱਤਾ ਦੇ ਲਾਲਚੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਚੋਣਾਂ ਸਮੇਂ ਆਪਣੇ ਚੋਣ ਮੈਨੀਫੈਸਟੋ ਵਿਚ ਦਲਿਤਾਂ ਨਾਲ ਤਿੰਨ ਵਾਅਦੇ ਕੀਤੇ ਸਨ ਕਿ ਦਲਿਤ ਵਰਗ ਦੇ ਬਜ਼ੁਰਗਾਂ ਨੂੰ 2500 ਰੁਪਏ ਪੈਨਸ਼ਨ ਦਿੱਤੀ ਜਾਵੇਗੀ, ਦੂਸਰਾ ਵਾਅਦਾ ਦਲਿਤ ਵਰਗ ਦੀਆਂ ਧੀਆਂ ਨੂੰ 51,000 ਰੁਪਏ ਸ਼ਗਨ ਸਕੀਮ ਦਿੱਤੀ ਜਾਵੇਗੀ, ਤੀਸਰਾ ਵਾਅਦਾ ਸੀ ਕਿ ਦਲਿਤ ਵਰਗ ਨੂੰ ਪੰਜ ਮਰਲੇ ਪਲਾਟ ਦਿੱਤੇ ਜਾਣ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਪੂਰੇ ਨਹੀਂ ਹੋਇਆ। ਕੈਪਟਨ ਅਮਰਿੰਦਰ ਨੇ ਇਨ੍ਹਾਂ ਵਾਅਦਿਆਂ ਸਮੇਤ ਹੋਰ ਵੀ ਅਣਗਿਣਤ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਸਨ, ਪਰ ਵਾਅਦਿਆਂ ਨੂੰ ਪੂਰਾ ਨਾ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ-ਖ਼ਿਲਾਫ਼ੀ ਦੇ ਮਾਮਲੇ ਵਿਚ ਨੰਬਰ-1 ਦਾ ਖ਼ਿਤਾਬ ਜ਼ਰੂਰ ਹਾਸਲ ਕਰ ਲਿਆ ਹੈ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ 2022 ਨਜ਼ਦੀਕ ਆਉਂਦੇ ਵੇਖ 2017 ਦੀ ਤਰਾਂ ਵੋਟ ਬੈਂਕ ਦੀ ਗੰਦੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਤਹਿਤ ਕੈਪਟਨ ਨੇ ਬੀਤੇ ਦਿਨ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਡੇਢ ਸਾਲਾਂ ਵਿਚ 1 ਲੱਖ ਨੌਕਰੀਆਂ ਦੇਣਗੇ। ”ਕੈਪਟਨ ਸਾਬ! ਤੁਸੀਂ 1 ਲੱਖ ਨੌਕਰੀਆਂ ਦੇਣ ਦਾ ਐਲਾਨ ਤਾਂ ਕਰ ਦਿੱਤਾ ਪਰੰਤੂ ਇਹ ਨੌਕਰੀਆਂ ਕਿਹੜੇ ਵਿਭਾਗਾਂ ਵਿਚ ਦੇਵੋਂਗੇ ? ਤੁਸੀਂ ਤਾਂ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਜਲ ਸਰੋਤ ਵਿਭਾਗ, ਪੀਐਸਪੀਸੀਐਲ ਅਤੇ ਖੇਤੀਬਾੜੀ ਵਿਭਾਗ ਸਮੇਤ ਅਨੇਕਾਂ ਵਿਭਾਗਾਂ ਵਿਚ ਨੌਕਰੀਆਂ ਦੇਣੀਆਂ ਬੰਦ ਕਰ ਦਿੱਤੀਆਂ ਹਨ। ਕੈਪਟਨ ਸਾਬ! ਤੁਸੀਂ ਘਰ-ਘਰ ਨੌਕਰੀ ਨਹੀਂ ਘਰ-ਘਰ ਬੇਰੁਜ਼ਗਾਰੀ ਵੰਡ ਰਹੇ ਹੋ।