ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਲਈ ਮੈਦਾਨ ‘ਚ ਉੱਤਰੀ ਏ.ਬੀ.ਐਸ.ਡੀ- ਬਲਦੇਵ ਸਿੰਘ ਰਠੌਰ 

Advertisement
Spread information

 ਪੰਜਾਬ ਦੀਆਂ 117 ਵਿਧਾਨ ਸੀਟਾਂ ਤੇ ਚੋਣ ਲੜਨ ਦਾ ਕੀਤਾ ਐਲਾਨ 

ਅਵਤਾਰ ਸਿੰਘ ਕੌਲੀ ਬਣੇ ਅਖਿਲ ਭਾਰਤੀਯ ਸੰਘਰਸ਼ ਦਲ ਦੇ ਸੂਬਾ ਸੀ. ਮੀਤ ਪ੍ਰਧਾਨ

ਹਰਿੰਦਰ ਨਿੱਕਾ ਬਰਨਾਲਾ 6 ਅਕਤੂਬਰ 2020


ਅਖਿਲ ਭਾਰਤੀਯ ਸੰਘਰਸ਼ ਦਲ ਦੇ ਰਾਸ਼ਟਰੀ ਪ੍ਰਧਾਨ ਬਲਦੇਵ ਸਿੰਘ ਰਠੌਰ ਨੇ ਰੈਸਟ ਹਾਊਸ ਬਰਨਾਲਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਉੱਨਾਂ ਦੀ ਪਾਰਟੀ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਅੰਦਰ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਤਾਂ ਕਿ ਪੰਜਾਬ ਦੇ ਲੋਕਾਂ ਦੇ ਸੁਪਨਿਆਂ ਨੂੰ ਸਕਾਰ ਕੀਤਾ ਜਾ ਸਕੇ। ਸਰਦਾਰ ਰਠੌਰ ਨੇ ਇਸ ਮੌਕੇ ਅਵਤਾਰ ਸਿੰਘ ਕੌਲੀ ਨੂੰ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਵੀ ਨਿਯੁਕਤ ਕੀਤਾ। ਉਨਾਂ ਕਿਹਾ ਕਿ ਸਾਲ 2002 ਵਿੱਚ ਅਖਿਲ ਭਾਰਤੀਯ ਸੰਘਰਸ਼ ਦਲ ਨੂੰ ਚੋਣ ਕਮਿਸ਼ਨ ਕੋਲ ਬਕਾਇਦਾ ਰਜਿਸਟਰਡ ਕਰਵਾਇਆ ਗਿਆ। ਉਦੋਂ ਤੋਂ ਹੀ ਦੇਸ਼ ਭਰ ਵਿੱਚ ਪਾਰਟੀ ਦੀ ਮੈਂਬਰਸ਼ਿਪ ਸ਼ੁਰੂ ਹੈ। ਪਾਰਟੀ ਦਾ ਜਥੇਬੰਦਕ ਢਾਂਚਾ ਵੀ ਮਜਬੂਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨਾਂ ਕਿਹਾ ਕਿ ਪਾਰਟੀ ਹਰ ਇਲਾਕੇ ਵਿੱਚ ਉੱਥੋਂ ਦੇ ਚੰਗੇ ਤੇ ਆਪੋ ਆਪਣੇ ਖੇਤਰ ਵਿੱਚ ਲੋਕਪ੍ਰਿਯ ਚਿਹਰਿਆਂ ਨੂੰ ਟਿਕਟਾਂ ਦੇਵੇਗੀ। ਰਠੌਰ ਨੇ ਕਿਹਾ ਕਿ ਉਨਾਂ ਦੀ ਪਾਰਟੀ ਦੇਸ਼ ਦੀ ਅਜਿਹੀ ਪਹਿਲੀ ਰਾਜਨੀਤਿਕ ਪਾਰਟੀ ਹੈ, ਜਿਸ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਚੋਣ ਮੈਨੀਫੈਸਟੋ ਨੂੰ ਇੱਕ ਕਾਨੂੰਨੀ ਦਸਤਾਵੇਜ ਬਣਾ ਕੇ ਹਲਫੀਆ ਬਿਆਨ ਦੇ ਤੌਰ ਤੇ ਲੋਕਾਂ ਨਾਲ ਵਾਅਦਾ ਕਰੇਗੀ ਕਿ ਅਗਰ ਉਨਾਂ ਦੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਚੋਣ ਮੈਨੀਫੈਸਟੋ ਨੂੰ ਹੂਬਹੂ ਨਿਸਚਿਤ ਸਮੇਂ ਅੰਦਰ ਪੂਰਾ ਨਾ ਕੀਤਾ ਤਾਂ ਲੋਕ ਬਕਾਇਦਾ ਤੌਰ ਦੇ ਵਾਅਦਾ ਖਿਲਾਫੀ ਕਾਰਣ ਕੇਸ ਵੀ ਦਰਜ਼ ਕਰਵਾ ਸਕਣਗੇ। ਰਠੌਰ ਨੇ ਕਿਹਾ ਕਿ ਹੁਣ ਤੱਕ ਰਾਜ ਕਰਨ ਵਾਲੀਆਂ ਸਾਰੀਆਂ ਹੀ ਰਾਜਸੀ ਪਾਰਟੀਆਂ ਨੇ ਚੋਣ ਮੈਨੀਫੈਸਟੋ ਨੂੰ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਵਟੋਰਨ ਲਈ ਹੀ ਵਰਤਿਆ ਹੈ। ਜਿਸ ਕਾਰਣ ਲੋਕ ਵਾਅਦੇ ਪੂਰੇ ਨਹੀਂ ਕਰਨ ਵਾਲੀ ਪਾਰਟੀ ਦੇ ਖਿਲਾਫ ਕੁਝ ਵੀ ਨਹੀਂ ਕਰ ਸਕਦੇ। ਉਨਾਂ ਕਿਹਾ ਕਿ ਉਨਾਂ ਦੀ ਪਾਰਟੀ ਦਾ ਮੁੱਖ ਮਕਸਦ ਹਰ ਵਰਗ ਦੇ ਲੋਕਾਂ ਨੂੰ ਰੋਟੀ,ਕੱਪੜਾ, ਮਕਾਨ ਦੀ ਸਹੂਲਤ ਪ੍ਰਦਾਨ ਕਰਨਾ ਹੈ। ਉਨਾਂ ਆਪਣੀ ਪਾਰਟੀ ਦੇ ਚੋਣ ਮੈਨੀਫੈਸਟੋ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਬੇਰੋਜਗਾਰੀ ਨੂੰ ਦੂਰ ਕਰਨ ਲਈ ਉਹ ਪ੍ਰਦੇਸ਼ ਅੰਦਰ ਉਦਯੋਗ ਨੂੰ ਉਤਸ਼ਾਹਿਤ ਕਰਨਗੇ, ਉਦਯੋਗਾਂ ਅੰਦਰ ਇਲਾਕੇ ਦੇ ਹੀ ਲੋਕਾਂ ਨੂੰ ਹੀ ਰੋਜਗਾਰ ਦੇਣਾ ਲਾਜਿਮੀ ਹੋਵੇਗਾ। ਹਰ ਵਰਗ ਦੇ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਦੇ ਬਰਾਬਰ ਮੌਕੇ ਪ੍ਰਦਾਨ ਕੀਤੇ ਜਾਣਗੇ। ਉਨਾਂ ਨਿਗੂਣੀਆਂ ਤਨਖਾਹਾਂ ਤੇ ਭਰਤੀ ਅਧਿਆਪਕਾਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਕਿੰਨ੍ਹੀ ਸ਼ਰਮ ਦੀ ਗੱਲ ਹੈ ਕਿ ਸਰਕਾਰ ਉੱਚ ਵਿੱਦਿਅਕ ਯੋਗਤਾ ਪ੍ਰਾਪਤ ਵਿਅਕਤੀਆਂ ਨੂੰ ਮਜਦੂਰਾਂ ਤੋਂ ਵੀ ਘੱਟ ਤਨਖਾਹਾਂ ਦੇ ਕੇ ਉਨਾਂ ਦਾ ਸ਼ੋਸ਼ਣ ਕਰ ਰਹੀ ਹੈ। ਉਨਾਂ ਦਾਅਵਾ ਕੀਤਾ ਕਿ ਉਨਾਂ ਦੀ ਸਰਕਾਰ ਬਣਨ ਤੋਂ ਬਾਅਦ ਹਰ ਮਹਿਕਮੇ ਅੰਦਰ ਕੱਚੀ ਭਰਤੀ ਦੀ ਬਜਾਏ ਪੂਰੀ ਤਨਖਾਹ ਤੇ ਪੱਕੀ ਭਰਤੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਬਣਨ ਤੇ ਹਰ ਪਰਿਵਾਰ ਦੀ ਬੇਟੀ ਦੇ ਵਿਆਹ ਤੇ ਸਰਕਾਰ 51 ਹਜਾਰ ਰੁਪਏ ਸ਼ਗਨ ਦਿਆ ਕਰੇਗੀ, ਬਜੁਰਗਾਂ ਨੂੰ 3 ਹਜਾਰ ਰੁਪਏ ਪੈਨਸ਼ਨ ਦਿੱਤੀ ਜਾਵੇਗੀ। ਰਠੌਰ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਤੇ ਖੇਤੀ ਵਿਰੋਧੀ 3 ਬਿੱਲਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੀ ਅਕਾਲੀਆਂ ਦੀ ਤਰਾਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜੇ ਕਰ ਕਾਂਗਰਸ ਸਰਕਾਰ ਸੱਚਮੁੱਚ ਕਿਸਾਨ ਹਿਤੈਸ਼ੀ ਹੁੰਦੀ ਤਾਂ ਮੁੱਖ ਮੰਤਰੀ ਹੋਣ ਤੱਕ ਵਿਧਾਨ ਸਭਾ ਦਾ ਵਿਸ਼ੇਸ਼ ਸ਼ੈਸ਼ਨ ਬੁਲਾ ਕੇ ਤਿੰਨੋਂ ਬਿਲਾਂ ਨੂੰ ਮਤਾ ਪਾ ਕੇ ਰੱਦ ਕਰਕੇ ਕਿਸਾਨਾਂ ਦੀ ਚਿੰਤਾ ਦੂਰ ਕਰ ਸਕਦੀ ਸੀ। ਪਰ ਕਾਂਗਰਸੀ ਲੋਕਾਂ ਨੂੰ ਧਰਨਿਆਂ ਵਿੱਚ ਉਲਝਾ ਕੇ ਰਾਜਨੀਤੀ ਚਮਕਾਉਣ ਤੇ ਲੱਗੇ ਹੋਏ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੁਰੰਤ ਵਿਧਾਨ ਸਭਾ ਦਾ ਸ਼ੈਸ਼ਨ ਬੁਲਾ ਕੇ ਤਿੰਨੋਂ ਬਿਲ ਰੱਦ ਕਰਨ। ਇਸ ਮੌਕੇ ਪਾਰਟੀ ਦੇ ਨਵ ਨਿਯੁਕਤ ਸੂਬਾ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਕੌਲੀ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਪੂਰਾ ਕਰਨ ਲਈ ਦਿਨ ਰਾਤ ਇੱਕ ਕਰ ਦੇਣਗੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਖਿਲ ਭਾਰਤੀਯ ਸੰਘਰਸ਼ ਦਲ ਦੀ ਮੈਂਬਰਸ਼ਿਪ ਲੈ ਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਅੰਦਰ ਪਾਰਟੀ ਦੀ ਸਰਕਾਰ ਬਣਾਉਣ ਲਈ ਆਪਣਾ ਯੋਗਦਾਨ ਪਾਉਣ।

Advertisement
Advertisement
Advertisement
Advertisement
Advertisement
Advertisement
error: Content is protected !!