ਇਲਾਜ਼ ‘ਚ ਦੇਰੀ ਨਾਲ ਹੀ ਪਹਿਲੇ 24 ਘੰਟਿਆਂ ‘ਚ 44 ਫੀਸਦੀ ਮਰੀਜਾਂ ਦੀ ਹੁੰਦੀ ਮੌਤ , ਮੌਤ ਦਰ ਘਟਾਉਣ ਲਈ ਲੋਕ ਆਪਣੇ ਟੈਸਟ ਕਰਵਾਉਣ ਅਤੇ ਤੁਰੰਤ ਹੀ ਲੈਣ ਡਾਕਟਰੀ ਸਹਾਇਤਾ 

Advertisement
Spread information

ਮਿਸ਼ਨ ਫ਼ਤਿਹ-ਸੁਰਭੀ ਮਲਿਕ ਨੇ ਕੋਵਿਡ ਮਰੀਜਾਂ ਦੇ ਡਾਕਟਰਾਂ ਨੂੰ ਪੈਸੇ ਮਿਲਣ ਜਾਂ ਮਰੀਜਾਂ ਦੇ ਅੰਗ ਕੱਢੇ ਜਾਣ ਦੀਆਂ ਅਫ਼ਵਾਹਾਂ ਨੂੰ ਸਿਰੇ ਤੋਂ ਕੀਤਾ ਖਾਰਿਜ਼

ਲੋਕ ਕੋਰੋਨਾ ਵਾਇਰਸ, ਡਾਕਟਰਾਂ ਤੇ ਹਸਪਤਾਲ ਬਾਰੇ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਯਕੀਨ ਨਾ ਕਰਨ-ਸੁਰਭੀ ਮਲਿਕ

ਰਾਜਿੰਦਰਾ ਹਸਪਤਾਲ ਦੇ ਕੋਵਿਡ ਇੰਚਾਰਜ ਸੁਰਭੀ ਮਲਿਕ ਨੇ ਫੇਸਬੁਕ ਲਾਈਵ ਰਾਹੀਂ ਦਿੱਤੇ ਸਵਾਲਾਂ ਦੇ ਜਵਾਬ


ਰਾਜੇਸ਼ ਗੌਤਮ / ਲੋਕੇਸ਼ ਕੌਸ਼ਲ  ਪਟਿਆਲਾ, 1 ਸਤੰਬਰ:2020
                   ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਕੋਵਿਡ ਕੇਅਰ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਅਤੇ ਰਾਜਿੰਦਰਾ ਹਸਪਤਾਲ ‘ਚ ਡਾਕਟਰਾਂ ਵੱਲੋਂ ਕੋਵਿਡ ਮਰੀਜਾਂ ਦੇ ਕੀਤੇ ਜਾ ਰਹੇ ਇਲਾਜ ਸਬੰਧੀਂ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਯਕੀਨ ਨਾ ਕਰਨ ਅਤੇ ਕੋਵਿਡ ਦੇ ਲੱਛਣ ਸਾਹਮਣੇ ਆਉਣ ‘ਤੇ ਸਮੇਂ ਸਿਰ ਇਸਦਾ ਇਲਾਜ ਕਰਵਾਉਣ। ਸ੍ਰੀਮਤੀ ਸੁਰਭੀ ਮਲਿਕ ਅੱਜ ਮਿਸ਼ਨ ਫ਼ਤਿਹ ਤਹਿਤ ਆਪਣੇ ਫੇਸਬੁਕ ਲਾਈਵ ਪ੍ਰੋਗਰਾਮ ਦੌਰਾਨ ਰਾਜਿੰਦਰਾ ਹਸਪਤਾਲ ਵਿਖੇ ਕੋਵਿਡ-19 ਮਰੀਜਾਂ ਦੇ ਇਲਾਜ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਜਾਣੂ ਕਰਵਾਉਂਦੇ ਹੋਏ ਲੋਕਾਂ ਦੇ ਰਜਿੰਦਰਾ ਹਸਪਤਾਲ ਬਾਰੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
                  ਸ੍ਰੀਮਤੀ ਸੁਰਭੀ ਮਲਿਕ ਨੇ ਕੁਝ ਲੋਕਾਂ ਵੱਲੋਂ ਪਾਜਿਟਿਵ ਮਰੀਜਾਂ ਲਈ ਡਾਕਟਰਾਂ ਜਾਂ ਹਸਪਤਾਲ ਨੂੰ ਕੁਝ ਪੈਸੇ ਮਿਲਣ ਦੀਆਂ ਅਫ਼ਵਾਹਾਂ ਦਾ ਸਿਰੇ ਤੋਂ ਖੰਡਨ ਕਰਦਿਆਂ ਸਪੱਸ਼ਟ ਕੀਤਾ ਕਿ ਨਾ ਸਰਕਾਰ ਅਤੇ ਨਾ ਹੀ ਡਾਕਟਰਾਂ ਵੱਲੋਂ ਮਰੀਜ ਵਧਾਉਣ ਦੀ ਕੋਈ ਪ੍ਰਕ੍ਰਿਆ ਚੱਲ ਰਹੀ ਹੈ। ਸਗੋਂ ਮਰੀਜਾਂ ਦੀ ਬਿਮਾਰੀ ਮੁਤਾਬਕ ਹੀ ਮਰੀਜਾਂ ਨੂੰ ਇੱਥੇ ਦਾਖਲ ਕੀਤਾ ਜਾਂਦਾ ਹੈ। ਉਨ੍ਹਾਂ ਮੁੜ ਤੋਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣਾ ਇਲਾਜ ਕਰਵਾਉਣ ਨਾ ਕਿ ਅਜਿਹੀਆਂ ਅਫ਼ਵਾਹਾਂ ‘ਤੇ ਯਕੀਨ ਕਰਦੇ ਹੋਏ ਇਲਾਜ ‘ਚ ਦੇਰੀ ਕਰਨ। ਉਨ੍ਹਾਂ ਕਿਹਾ ਕਿ ਹਸਪਤਾਲ ਕੋਲ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਫ਼ੰਡ ਮੌਜੂਦ ਹਨ ਅਤੇ ਪੰਜਾਬ ਸਰਕਾਰ ਦਾ ਧਿਆਨ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਹੀ ਲੱਗਿਆ ਹੋਇਆ ਹੈ।
                  ਇਸ ਦੇ ਨਾਲ ਹੀ ਰਾਜਿੰਦਰਾ ਹਸਪਤਾਲ ਜਾਂ ਹੋਰ ਸਰਕਾਰੀ ਹਸਪਤਾਲਾਂ ‘ਚ ਮਰੀਜਾਂ ਦੇ ਅੰਗ ਕੱਢੇ ਜਾਣ ਦੀਆਂ ਅਫ਼ਵਾਹਾਂ ਦਾ ਵੀ ਖੰਡਨ ਕਰਦਿਆਂ ਸ੍ਰੀਮਤੀ ਸੁੁਰਭੀ ਨੇ ਕਿਹਾ ਅਜਿਹਾ ਕਰਨਾ ਕਿਸੇ ਵੀ ਹਾਲਾਤ ‘ਚ ਸੰਭਵ ਨਹੀਂ ,ਕਿਉਂਕਿ ਇੱਥੇ ਵੱਡੀ ਗਿਣਤੀ ਬਾਕੀ ਸਟਾਫ਼, ਮਰੀਜ ਮੌਜੂਦ ਰਹਿੰਦੇ ਹਨ ਅਤੇ ਨਾਲ ਹੀ ਆਈਸੋਲੇਸ਼ਨ ਫੈਸਿਲਟੀ ‘ਚ ਕੋਈ ਉਪਰੇਸ਼ਨ ਥੀਏਟਰ ਹੀ ਨਹੀਂ ਹੈ, ਜਿਥੇ ਅਜਿਹਾ ਕੀਤਾ ਜਾ ਸਕੇ। ਉਨ੍ਹਾਂ ਸਪਸ਼ਟ ਕੀਤਾ ਕਿ ਅੰਗ ਕੱਢਕੇ ਉਸਨੂੰ ਸਟੋਰ ਕਰਨਾ ਅਤੇ ਉਸ ਨੂੰ ਅੱਗੇ ਕਿਸੇ ਹੋਰ ਥਾਂ ‘ਤੇ ਲੈ ਕੇ ਜਾਣਾ ਸੰਭਵ ਵੀ ਨਹੀਂ ਹੈ ਅਤੇ ਕੋਈ ਵੀ ਡਾਕਟਰ ਅਜਿਹੇ ਕੰਮ ‘ਚ ਨਹੀਂ ਲੱਗਿਆ ਹੋਇਆ। ਉਨ੍ਹਾਂ ਦੱਸਿਆ ਕਿ ਰਾਜਿੰਦਰਾ ਹਸਪਤਾਲ ‘ਚ 1519 ਮਰੀਜ ਦਾਖਲ ਹੋਏ ਸਨ, ਜਿਨ੍ਹਾਂ ‘ਚੋਂ 1000 ਤੋਂ ਵਧੇਰੇ ਮਰੀਜ ਠੀਕ ਹੋਕੇ ਘਰ ਜਾ ਚੁੱਕੇ ਹਨ ਜਾਂ ਐਲ-2 ਫੈਸਲਿਟੀ ‘ਚ ਹਨ। ਇਸ ਤੋਂ ਇਲਾਵਾ ਹੁਣ ਰਾਜਿੰਦਰਾ ਹਸਪਤਾਲ ‘ਚ ਮਰੀਜਾਂ ਦੇ ਠੀਕ ਹੋਣ ਦੀ ਦਰ 64 ਫੀਸਦੀ ਤੋਂ ਵੱਧ ਗਈ ਹੈ।
                ਵੈਂਟੀਲੇਟਰ ‘ਤੇ ਮਰੀਜਾਂ ਦੀ ਮੌਤ ਦਰ ਜਿਆਦਾ ਹੋਣ ਸਬੰਧੀਂ ਕੀਤੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਸ੍ਰੀਮਤੀ ਸੁਰਭੀ ਮਲਿਕ ਨੇ ਕਿ ਅਜਿਹੇ ਮਰੀਜਾਂ ਦੀ ਮੌਤ ਦਰ ਪੂਰੇ ਵਿਸ਼ਵ ਭਰ ‘ਚ ਹੀ ਜ਼ਿਆਦਾ ਹੈ ਅਤੇ ਅਜਿਹਾ ਹੀ ਰਾਜਿੰਦਰਾ ਹਸਪਤਾਲ ‘ਚ ਵੀ ਹੈ, ਪਰੰਤੂ ਫਿਰ ਵੀ ਇੱਥੇ ਡਾਕਟਰਾਂ ਨੇ ਹੁਣ ਤੱਕ 3 ਮਰੀਜਾਂ ਨੂੰ ਵੈਂਟੀਲੇਟਰ ਤੋਂ ਉਤਾਰ ਕੇ ਸਿਹਤਯਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਮਰੀਜ ਦੀ ਮੌਤ ਉਸ ਦੀ ਬਿਮਾਰੀ ਦੀ ਗੰਭੀਰਤਾ ਅਤੇ ਉਸਦੀ ਸਰੀਰਕ ਹਾਲਤ ‘ਤੇ ਨਿਰਭਰ ਕਰਦੀ ਹੈ, ਅਜਿਹਾ ਨਹੀਂ ਹੈ ਕਿ ਰਾਜਿੰਦਰਾ ਹਸਪਤਾਲ ਆਉਣ ਵਾਲੇ ਮਰੀਜ ਮਰ ਰਹੇ ਹਨ।
                ਉਨ੍ਹਾਂ ਕਿਹਾ ਕਿ ਹਾਲਾਂਕਿ ਰਾਜਿੰਦਰਾ ਹਸਪਤਾਲ ‘ਚ ਬਹੁਤ ਹੀ ਗੰਭੀਰ ਹਾਲਤ ‘ਚ ਮਰੀਜ ਪੁੱਜਦੇ ਹਨ, ਜਿਸ ਕਰਕੇ ਮੌਤ ਦਰ ਵੀ ਜਿਆਦਾ ਹੋਣੀ ਸੁਭਾਵਕ ਹੈ। ਉਨ੍ਹਾਂ ਕਿਹਾ ਕਿ ਮਰੀਜਾਂ ਦੇ ਦੇਰੀ ਨਾਲ ਪੁੱਜਣ ਕਰਕੇ ਹੀ ਪਹਿਲੇ 24 ਘੰਟਿਆਂ ‘ਚ 44 ਫੀਸਦੀ ਮਰੀਜਾਂ ਦੀ ਮੌਤ ਹੁੰਦੀ ਹੈ, ਇਸ ਲਈ ਲੋਕ ਮੌਤ ਦਰ ਘਟਾਉਣ ਲਈ ਤੁਰੰਤ ਆਪਣੇ ਟੈਸਟ ਕਰਵਾਉਣ ਅਤੇ ਤੁਰੰਤ ਹੀ ਡਾਕਟਰੀ ਸਹਾਇਤਾ ਲੈਣ।
                ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਕੋਵਿਡ ਵਾਰਡ ‘ਚ ਸੀਸੀਟੀਵੀ ਕੈਮਰੇ ਲਗਾਕੇ ਇਸ ਨੂੰ ਆਮ ਲੋਕਾਂ ਨੂੰ ਦਿਖਾਉਣਾ ਨੈਤਿਕ ਤੌਰ ‘ਤੇ ਠੀਕ ਨਹੀਂ ਹੈ । ਕਿਉਂਕਿ ਅਜਿਹਾ ਕਰਨ ਨਾਲ ਮਰੀਜਾਂ ਦੀ ਨਿੱਜਤਾ ਵੀ ਪ੍ਰਭਾਵਤ ਹੋਵੇਗੀ। ਉਨ੍ਹਾਂ ਕਿਹਾ ਕਿ ਕੈਮਰੇ ਬੇਸ਼ੱਕ ਵਾਰਡ ‘ਚ ਲਗਾਏ ਜਾ ਰਹੇ ਹਨ । ਪਰੰਤੂ ਉਹ ਕੇਵਲ ਡਾਕਟਰਾਂ ਦੀ ਅੰਦਰੂਨੀ ਵਰਤੋਂ ਲਈ ਹੀ ਹੋਣਗੇ। ਪ੍ਰੰਤੂ ਜੇਕਰ ਕਿਸੇ ਗੰਭੀਰ ਮਰੀਜ ਦੇ ਵਾਰਿਸ ਚਾਹੁੰਦੇ ਹਨ ਕਿ ਉਨ੍ਹਾਂ ਦੇ ਮਰੀਜ ਦੀ ਵੀਡੀਓ ਕਾਲ ਕਰਵਾਈ ਜਾਵੇ ਤਾਂ ਇਸ ਨੂੰ ਮਰੀਜ ਦੀ ਹਾਲਤ ਦੇਖਦੇ ਹੋਏ ਹਸਪਤਾਲ ਵੱਲੋਂ ਕਰਵਾਇਆ ਜਾ ਸਕਦਾ ਹੈ।
                 ਇਸ ਮੌਕੇ ਸ੍ਰੀਮਤੀ ਸੁਰਭੀ ਨੇ ਇਹ ਵੀ ਦੱਸਿਆ ਕਿ ਰਾਜਿੰਦਰਾ ਹਸਪਤਾਲ ‘ਚ ਆਕਸੀਜਨ ਵਾਲੇ 600 ਬੈਡ ਹਨ ਅਤੇ ਇੱਥੇ ਅੱਜ 228 ਮਰੀਜ ਦਾਖਲ ਹਨ ਅਤੇ 105 ਮਰੀਜ ਆਕਸੀਜਨ ਦੇ ਵੱਖ-ਵੱਖ ਸਾਧਨਾਂ ‘ਤੇ ਹਨ, ਇੱਥੇ 250 ਦੇ ਕਰੀਬ ਡਾਕਟਰ ਅਤੇ 250 ਪੈਰਾਮੈਡੀਕਲ ਸਟਾਫ਼ ਸਮੇਤ ਐਨੇ ਹੀ ਅਟੈਂਡੈਂਟ ਤੇ ਸਫਾਈ ਕਰਮੀ ਮਰੀਜਾਂ ਦੀ ਸੇਵਾ ਸੰਭਾਲ ਲਈ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਮਰੀਜਾਂ ਦੇ ਲਈ 150 ਬੈਡ ਹੋਰ ਵੀ ਵਧਾਏ ਜਾ ਰਹੇ ਹਨ। ਇਸ ਤੋਂ ਬਿਨ੍ਹਾਂ ਹਸਪਤਾਲ ਵੱਲੋਂ ਕੰਟਰੋਲ ਰੂਮ ਤੋਂ ਲਗਾਤਾਰ ਮਰੀਜਾਂ ਦੇ ਵਾਰਸਾਂ ਨੂੰ ਮਰੀਜਾਂ ਦੀ ਸਿਹਤ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਜਦੋਂਕਿ ਵਟਸਐਪ ਨੰਬਰ 6239488469 ‘ਤੇ ਮੈਸੇਜ ਭੇਜ ਕੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

Advertisement
Advertisement
Advertisement
Advertisement
Advertisement
error: Content is protected !!