ਦਫਤਰ ਚ ‘ ਕੰਮ ਕਰਵਾਉਣ ਲਈ ਆਏ ਲੋਕ ਖੱਜਲ ਖੁਆਰ ਹੋ ਕੇ ਘਰੀਂ ਪਰਤਣ ਨੂੰ ਮਜਬੂਰ
ਮਹਿਲ ਕਲਾਂ 2 ਸਤੰਬਰ 2020 ( ਗੁਰਸੇਵਕ ਸਿੰਘ ਸਹੋਤਾ, ਡਾ ਮਿੱਠੂ ਮੁਹੰਮਦ, ਪਾਲੀ ਵਜੀਦਕੇ)
ਪੰਜਾਬ ਸਰਕਾਰ ਇੱਕ ਪਾਸੇ ਤੋਂ ਆਪਣੇ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਰਾਹੀਂ ਬੁਢਾਪਾ ,ਵਿਧਵਾ ,ਅੰਗਹੀਣ ਅਤੇ ਆਸ਼ਰਿਤ ਦੇ ਲੋੜਵੰਦ ਵਿਅਕਤੀਆਂ ਨੂੰ ਪੈਨਸ਼ਨਾਂ ਪਾਰਦਰਸ਼ੀ ਢੰਗ ਨਾਲ ਲਗਾਉਣ ਅਤੇ ਸਰਕਾਰਾ ਦੀਆਂ ਵੱਖ ਵੱਖ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ।
ਪਰ ਦੂਜੇ ਪਾਸੇ ਰਾਜ ਭਰ ਦੇ ਅੰਦਰ ਕੁੱਲ 156 ਬਲਾਕਾਂ ਅੰਦਰ 150 ਕਲਰਕਾਂ 150 ਸੀਨੀਅਰ ਸਹਾਇਕ 37 ਸੀਡੀਪੀਓ ਦੀਆਂ ਅਸਾਮੀਆਂ ਸਮੇਤ ਕੁਝ ਹੋਰ ਖਾਲੀ ਪਈਆਂ ਹੋਣ ਕਾਰਨ ਲੋਕਾਂ ਨੂੰ ਕੇਂਦਰ ਤੇ ਰਾਜ ਸਰਕਾਰ ਦੁਆਰਾ ਮਿਲਣ ਵਾਲੀਆਂ ਵੱਖ ਵੱਖ ਸਕੀਮਾਂ ਲੋਕਾਂ ਤੱਕ ਨਾ ਪਹੁੰਚਣ ਕਰਕੇ ਲੋੜਵੰਦ ਲੋਕ ਸਕੀਮਾਂ ਤੋਂ ਵਾਂਝੇ ਰਹਿ ਜਾਂਦੇ ਹਨ ।
ਅਜਿਹਾ ਮਾਮਲਾ ਬਿਨਾਂ ਸਰਕਾਰੀ ਬਿਲਡਿੰਗ ਦੇ ਇੱਕ ਕਿਰਾਏ ਦੇ ਮਕਾਨ ਵਿੱਚ ਚੱਲ ਰਹੇ ਸੀਡੀਪੀਓ ਦਫ਼ਤਰ ਮਹਿਲ ਕਲਾਂ ਵਿਖੇ1ਕਲਰਕ ਦੀ ਅਸਾਮੀ ਖਾਲੀ 2 ਸੁਪਰਵਾਈਜ਼ਰਾਂ 1ਚੌਕੀਦਾਰ ਸਮੇਤ ਅਸਾਮੀਆਂ ਖਾਲੀ ਪਈਆਂ ਹੋਣ ਕਾਰਨ ਸਾਹਮਣੇ ਆਇਆ ਹੈ । ਜਦ ਕਿ ਇਸ ਦਫ਼ਤਰ ਅੰਦਰ ਕੁੱਲ 12 ਮੁਲਾਜ਼ਮਾਂ ਦੀਆਂ ਪੋਸਟਾਂ ਹਨ । ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਕਲਰਕ ਹੀ ਦਫਤਰ ਦਾ ਕੰਮ ਕਾਜ ਸੰਭਾਲ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਰਾਣੇ ਮੁਲਾਜ਼ਮਾਂ ਦੇ ਲਗਾਤਾਰ ਸੇਵਾ ਮੁਕਤ ਹੋਣ ਕਰਕੇ ਮੁਲਾਜ਼ਮਾਂ ਦੀ ਗਿਣਤੀ ਲਗਾਤਾਰ ਦਿਨੋਂ ਦਿਨ ਘਟਦੀ ਜਾ ਰਹੀ ਹੈ । ਜਿਸ ਕਰਕੇ ਪਹਿਲਾਂ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਉੱਪਰ ਹੋਰ ਵਾਧੂ ਬੋਝ ਪਾਇਆ ਹੋਇਆ ਹੈ ਅਤੇ ਮੁਲਾਜ਼ਮਾਂ ਦੀ ਨਵੀਂ ਭਰਤੀ ਨਾ ਹੋਣ ਕਰਕੇ ਮੁਲਾਜ਼ਮਾਂ ਦੀ ਘਾਟ ਕਾਰਨ ਲੋੜਵੰਦ ਲੋਕ ਕੇਂਦਰ ਤੇ ਰਾਜ ਸਰਕਾਰ ਦੀਆਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ ।
ਇਸ ਸੀਡੀਪੀਓ ਦਫ਼ਤਰ ਵਿੱਚ ਪਿੰਡਾਂ ਤੋਂ ਬੱਸ ਕਿਰਾਏ ਲਾ ਕੇ ਆਏ ਲੋਕ ਆਪਣੇ ਕੰਮ ਧੰਦੇ ਕਰਵਾਉਣ ਲਈ ਖੱਜਲ ਖੁਆਰ ਹੁੰਦੇ ਰਹਿੰਦੇ ਹਨ ਕਿਉਂਕਿ ਲੋੜਵੰਦ ਲੋਕ ਪੈਨਸ਼ਨਾਂ ਲਗਾਉਣ ਸਮੇਂ ਅਤੇ ਹੋਰ ਆਂਗਣਵਾੜੀ ਸੈਂਟਰਾਂ ਵਿੱਚੋਂ ਮਿਲਣ ਵਾਲੀਆਂ ਸਹੂਲਤਾਂ ਲੈਣ ਲਈ ਕਈ ਵਾਰੀ ਤਾਂ ਦਫਤਰ ਲੱਭਣ ਹੀ ਬਹੁਤ ਔਖਾ ਹੈ ।ਜਿਸ ਕਾਰਨ ਉਹ ਦਫ਼ਤਰ ਨਾ ਲੱਭਣ ਸਮੇਂ ਖੱਜਲ ਖੁਆਰ ਹੁੰਦੇ ਰਹਿੰਦੇ ਹਨ ਜਿਸ ਕਰਕੇ ਕੁਝ ਲੋਕ ਬਿਨਾਂ ਕੰਮ ਕਰਵਾਏ ਬਰੰਗ ਘਰਾਂ ਨੂੰ ਵਾਪਸ ਪਰਤਣ ਲਈ ਮਜਬੂਰ ਹੋ ਜਾਂਦੇ ਹਨ । ਸੀਡੀਪੀਓ ਦਫ਼ਤਰ ਅਧੀਨ ਕੁੱਲ 124 ਸੈਂਟਰਾਂ ਨੂੰ ਪਿੰਡ ਵਜੀਦਕੇ ਕਲਾਂ, ਮਹਿਲ ਖੁਰਦ ਛਾਪਾ ਚੰਨਣਵਾਲ ਸਰਕਲਾਂ ਵਿੱਚ ਵੰਡਿਆ ਹੋਣ ਕਰਕੇ ਉਕਤ ਸੈਂਟਰਾਂ ਵਿੱਚ 6 ਵਰਕਰਾਂ ਅਤੇ 18 ਹੈਲਪਰਾਂ ਦੀਆਂ ਪੋਸਟਾਂ ਵੀ ਖਾਲੀ ਹੋਣ ਕਰਕੇ 0 ਤੋਂ 6 ਤੱਕ ਦੇ 6550 ਦੇ ਕਰੀਬ ਬੱਚਿਆਂ ਨੂੰ ਕੁਪੋਸ਼ਨ ਤੋਂ ਬਚਾਉਣ ਲਈ ਸੰਤੁਲਨ ਭੋਜਨ ਮੁਹੱਈਆ ਕਰਾਉਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਤੋਂ ਇਲਾਵਾ 993 ਦੇ ਕਰੀਬ ਗਰਭਵਤੀ ਔਰਤਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਵੀ ਸਮੇਂ ਸਿਰ ਲੋੜੀਂਦੀ ਖ਼ੁਰਾਕ ਨਾ ਮਿਲਣ ਕਰਕੇ ਮੁਸ਼ਕਿਲਾਂ ਵਿਚੋਂ ਲੰਘਣਾ ਪੈ ਰਿਹਾ ਹੈ।
ਇਸ ਸਬੰਧੀ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕੇ ਪੰਜਾਬ ਸਰਕਾਰ ਇੱਕ ਪਾਸੇ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ । ਪਰ ਦੂਜੇ ਪਾਸੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਨਾਲ ਨਾਲ ਪੂਰੇ ਪੰਜਾਬ ਅੰਦਰ ਵੱਖ ਵੱਖ ਵਿਭਾਗਾਂ ਚ ਖਾਲੀ ਪਈਆਂ ਆਸਾਮੀਆਂ ਹੋਣ ਕਾਰਣ ਲੋੜਵੰਦ ਲੋਕ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ । ਉਨ੍ਹਾਂ ਕਿਹਾ ਕਿ ਖਾਲੀ ਅਸਾਮੀਆਂ ਦਾ ਮਾਮਲਾ ਵਿਧਾਨ ਸਭਾ ਵਿੱਚ ਉਠਾਇਆ ਜਾਵੇਗਾ।
ਕੁੱਲ ਹਿੰਦ ਕਿਸਾਨ ਸਭਾ ਦੇ ਤਹਿਸੀਲ ਬਰਨਾਲਾ ਦੇ ਸੱਕਤਰ ਕਾਮਰੇਡ ਬਲਵੰਤ ਸਿੰਘ ਨਿਹਾਲੂਵਾਲ ਤੇ ਤਹਿਸੀਲ ਕਮੇਟੀ ਮੈਂਬਰ ਜਗਸੀਰ ਸਿੰਘ ਧਾਲੀਵਾਲ ਸਹਿਜੜਾ, ਸ੍ਰੋਮਣੀ ਅਕਾਲੀ ਦਲ ਬ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਯੂਥ ਵਿੰਗ ਦੇ ਸਰਕਲ ਪ੍ਰਧਾਨ ਬਲਵੰਤ ਸਿੰਘ ਢਿੱਲੋਂ ਛੀਨੀਵਾਲ ਕਲਾਂ ਅਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਕੋਮੀ ਪ੍ਰਚਾਰ ਸਕੱਤਰ ਭਾਈ ਹਰਮੀਤ ਸਿੰਘ ਖਾਲਸਾ ਮੂੰਮ ਤੇ ਸਰਕਲ ਮਹਿਲ ਕਲਾਂ ਦੇ ਪ੍ਰਧਾਨ ਮਹਿੰਦਰ ਸਿੰਘ ਸਹਿਜੜਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਛੀਨੀਵਾਲ ਕਲਾਂ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸੀ ਡੀ ਪੀ ਓ ਦਫ਼ਤਰ ਮਹਿਲ ਕਲਾਂ ਵਿਖੇ ਵੱਖ ਵੱਖ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਤਾਂ ਜੋ ਕਿ ਲੋੜਵੰਦ ਲੋਕਾਂ ਨੂੰ ਪੈਨਸ਼ਨਾਂ ਅਤੇ ਹੋਰ ਕੰਮ ਪਾਰਦਰਸ਼ੀ ਢੰਗ ਨਾਲ ਹੋ ਸਕਣ।