ਐਸ.ਡੀ.ਐਮ. ਨੇ ਕਿਹਾ, ਕੋਵਿਡ-19 ਖ਼ਿਲਾਫ਼ ਵਿੱਢੀ ਜੰਗ ਨੂੰ ਸਾਂਝੀ ਸ਼ਮੂਲੀਅਤ ਨਾਲ ਹੀ ਜਿੱਤਿਆ ਜਾ ਸਕਦੈ
ਰਿੰਕੂ ਝਨੇੜੀ . ਭਵਾਨੀਗੜ੍ਹ , 30 ਅਗਸਤ:2020
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਡਵੀਜ਼ਨ ਮੈਜਿਸਟ੍ਰੇਟ ਭਵਾਨੀਗੜ੍ਹ ਡਾਕਟਰ ਕਰਮਜੀਤ ਸਿੰਘ ਵੱਲੋਂ ਸੈਕਟਰ ਅਫ਼ਸਰਾਂ ਨਾਲ ਮਿਸ਼ਨ ਫ਼ਤਹਿ ਤਹਿਤ ਮੀਟਿੰਗ ਕੀਤੀ ਗਈ। ਜਿਸ ਵਿੱਚ ਸਬ ਡਵੀਜਨ ਪੱਧਰ ਦੇ ਵੱਖ ਵੱਖ ਅਧਿਕਾਰੀਆਂ ਨੇ ਹਿੱਸਾ ਲਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਕਰਮਜੀਤ ਸਿੰਘ ਨੇ ਕਿਹਾ ਕਿ ਕੋਵਿਡ-19 ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਵਿੱਢੀ ਜੰਗ ਨੂੰ ਸਾਂਝੀ ਸ਼ਮੂਲੀਅਤ ਨਾਲ ਹੀ ਜਿੱਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਪਾਜਟਿਵ ਕੇਸਾਂ ਨੂੰ ਲੱਭਣ ਲਈ ਵੱਧ ਤੋਂ ਵੱਧ ਸੈਂਪਲਿੰਗ ਕਰਵਾਉਣ ਤੇ ਜ਼ੋਰ ਦੇਣ ਦੀ ਲੋੜ ਹੈ। ਪਾਜੇਟਿਵ ਆਉਣ ਵਾਲੇ ਵਿਅਕਤੀਆਂ ਦੀ ਸੰਪਰਕ ਸੂਚੀ ਤਿਆਰ ਕਰਕੇ ਉਨ੍ਹਾਂ ਦੇ ਵੀ ਜਲਦੀ ਤੋਂ ਜਲਦੀ ਸੈਂਪਲ ਕਰਵਾਏ ਜਾਣ।
ਇਸ ਮੌਕੇ ਡਾਕਟਰ ਕਰਮਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਲੋਕਾਂ ਨੂੰ ਬੇਹਤਰੀਨ ਸੇਵਾਵਾਂ ਦੇਣ ਲਈ ਵਚਨਬੱਧ ਹੈ। ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਤਨਦੇਹੀ ਨਾਲ ਇਸ ਕਾਰਜ ਵਿੱਚ ਜੁਟੇ ਹੋਏ ਹਨ।ਇਸ ਲਈ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਨੂੰ ਪੂਰਨ ਸਹਿਯੋਗ ਦੇਣ। ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਫਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿੱਤਾ ਜਾਵੇ ਕਿਉਂਕਿ ਕੋਵਿਡ ਪਾਜਿਟਿਵ ਵਿਅਕਤੀ ਜੇਕਰ ਸਮੇਂ ਸਿਰ ਇਲਾਜ ਸ਼ੁਰੂ ਕਰਵਾਏਗਾ ਤਾਂ ਹੀ ਉਸਦੀ ਤੇ ਉਸਦੇ ਸਕੇ-ਸੰਬੰਧੀਆਂ ਦੀ ਸੁਰੱਖਿਆ ਇਸ ਮਾਰੂ ਵਾਇਰਸ ਤੋਂ ਯਕੀਨੀ ਬਣਾਈ ਜਾ ਸਕੇਗੀ।