ਮਹਿਲਾ ਮੁਲਾਜ਼ਮ ਤੇ ਪੁਲਿਸ ਹੋਈ ਮੇਹਰਬਾਨ, ਕਾਂਸਟੇਬਲ ਨੂੰ ਕੇਸ ਤੋਂ ਬਚਾਇਆ
ਅਧੂਰਾ ਹੀ ਸਹੀ,ਆਖਿਰ ਪੀੜਤ ਨੂੰ ਮਿਲਿਆ ਇਨਸਾਫ
ਹਰਿੰਦਰ ਨਿੱਕਾ ਬਰਨਾਲਾ 30 ਅਗਸਤ 2020
ਇੱਕ ਪ੍ਰਾਈਵੇਟ ਫਾਇਨਾਂਸ ਬੈਂਕ ਦੀ ਮਹਿਲਾ ਮੁਲਾਜ਼ਮ ਦੇ ਘਰ ਰਾਤ ਸਮੇਂ ਦਾਖਿਲ ਹੋ ਕੇ ਸਾਮੂਹਿਕ ਗੈਂਗਰੇਪ ਕਰਨ ਦੇ ਦੋਸ਼ ‘ਚ ਆਖਿਰ ਪੁਲਿਸ ਨੇ 2 ਸ਼ਰਾਬ ਸਮਗਲਰਾਂ ਖਿਲਾਫ ਕੇਸ ਦਰਜ਼ ਕਰਕੇ ਇੱਨ੍ਹਾਂ ਵਿੱਚੋਂ ਇੱਕ ਨਾਮਜਦ ਦੋਸ਼ੀ ਨੂੰ ਗਿਰਫਤਾਰ ਵੀ ਕਰ ਲਿਆ ਹੈ। ਪਰੰਤੂ ਪੁਲਿਸ ਅਧਿਕਾਰੀਆਂ ਨੇ ਪੀੜਤਾ ਵੱਲੋਂ 21 ਅਗਸਤ ਨੂੰ ਐਸ. ਐਸ.ਪੀ. ਦਫਤਰ ਚ, ਪੇਸ਼ ਹੋ ਕੇ ਦਿੱਤੀ ਦੁਰਖਾਸਤ ਨੂੰ ਦਰਕਿਨਾਰ ਕਰਦੇ ਹੋਏ ਪੀੜਤਾ ਦਾ ਹੋਰ ਬਿਆਨ ਲਿਖ ਕੇ ਥਾਣਾ ਸਿਟੀ ਵਿਖੇ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਨੂੰ ਕੇਸ ਵਿੱਚੋਂ ਬਚਾ ਵੀ ਲਿਆ ਹੈ। ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਅਧਿਕਾਰੀਆਂ ਦੇ ਦਰਾਂ ਤੇ ਭਟਕਦੀ ਪੀੜਤਾ ਦਾ ਮਾਮਲਾ ‘’ ਬਰਨਾਲਾ ਟੂਡੇ ’’ ਨੇ ਪ੍ਰਮੁੱਖਤਾ ਨਾਲ ਨਸ਼ਰ ਕਰਕੇ ਪੀੜਤਾ ਦੀ ਅਵਾਜ ਆਲ੍ਹਾ ਅਧਿਕਾਰੀਆਂ ਤੱਕ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਈ । ਪੀੜਤਾ ਦੀ ਦੁਰਖਾਸਤ ‘ਚ ਸ਼ਾਮਿਲ ਤਿੰਨ ਦੋਸ਼ੀਆਂ ਵਿੱਚੋਂ 2 ਨਾਮਜ਼ਦ ਦੋਸ਼ੀਆਂ ਖਿਲਾਫ ਕੇਸ ਦਰਜ਼ ਹੋਣ ਨਾਲ ਬੇਸ਼ੱਕ ਅਧੂਰਾ ਹੀ ਸਹੀ , ਪੀੜਤਾ ਨੂੰ ਇਨਸਾਫ ਮਿਲਣ ਦਾ ਰਾਹ ਜਰੂਰ ਖੁੱਲ੍ਹ ਗਿਆ ਹੈ।
ਐਫ.ਆਈ.ਆਰ. ਨੰਬਰ-385 @ ਦਫਾ 376 D IPC
ਪੀੜਤਾ ਦੇ ਬਿਆਨ ਤੇ ਥਾਣਾ ਸਿਟੀ ਬਰਨਾਲਾ ਵਿਖੇ ਦਰਜ਼ ਐਫ.ਆਈ.ਆਰ. ਨੰਬਰ-385 ਅਨੁਸਾਰ 17 ਜੁਲਾਈ 2020 ਦੀ ਰਾਤ ਉਹ ਆਪਣੇ ਪਿਤਾ ਸਮੇਤ ਘਰ ‘ਚ ਇਕੱਲੀ ਹੀ ਸੀ। ਅੱਧੀ ਰਾਤ ਕਰੀਬ 12 ਕੁ ਵਜੇ ਦਾ ਵਖਤ ਹੋਵੇਗਾ, ਤਾਂ ਸੇਖਾ ਰੋਡ ਦੀ ਗਲੀ ਨੰਬਰ-12 ਦੇ ਰਹਿਣ ਵਾਲੇ ਸਤਨਾਮ ਸਿੰਘ ਸੱਤੀ ਨੇ ਉਸ ਨੂੰ ਫੋਨ ਕੀਤਾ ਕਿ ਉਹ ਗੇਟ ਖੋਲ੍ਹ ਦੇਵੇ, ਨਹੀਂ ਉਹ ਕੰਧ ਟੱਪ ਕੇ ਘਰ ਅੰਦਰ ਦਾਖਿਲ ਹੋ ਜਾਣਗੇ। ਪੀੜਤਾ ਅਨੁਸਾਰ ਉਸ ਦਾ ਪਿਤਾ ਘਰ ਦੇ ਦੂਸਰੇ ਕਮਰੇ ਚ, ਪਿਆ ਸੀ। ਜਦੋਂ ਉਸ ਨੇ ਗੇਟ ਖੋਲ੍ਹਿਆ ਤਾਂ ਸਤਨਾਮ ਸਿੰਘ ਸੱਤੀ ਅਤੇ ਹੈਪੀ ਸਿੰਘ ਕਿਸ਼ਨਗੜ ਘਰ ਅੰਦਰ ਦਾਖਿਲ ਹੋ ਗਏ। ਦੋਵਾਂ ਨੇ ਉਸ ਨੂੰ ਜਬਰਦਸਤੀ ਆਪਣੀ ਹਵਸ ਦਾ ਸ਼ਿਕਾਰ ਬਣਾਇਆ । ਦੋਸ਼ੀਆਂ ਨੇ ਰੌਲਾ ਪਾਉਣ ਤੋਂ ਰੋਕਣ ਲਈ ਉਸ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਦੋਵਾਂ ਦੋਸ਼ੀਆਂ ਨੇ ਉਸਦੀਆਂ ਅਸ਼ਲੀਲ ਹਾਲਤ ‘ਚ ਫੋਟੋਆਂ ਵੀ ਖਿੱਚ ਲਈਆਂ । ਡਰ ਕਾਰਣ ਉਹ ਉਸ ਸਮੇਂ ਚੁੱਪ ਹੀ ਰਹੀ। ਬਾਅਦ ਵਿੱਚ ਦੋਵਾਂ ਨਾਮਜਦ ਦੋਸ਼ੀਆਂ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਵਾਇਰਲ ਕਰਨ ਦਾ ਭੈਅ ਦਿਖਾ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਦੋਵੇਂ ਦੋਸ਼ੀਆਂ ਨੇ ਉਸ ਨੂੰ ਬਲੈਕਮੇਲ ਕਰਕੇ ਹੁਣ ਤੱਕ ਕਰੀਬ 3 ਲੱਖ ਰੁਪਏ ਵੀ ਲੈ ਲਏ ਹਨ ।
2 ਦੋਸ਼ੀਆਂ ਤੇ ਕੇਸ ਦਰਜ 1 ਕਾਬੂ, ਦੂਜੇ ਦੀ ਤਲਾਸ਼ ਸ਼ੁਰੂ
ਮਾਮਲੇ ਦੀ ਤਫਤੀਸ਼ ਅਧਿਕਾਰੀ ਐਸ.ਆਈ. ਰਾਜਪਾਲ ਕੌਰ ਅਨੁਸਾਰ ਪੀੜਤਾ ਦੇ ਬਿਆਨ ਦੇ ਅਧਾਰ ਤੇ ਸਤਨਾਮ ਸਿੰਘ ਸੱਤੀ ਅਤੇ ਹੈਪੀ ਸਿੰਘ ਕਿਸ਼ਨਗੜ ਦੋਵੇਂ ਨਿਵਾਸੀ ਸੇਖਾ ਰੋਡ ਗਲੀ ਨੰਬਰ-12 ਬਰਨਾਲਾ ਦੇ ਖਿਲਾਫ ਅਧੀਨ ਜੁਰਮ 376 ਡੀ, 450, 384, 506 ਆਈ.ਪੀ.ਸੀ. ਦੇ ਤਹਿਤ ਥਾਣਾ ਸਿਟੀ ਬਰਨਾਲਾ ‘ਚ ਕੇਸ ਦਰਜ਼ ਕਰਕੇ ਨਾਮਜ਼ਦ ਦੋਸ਼ੀ ਹੈਪੀ ਸਿੰਘ ਕਿਸ਼ਨਗੜ ਨੂੰ ਗਿਰਫਤਾਰ ਵੀ ਕਰ ਲਿਆ ਹੈ। ਜਦੋਂ ਕਿ ਸਤਨਾਮ ਸਿੰਘ ਸੱਤੀ ਦੀ ਤਲਾਸ਼ ਜਾਰੀ ਹੈ। ਉਨਾਂ ਪੀੜਤਾ ਦੀ ਦੁਰਖਾਸਤ ‘ਚ ਸ਼ਾਮਿਲ ਇੱਕ ਮਹਿਲਾ ਕਾਂਸਟੇਬਲ ਦੇ ਖਿਲਾਫ ਕੇਸ ਦਰਜ਼ ਨਹੀਂ ਕਰਨ ਬਾਰੇ ਪੁੱਛਣ ਤੇ ਕਿਹਾ ਕਿ ਪੀੜਤਾ ਨੇ ਆਪਣੇ ਹਾਲੀਆ ਬਿਆਨ ‘ਚ ਕਿਸੇ ਮਹਿਲਾ ਕਾਂਸਟੇਬਲ ਦਾ ਨਾਮ ਨਹੀਂ ਲਿਆ ਹੈ। ਫਿਰ ਵੀ ਪੜਤਾਲ ਦੌਰਾਨ ਜੇਕਰ ਕੋਈ ਹੋਰ ਨਾਮ ਸਾਹਮਣੇ ਆਇਆ ਤਾਂ ਉਸ ਮੁਤਾਬਿਕ ਅਗਲੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਅਦਾਲਤ ‘ਚ ਬਿਆਨ ਕਰਵਾਉਣ ਦੀ ਤਿਆਰੀ
ਪੁਲਿਸ ਸੂਤਰਾਂ ਅਨੁਸਾਰ ਗੈਂਗਰੇਪ ਪੀੜਤ ਲੜਕੀ ਦਾ 164 ਸੀ.ਆਰ.ਪੀ.ਸੀ. ਤਹਿਤ ਬਿਆਨ ਅਦਾਲਤ ‘ਚ ਕਰਵਾਉਣ ਅਤੇ ਸਿਵਲ ਹਸਪਤਾਲ ‘ਚ ਪੀੜਤ ਦਾ ਮੈਡੀਕਲ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਤਫਤੀਸ਼ ਅਧਿਕਾਰੀ ਐਸ.ਆਈ. ਰਾਜਪਾਲ ਕੌਰ ਨੇ ਮੰਨਿਆ ਕਿ ਪੀੜਤਾ ਦਾ ਬਿਆਨ ਅਦਾਲਤ ‘ਚ ਵੀ ਕਲਮਬੰਦ ਕਰਵਾਇਆ ਜਾਵੇਗਾ।
ਸ਼ਰਾਬ ਸਮਗਲਰ ਹਨ, ਦੋਵੇਂ ਨਾਮਜ਼ਦ ਦੋਸ਼ੀ
ਵਰਨਣਯੋਗ ਹੈ ਕਿ ਪੁਲਿਸ ਰਿਕਾਰਡ ਅਨੁਸਾਰ ਗੈਂਗਰੇਪ ਦੇ ਕੇਸ ‘ਚ ਨਾਮਜ਼ਦ ਉਕਤ ਦੋਵੇਂ ਦੋਸ਼ੀ ਸਤਨਾਮ ਸਿੰਘ ਸੱਤੀ ਅਤੇ ਹੈਪੀ ਕਿਸ਼ਨਗੜ ਸ਼ਰਾਬ ਸਮਗਲਿੰਗ ਦਾ ਨਜਾਇਜ ਧੰਦਾ ਕਰਦੇ ਹਨ। ਦੋਵਾਂ ਦੋਸ਼ੀਆਂ ਖਿਲਾਫ ਚਾਲੂ ਸਾਲ ਦੌਰਾਨ ਵੀ ਥਾਣਾ ਤਪਾ ਵਿਖੇ ਆਬਕਾਰੀ ਐਕਟ ਦੇ ਤਹਿਤ ਐਫ.ਆਈ.ਆਰ. ਨੰਬਰ-70 ਦਰਜ਼ ਹੋਈ ਹੈ। ਮੁਖਬਰ ਦੀ ਸੂਚਨਾ ਦੇ ਅਧਾਰ ਤੇ ਦਰਜ਼ ਇਸ ਐਫਆਈਆਰ ‘ਚ ਕਿਹਾ ਗਿਆ ਹੈ ਕਿ ਦੋਵੇਂ ਵਿਅਕਤੀਆਂ ਨੇ ਸ਼ਰਾਬ ਸਮਗਲਿੰਗ ਲਈ ਇੱਕ ਗਿਰੋਹ ਬਣਾਇਆ ਹੋਇਆ ਹੈ। ਜਿਹੜੇ ਬਾਹਰੀ ਠੇਕਿਆਂ ਤੋਂ ਸਸਤੇ ਭਾਅ ਤੇ ਸ਼ਰਾਬ ਲਿਆ ਕੇ ਇਲਾਕੇ ਅੰਦਰ ਨਜਾਇਜ਼ ਸ਼ਰਾਬ ਦੀ ਸਪਲਾਈ ਕਰਦੇ ਹਨ। ਇਸ ਕੇਸ ‘ਚ ਦੋਵੇਂ ਨਾਮਜਦ ਦੋਸ਼ੀਆਂ ਨੂੰ ਅਦਾਲਤ ਤੋਂ ਜਮਾਨਤ ਮਿਲੀ ਹੋਈ ਹੈ।