ਨਸ਼ਾ ਤਸਕਰੀ ਦੇ ਬੇਤਾਜ਼ ਬਾਦਸ਼ਾਹ ਪਿਉ-ਪੁੱਤ ਦੀ ਜੋੜੀ ਬਰਨਾਲਾ ਪੁਲਿਸ ਨੇ ਕੀਤੀ ਗਿਰਫਤਾਰ
17 ਸੂਬਿਆਂ ‘ਚ 1 ਮਹੀਨੇ ‘ਚ 20 ਕਰੋੜ ਦਾ ਮੈਡੀਕਲ ਨਸ਼ਾ ਵੇਚਣ ਵਾਲਿਆਂ ਤੇ ਕਸਿਆ ਸ਼ਿਕੰਜਾ
ਹਰਿੰਦਰ ਨਿੱਕਾ ਬਰਨਾਲਾ 28 ਅਗਸਤ 2020
ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਦਵਾਈਆਂ ਬਣਾਉਣ ਵਾਲੀ ਇਕ ਫਰਮ ‘ਤੇ ਨਾਜਾਇਜ਼ ਮੈਡੀਕਲ ਨਸ਼ਾ ਬਣਾਉਣ ਤੇ ਸਪਲਾਈ ਕਰਨ ਦੇ ਦੋਸ਼ ਤਹਿਤ ਬਰਨਾਲਾ ਪੁਲਿਸ ਨੇ ਦਿੱਲੀਓ ਕਲੋਵੀਡੋਲ ਬਾਦਸ਼ਾਹ ਪਿਓ-ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਜਿੱਥੇ ਪੰਜਾਬ ਪੁਲਿਸ ਇੰਡੀਆ ਤੇ ਡੀਜੀਪੀ ਪੰਜਾਬ ਪੁਲਿਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਰਨਾਲਾ ਪੁਲਿਸ ਵੱਲੋਂ ਜੁਲਾਈ ‘ਚ ਮਥੁਰਾ ਗੈਂਗ ਤੇ ਆਗਰਾ ਗੈਂਗ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਲੱਖਾਂ ਦੀ ਤਾਦਾਦ ‘ਚ ਨਸ਼ੀਲਾ ਮੈਡੀਕਲ ਪਦਾਰਥ ਤੇ ਕਰੋੜਾਂ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਸੀ। ਇਸੇ ਕੜੀ ਤਹਿਤ ਬਰਨਾਲਾ ਪੁਲੀਸ ਵੱਲੋਂ ਕੋਲ ਵੀ ਡੋਲ ਬਾਦਸ਼ਾਹ ਨਿਊ ਟੈੱਕ ਹੈਲਥ ਕੇਅਰ ਨਰੇਲਾ ਦਿੱਲੀ ਦੀ ਕੰਪਨੀ ਦੇ ਪਿਓ-ਪੁੱਤ ਮਾਲਕ ਕ੍ਰਿਸ਼ਨ ਅਰੋੜਾ ਤੇ ਗੌਰਵ ਅਰੋੜਾ ਨੂੰ ਵੀ ਬਰਨਾਲਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਡੀਜੀਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਇਹ ਪੋਸਟ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਿਆਂ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ।
17 ਸੂਬਿਆਂ ‘ਚ ਪ੍ਰਤੀ ਮਹੀਨਾ 18/ 20 ਕਰੋੜ ਰੁਪਏ ਦਾ ਕਾਰੋਬਾਰ
ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਾ ਮੁਕਤ ਪੰਜਾਬ ਕਰਨ ਅਤੇ ਡੀਜੀਪੀ ਦਿਨਕਰ ਗੁਪਤਾ ਦੇ ਹੁਕਮਾਂ ‘ਤੇ ਉਹ ਮੈਡੀਕਲ ਨਸ਼ਿਆਂ ਦੀ ਸਪਲਾਈ ਚੇਨ ਕੱਟ ਰਹੇ ਹਨ । ਜਿਸ ਤਹਿਤ ਪੁਲਿਸ ਨੇ ਆਗਰਾ ਗੈਂਗ ਅਤੇ ਮਥੁਰਾ ਗੈਂਗ ਨੂੰ ਕਾਬੂ ਕੀਤਾ ਸੀ। ਉਸੇ ਹੀ ਕੜੀ ਤਹਿਤ ਉਨ੍ਹਾਂ ਨੇ ਕਲੋਵੀਡੋਲ ਬਾਦਸ਼ਾਹ ਪਿਓ ਪੁੱਤ ਦਿੱਲੀ ਤੋਂ ਕਾਬੂ ਕਰ ਕੇ ਨਾਜਾਇਜ਼ ਮੈਡੀਕਲ ਨਸ਼ਾ ਬਣਾਉਣ ਵਾਲੀ ਫੈਕਟਰੀ ਤਕ ਪਹੁੰਚ ਕੀਤੀ ਹੈ ।
ਐੱਸਐੱਸਪੀ ਸੰਦੀਪ ਗੋਇਲ ਨੇ ਦੱਸਿਆ ਕਿ 18 ਤੋਂ 20 ਕਰੋੜ ਰੁਪਏ ਦਾ ਨਸ਼ਾ ਮੈਡੀਕਲ ਦੀ ਸਪਲਾਈ 17 ਸੂਬਿਆਂ ‘ਚ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਇਹ ਨਸ਼ਾ ਸਪਲਾਈ ਪੰਜਾਬ ਜਾਂ ਨਾਲ ਲੱਗਦੇ ਸੂਬਿਆਂ ਚ ਨਹੀਂ ਬਲਕਿ ਪੂਰੇ ਹਿੰਦੁਸਤਾਨ ‘ਚ ਮੈਡੀਕਲ ਨਸ਼ਾ ਸਪਲਾਈ ਕਰਦੇ ਸਨ। ਬਰਨਾਲਾ ਪੁਲਿਸ ਸੀ ਆਈ ਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਵੱਲੋਂ ਦਿੱਲੀਓਂ ਗ੍ਰਿਫ਼ਤਾਰ ਕੀਤੇ ਪਿਓ-ਪੁੱਤ ਨੂੰ ਬਰਨਾਲਾ ਦੀ ਮਾਣਯੋਗ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਹੋਰ ਜਾਂਚ ਕੀਤੀ ਜਾ ਰਹੀ ਹੈ।
ਵਰਨਣਯੋਗ ਹੈ ਕਿ ਨਸ਼ਾ ਤਸਕਰੀ ਦੇ ਕੇਸ ਚ, ਥਾਣਾ ਸਿਟੀ ਪੁਲਿਸ ਨੇ ਬਰਨਾਲਾ ਦੇ ਪ੍ਰਸਿੱਧ ਫਰਮ ਬੀਰੂ ਰਾਮ ਠਾਕੁਰ ਦਾਸ ਦੇ ਸੰਚਾਲਕ ਰਿੰਕੂ ਮਿੱਤਲ ਨੂੰ ਗਿਰਫਤਾਰ ਕੀਤਾ ਸੀ। ਜਿਸ ਸਬੰਧੀ ਬਰਨਾਲਾ ਟੂਡੇ ਦੀ ਟੀਮ ਨੇ ਵਿਸ਼ੇਸ਼ ਮੁਹਿੰਮ ਤਹਿਤ ਰਿੰਕੂ ਮਿੱਤਲ ਦੁਆਰਾ ਨਸ਼ਾ ਤਸਕਰੀ ਦੇ ਬੁਣੇ ਜਾਲ ਬਾਰੇ ਵੱਡੇ ਖੁਲਾਸੇ ਕਰਕੇ 10 ਵਰ੍ਹਿਆਂ ਤੋਂ ਕੁੰਭਕਰਨੀ ਨੀਂਦ ਸੌਂ ਰਹੀ ਬਰਨਾਲਾ ਪੁਲਿਸ ਨੂੰ ਹਲੂਣ ਕੇ ਜਗਾਇਆ ਸੀ। ਜਿਸ ਤੋਂ ਬਾਅਦ ਰਿੰਕੂ ਮਿੱਤਲ ਦੀ ਪੁੱਛਗਿੱਛ ਦੇ ਅਧਾਰ ਤੇ ਪੁਲਿਸ ਨੂੰ ਨਸ਼ਾ ਤਸਕਰਾਂ ਦੇ ਜਾਲ ਨੂੰ ਉਧੇੜਨ ਦਾ ਮੌਕਾ ਮਿਲਿਆ ਹੈ। ਜਦੋਂ ਕਿ ਕੇਸ ਦਰਜ਼ ਕਰਨ ਸਮੇਂ ਪੁਲਿਸ ਨੇ ਇਸ ਕੇਸ ਨੂੰ ਕੋਈ ਖਾਸ ਗੰਭੀਰਤਾ ਨਾਲ ਨਹੀਂ ਲਿਆ ਸੀ।