*ਜ਼ਰਖ਼ੇਜ਼ ਮਿੱਟੀ ਚੋਂ ਉੱਗੇ ਜ਼ੋਸ਼ੀਲੇ ਨਾਹਰੇ* ਅੱਤਿਆਚਾਰ ਦਾ ਸ਼ਿਕਾਰ ਹੋਈ ,,ਕਿਰਨ,, ਬਣੀ ਇਨਸਾਫ ਦੀ ਚੰਗਿਆੜੀ

Advertisement
Spread information

ਯਾਦਵਿੰਦਰ ਠੀਕਰੀਵਾਲਾ 10 ਅਗਸਤ 2020 
ਬਰਨਾਲਾ ਜਿਲ੍ਹੇ ਦੇ ਕਸਬਾ ਮਹਿਲ ਕਲਾਂ ਚੋਂ 22 ਵਰ੍ਹੇ ਪਹਿਲਾਂ ਅੱਤਿਆਚਾਰ ਦਾ ਸ਼ਿਕਾਰ ਹੋਈ ਕਿਰਨ, ਨੇ ਇਨਸਾਫ਼ ਦੀ ਚੰਗਿਆੜੀ ਬਣ ਕੇ ਜਿੱਥੇ ਪੂਰੇ ਵਿਸ਼ਵ ਵਿੱਚ ਆਪਣੀ ਪਹਿਚਾਣ ਕਾਇਮ ਕੀਤੀ ਹੈ, ਉੱਥੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਆਪਣਾ ਵੱਡਾ ਯੋਗਦਾਨ ਪਾਇਆ ਹੈ।
             29 ਜੁਲਾਈ 1997 ਵਿੱਚ ਵਾਪਰੀ ਇਹ ਅਣਸੁਖਾਵੀਂ ਘਟਨਾ ਵਾਪਰੀ ਸੀ। ਮਹਿਲ ਕਲਾਂ ਦਾ ਗੁੰਡਾ ਪ੍ਰੀਵਾਰ ਜਿਸ ਦੀ ਪਿਛਲੇ ਪੰਜਾਹ-ਸੱਠ ਸਾਲਾਂ ਤੋਂ ਪੂਰੀ ਦਹਿਸ਼ਤ ਸੀ । ਪੂਰੇ ਇਲਾਕੇ ਵਿੱਚ। ਕੋਈ ਵੀ ਡਰਦਾ ਸਾਹ ਨਹੀਂ ਸੀ ਕੱਢਦਾ। ਕਿਉਂਕਿ ਉਹਨਾਂ ਨੇ ਬਥੇਰੀ ਗਰੀਬ /ਬੇਔਲਾਦ ਲੋਕਾਂ ਦੀ ਜ਼ਮੀਨ ਤੇ ਧੱਕੇ ਨਾਲ ਕਬਜ਼ੇ,ਉਧਾਲੇ,ਕਤਲ,ਜਬਰੀ ਵਸੂਲੀ,  ਨਸ਼ਿਆਂ ਦਾ ਕਾਰੋਬਾਰ ਗੱਲ ਕੀ ਇਲਾਕੇ ਵਿੱਚ ਹੋਣ ਵਾਲੇ ਹਰ ਛੋਟੇ ਵੱਡੇ ਗੁਨਾਹ ਵਿੱਚ ਜ਼ਰੂਰ ਸ਼ਾਮਲ ਹੁੰਦੇ ਰਹੇ ਹਨ।  ਬੇਸ਼ੱਕ ਵਿੰਗੇ-ਟੇਢੇ ਢੰਗਾਂ ਨਾਲ ਹੀ ਸਹੀ।
ਪਰ ਕਿੰਨੀ ਕੁ ਦੇਰ ਆਖਿਰ ਹਨ੍ਹੇਰਗਰਦੀ ਚਲਦੀ ਹੈ। ਕਿੰਨਾ ਕੁ ਚਿਰ ਅਣਖੀ ਲੋਕ ਚੁੱਪ ਕਰਕੇ ਜਰ ਸਕਦੇ ਹਨ। ਅਖੀਰ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਮਹਿਲ ਕਲਾਂ ਦੇ ਜਾਏ ਪ੍ਰੀਵਾਰ ਦੇ ਅੰਗਹੀਣ ਮਾਸਟਰ ਦਰਸ਼ਨ ਸਿੰਘ ਦੀ ਕਾਲਜ ਪੜ੍ਹਦੀ ਧੀ ਨੂੰ ਉਹਨਾਂ ਗੁੰਡੇ ਲਾਣੇ ਦੇ ਭੂਰੇ ਛੋਕਰਿਆਂ ਨੇ ਅਗਵਾ ਕਰ ਲਿਆ, ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਅਧਮੋਈ ਬੱਚੀ ਨੂੰ ਆਪਣੇ ਹੀ ਖੇਤ ਵਿੱਚ ਦੱਬ ਕੇ ਉਪਰੋਂ ਦੀ ਖਾਲ ਦਾ ਪਾਣੀ ਵਗਾ ਦਿੱਤਾ। ਦੁੱਖ ਅਤੇ ਗਮ ਵਿੱਚ ਡੁੱਬਿਆ ਪ੍ਰੀਵਾਰ ਆਪਣੀ ਧੀ ਨੂੰ ਪਾਗਲਾਂ ਵਾਂਗ ਲੱਭਦਾ ਰਿਹਾ, ਤੇ ਦੋਸ਼ੀ ਵੀ ਬੜੇ ਬੀਬੇ ਰਾਣੇ ਬਣ ਨਾਲ ਲੱਭਾਉਂਦੇ ਫਿਰਦੇ ਰਹੇ।
                ਜਦੋਂ ਕੋਈ ਥਹੁ-ਪਤਾ ਨਾ ਲੱਗਿਆ ਤਾਂ ਮਾਪਿਆਂ ਨੂੰ ਬਹੁਤ ਫ਼ਿਕਰ ਪਿਆ, ਕਈਆਂ ਕੋਲ ਗੱਲ ਕੀਤੀ, ਪਰ ਕੋਈ ਗੱਲ ਨਹੀਂ ਬਣੀ ਤਾਂ ਹਾਰ ਕੇ ਸਦਮੇ ਚ ਗਿਆ ਪ੍ਰੀਵਾਰ ਲੋਕਾਂ ਲਈ ਲੜਨ ਵਾਲੇ ਸਾਥੀਆਂ ਨੂੰ ਮਿਲਿਆ। ਸਾਥੀਆਂ ਨੇ ਇਕੱਠਿਆਂ ਹੋ ਕੇ ਇੱਕ ਐਕਸ਼ਨ ਕਮੇਟੀ ਬਣਾਈ। ਬੇਸ਼ੱਕ ਕਿਸੇ ਵੀ ਸਾਥੀ ਦਾ ਯੋਗਦਾਨ ਕਿਸੇ ਵੀ ਤਰ੍ਹਾਂ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ। ਐਕਸ਼ਨ ਕਮੇਟੀ ਮਹਿਲ ਕਲਾਂ ਵਿੱਚ ਮਰਹੂਮ ਸਾਥੀ ਭਗਵੰਤ ਸਿੰਘ, ਮਰਹੂਮ ਸਾਥੀ ਮੋਹਨ ਸਿੰਘ,ਦੋ ਚਲਦੇ ਸੰਘਰਸ਼ ਦੇ ਦੌਰਾਨ ਹੀ ਸਾਥੋਂ ਸਦਾ ਲਈ ਵਿਛੜ ਗਏ ਸਨ, ਸਾਥੀ ਗੁਰਵਿੰਦਰ ਸਿੰਘ ਕਲਾਲਾ, ਕੁਲਵੰਤ ਰਾਏ ਪੰਡੋਰੀ, ਅਮਰਜੀਤ ਕੁੱਕੂ, ਗੁਰਦੇਵ ਸਿੰਘ ਸਹਿਜੜਾ,ਪ੍ਰੀਤਮ ਸਿੰਘ ਦਰਦੀ, ਜਰਨੈਲ ਸਿੰਘ ਚੰਨਣਵਾਲ, ਮਲਕੀਤ ਸਿੰਘ ਵਜੀਦਕੇ, ਨਿਹਾਲ ਸਿੰਘ, ਸੁਰਿੰਦਰ ਸਿੰਘ ਜਲਾਲਦੀਵਾਲ , ਮਾਸਟਰ ਦਰਸ਼ਨ ਸਿੰਘ,ਵੱਖ-ਵੱਖ ਵਿਚਾਰਾਂ ਵਾਲੇ ਸਾਥੀ ਨੇ । ਗੁੰਡਿਆਂ ਦੀ ਢਾਣੀ ਦਾ ਸਰਕਾਰੇ-ਦਰਬਾਰੇ ਬਹੁਤ ਰਸੂਖ਼ ਹੋਣ ਕਰਕੇ ਬਹੁਤ ਵਾਰ ਐਕਸ਼ਨ ਕਮੇਟੀ ਨੂੰ ਪਾੜਨ-ਖਿੰਡਾਉਣ-ਡਰਾਉਣ-ਧਮਕਾਉਣ ਵਾਲੇ ਸਾਰੇ ਹੱਥਕੰਡੇ ਅਪਨਾਏ ਗਏ ।                ਪਰ ਸਭ ਵਿਅਰਥ ਸਿੱਧ ਹੋਏ। ਆਮ ਲੋਕਾਂ ਦੇ ਸਹਿਯੋਗ , ਸ਼ਮੂਲੀਅਤ ਅਤੇ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਦੇ ਇਸ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਦਿੱਤਾ ਗਿਆ ਸਾਥ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਿਆ ਹੈ। ਬੇਸ਼ੱਕ ਉਹਨਾਂ ਨੇ ਲੋਕਾਂ ਤੋਂ ਲੁੱਟੇ ਹੋਏ ਧਨ ਦੀ ਬੇ-ਦਰੇਗ ਵਰਤੋਂ ਕੀਤੀ, ਕਾਨੂੰਨ, ਪੁਲਿਸ, ਸਿਆਸੀ ਅਤੇ ਅਦਾਲਤਾਂ ਨੇ ਵੀ ਆਪਣੀ ਪੂਰੀ ਵਾਹ ਲਾਈ ਪਰ ਲੱਖਾਂ ਲੋਕਾਂ ਦੇ ਆਪ-ਮੁਹਾਰੇ ਜੁੜੇ ਕਾਫ਼ਲਿਆਂ ਨੇ ਸਭ ਕੁੱਝ ਮਿੱਟੀ ਚ ਮਿਲਾ ਕੇ ਇੱਕ ਵਿਲੱਖਣ ਅਤੇ ਸ਼ਾਨਦਾਰ ਰਵਾਇਤ ਨੂੰ ਸਥਾਪਿਤ ਕੀਤਾ। ਬੇਸ਼ੱਕ ਇਸ ਮੁਕਾਮ ਤੱਕ ਪਹੁੰਚਣ ਲਈ ਐਕਸ਼ਨ ਕਮੇਟੀ ਦੇ ਸਾਥੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ-ਦੁਸਵਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ। ਪੁਲਿਸ ਸਿਆਸੀ ਗੁੰਡਾ ਅਤੇ ਅਦਾਲਤੀ ਗਠਜੋੜ ਨੂੰ ਪੂਰੇ ਧੜੱਲੇ ਨਾਲ ਵਰਤਦੇ ਹੋਏ ਇੱਕ ਝੂਠੇ ਕਤਲ ਕੇਸ ਵਿੱਚ ਐਕਸ਼ਨ ਕਮੇਟੀ ਦੇ ਤਿੰਨ ਸੁਹਿਰਦ ਸੁਚੇਤ ਅਤੇ ਜੁਝਾਰੂ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਦੇ ਤਹਿਤ ਜੇਲ੍ਹ ਵਿੱਚ ਬੰਦ ਕਰਵਾਉਣ ਦੀ ਕੋਝੀ ਹਰਕਤ ਵੀ ਕੀਤੀ।

                ਪਰ ਲੋਕ ਕਦੇ ਵੀ ਟਿਕ ਕੇ ਨਹੀਂ ਬੈਠੇ ਜਦੋਂ ਤੱਕ ਉਹਨਾਂ ਨੇ ਆਪਣੇ ਦੋ ਲੋਕ ਆਗੂਆਂ ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਸਜ਼ਾ ਗਵਰਨਰ ਪੰਜਾਬ ਤੋਂ ਸਜ਼ਾ ਮੁਕਤ ਨਹੀਂ ਕਰਵਾ ਲਿਆ। ਵੱਖ-ਵੱਖ ਰੰਗਾਂ ਦੇ ਵੋਟ ਵਟੋਰੂ ਟੋਲਿਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਾਹਣਤਾਂ ਵੀ ਪਾਈਆਂ ਤੇ ਲੋਕਾਂ ਵਿੱਚ ਅਸਲੀ ਦੁਸ਼ਮਣ ਦੀ ਪਹਿਚਾਣ ਵੀ ਕਰਵਾਈ, ਆਪਣੇ ਆਪ ਨੂੰ ਲੋਕ ਪੱਖੀ ਕਹਾਉਣ ਵਾਲਾ ਇੱਕ ਬੁੱਕਲ ਦਾ ਸੱਪ ਲੋਕਾਂ ਨੇ ਸਟੇਜ ਤੋਂ ਬੋਲਦਾ ਹੀ ਥੱਲੇ ਲਾਹ ਦਿੱਤਾ, ਕਿਉਂਕਿ ਉਹ ਗੁੰਡਾ ਅਨਸਰਾਂ ਦੀ ਪੁਸ਼ਤਪਨਾਹੀ ਕਰਨ ਲਈ ਜ਼ਿੰਮੇਵਾਰ ਸੀ, ਇਲਾਕੇ ਵਿੱਚ ਜਿੱਥੇ ਉਸ ਦੀ ਤੂਤੀ ਬੋਲਦੀ ਸੀ ਸੁਚੇਤ ਅਤੇ ਚੇਤਨ ਕੀਤੇ ਲੋਕਾਂ ਨੇ ਨਕਾਰ ਕੇ ਪਰ੍ਹਾਂ ਵਗਾਹ ਮਾਰਿਅਾ। ਇੱਕ ਵਾਰ ਫਿਰ ਉਹਨਾਂ ਨੇ ਤਕੜਾ ਜੁਗਾੜ ਲਾ ਕੇ ਪੈਸੇ ਝੋਕ ਕੇ ਕਿਸਾਨ ਆਗੂ ਮਨਜੀਤ ਧਨੇਰ ਨੂੰ ਉਮਰ ਕੈਦ ਦੀ ਸਜ਼ਾ ਬਹਾਲ ਕਰਵਾਉਣ ਵਿੱਚ ਕਾਮਯਾਬ ਹੋ ਗਏ।

Advertisement

             ਪਰ ਸਦਕੇ ਜਾਈਏ ਆਗੂ ਟੁਕੜੀ ਦੀ ਸੂਝ-ਬੂਝ ਦੇ ਜਿੰਨ੍ਹਾਂ ਨੇ ਲੋਕਾਂ ਨੂੰ ਕੱਠੇ ਹੋ ਕੇ ਆਪਣੀ ਅਣਖ਼ ਆਬਰੂ ਤੇ ਹੋਏ ਇਸ ਤਿੱਖੇ ਹਮਲੇ ਦਾ ਟਾਕਰਾ ਕਰਦਿਆਂ ਮੂੰਹ ਤੋੜਵਾਂ ਜਵਾਬ ਦੇਣ ਲਈ ਇੱਕ ਜਾਨ ਹੂਲਵੇਂ ਸੰਗਰਾਮ ਦਾ ਹੋਕਾ ਦਿੱਤਾ। ਲੋਕਾਂ ਦੀ ਕਚਹਿਰੀ ਨੇ ਆਪਣੇ ਆਗੂ ਮਨਜੀਤ ਧਨੇਰ ਨੂੰ ਜੇਲ੍ਹ ਅਧਿਕਾਰੀਆਂ ਦੇ ਹਵਾਲੇ ਕੀਤਾ ਅਤੇ ਹਿੱਕ ਠੋਕ ਕੇ ਇਹ ਵਾਇਦਾ ਵੀ ਕੀਤਾ ਕਿ ਲੋਕ ਆਪਣੇ ਘਰੀਂ ਨਹੀਂ ਜਾਣਗੇ ਜਿੰਨੀ ਦੇਰ ਤੱਕ ਆਪਣੇ ਮਹਿਬੂਬ ਆਗੂ ਮਨਜੀਤ ਧਨੇਰ ਨੂੰ ਜੇਲ੍ਹ ਵਿੱਚੋਂ ਬਾਹਰ ਨਹੀਂ ਲਿਆਉਂਦੇ ।ਇਹ ਗੱਲ ਸੱਚ ਵੀ ਕਰਦੇ ਦਿਖਾਈ ਵਿਸ਼ਾਲ ਲੋਕ ਲਾਮਬੰਦੀ ਨੇ। ਲੋਕਾਂ ਦੇ ਸੁਹਿਰਦ ਟੀਮ ਦੀ ਅਗਵਾਈ ਹੇਠ ਜ਼ਿਲ੍ਹਾ ਜੇਲ੍ਹ ਦੇ ਦਰਾਂ ਉੱਤੇ ਲਗਾਤਾਰ ਧਰਨਾ ਜਾਰੀ ਰਖਦਿਆਂ ਸੰਘਰਸ਼ ਕੀਤਾ ਤੇ ਉਦੋਂ ਤੱਕ ਲਗਾਤਾਰ ਜਾਰੀ ਰੱਖਿਆ ,ਜਦੋਂ ਤੱਕ ਮਨਜੀਤ ਧਨੇਰ ਨੂੰ ਜੇਲ੍ਹ ਵਿੱਚੋਂ ਰਿਹਾ ਨਾ ਕਰਵਾ ਕੇ ਇੱਕ ਵਿਲੱਖਣ ਅਤੇ ਨਿਵੇਕਲਾ ਇਤਿਹਾਸ ਨਾ ਰਚ ਦਿੱਤਾ।

             ਇਹ ਸਚਮੁੱਚ ਹੀ ਬੇਹੱਦ ਵਿਲੱਖਣ ਅਤੇ ਨਿਵੇਕਲਾ ਇਤਿਹਾਸ ਹੈ। ਜਿਸ ਦਾ ਜਨਮ ਖੇਤਾਂ ਦੇ ਪੁੱਤਾਂ, ਕਿਰਤਾਂ ਦੇ ਜਾਏ,ਮਾਈ ਭਾਗੋ ਦੀਆਂ ਵਾਰਸ ਔਰਤਾਂ ਦੇ ਜ਼ੋਸ਼ੀਲੇ ਨਾਹਰਿਆਂ ਵਿੱਚੋਂ ਹੀ ਹੋਇਆ ਹੈ। ਇਹਨਾਂ ਜ਼ੋਸ਼ੀਲੇ ਨਾਹਰਿਆਂ ਨੇ ਸਮੇਂ ਦੀਆਂ ਹਕੂਮਤਾਂ ਨੂੰ ਤਰੇਲੀਆਂ ਲਿਆ ਦਿੱਤੀਆਂ ਸੀ। ਪੂਰੀ ਸੁਹਿਰਦਤਾ ਨਾਲ ਪੂਰੇ 22 ਸਾਲ ਲਗਾਤਾਰ ਸੰਘਰਸ਼ ਦਗਦਾ-ਮਘਦਾ ਰੱਖਣਾ ਕੋਈ ਛੋਟੀ ਗੱਲ ਨਹੀਂ ਹੈ। ਇਹ ਸਭ ਕੁੱਝ ਪਿੱਛੇ ਰਹਿ ਕੇ ਸੁਚੇਤ ਚੇਤਨ ਅਤੇ ਮਹੱਤਵਪੂਰਨ ਅਗਵਾਈ ਕਰਨ ਵਾਲੇ ਬੇਹੱਦ ਸੂਝਵਾਨ ਆਗੂਆਂ ਦੀ ਬਦੌਲਤ ਹੀ ਸੰਭਵ ਹੋਇਆ ਹੈ। ਵੱਖ-ਵੱਖ ਵਿਚਾਰਾਂ ਦੇ ਆਗੂਆਂ ਨੂੰ ਇੱਕ ਮੰਚ ਤੇ ਇਕੱਠੇ ਕਰਨਾ ਅਤੇ ਬੇਹੱਦ ਸੰਜੀਦਾ ਸੰਵੇਦਨਸ਼ੀਲ ਸੂਖਮਭਾਵੀ ਅਤੇ ਸੁਚੇਤਕਦਮੀ ਨਾਲ ਘੋਲ ਨੂੰ ਇਸ ਢੰਗ ਨਾਲ ਅੱਗੇ ਵੱਲ ਵਧਾਉਣਾ, ਐਕਸ਼ਨ ਕਮੇਟੀ ਨੂੰ ਟੁੱਟਣ ਬਿੱਖਰਣ ਨਹੀਂ ਦੇਣਾ, ਸਚਮੁੱਚ ਹੀ ਬੇਹੱਦ ਮਹੱਤਵਪੂਰਨ ਅਤੇ ਸੂਝਵਾਨ ਆਗੂ ਟੁਕੜੀ ਦੀ ਦੂਰਅੰਦੇਸ਼ੀ ਨਾਲ ਹੀ ਹੋਇਆ ਹੈ।
               ਇਸ ਸੰਘਰਸ਼ ਨੇ ਪੂਰੇ 22 ਵਰ੍ਹੇ ਪੂਰੇ ਧੜੱਲੇ ਨਾਲ ਜੋਸ਼ੋ-ਖਰੋਸ਼ ਨਾਲ ਲੰਘਾਏ ਹਨ। ਹੁਣ 23 ਵਾਂ ਵਰ੍ਹਾ ਕੁੱਝ ਅਲੱਗ ਸਮੱਸਿਆਵਾਂ ਨੂੰ ਲੈਕੇ ਪਹਿਲਾਂ ਵਰਗੇ ਹਜ਼ਾਰਾਂ-ਦਹਿ ਹਜ਼ਾਰਾਂ ਲੋਕਾਂ ਦੇ ਇਕੱਠ ਨਹੀਂ ਹੋ ਸਕਦੇ ਕਿਉਂਕਿ ਕਰੋਨਾ ਵਾਇਰਸ ਦੇ ਚਲਦਿਆਂ ਸਰਕਾਰੀ ਹਦਾਇਤਾਂ ਅਨੁਸਾਰ ਬਚਾਅ ਕਰਨਾ ਬਣਦਾ ਹੈ। ਜਿਸ ਦੇ ਸਿੱਟੇ ਵਜੋਂ ਇਸ ਵਾਰ ਇੱਕ ਬੇਹੱਦ ਗੰਭੀਰ, ਮਹੱਤਵਪੂਰਨ ਅਤੇ ਵਿਲੱਖਣ ਢੰਗ ਤਰੀਕੇ ਨਾਲ ਬਰਸੀ ਮੌਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਹਨ।
               ਪਹਿਲੀ ਅਗੱਸਤ ਤੋਂ ਲੈ ਕੇ ਬਾਰਾਂ ਅਗੱਸਤ ਤੱਕ ਹਰ ਦਿਨ ਦੋ ਬੇਹੱਦ ਸਤਿਕਾਰ ਯੋਗ ਵਿਦਵਾਨ ਸ਼ਖ਼ਸੀਅਤਾਂ ਨੂੰ ਲੋਕਾਂ ਦੇ ਰੂਬਰੂ ਕੀਤਾ ਗਿਆ ਹੈ।ਇਹ ਸਭ ਪ੍ਰੋਗਰਾਮ ਮੋਬਾਈਲ ਫੋਨਾਂ ਤੇ ਆਨ-ਲਾਈਨ,ਲਾਈਵ ਜਾਂ ਫਿਰ ਫੇਸਬੁੱਕ ਪੇਜ ਤੇ ਵੇਖਿਆ ਵੀ ਜਾ ਸਕਦਾ ਹੈ ਅਤੇ ਸ਼ਾਮਲ ਵੀ ਹੋਇਆ ਜਾ ਸਕਦਾ ਹੈ।ਉਹ ਲਾਈਵ ਤੇ ਬੇਹੱਦ ਮਹੱਤਵਪੂਰਨ ਪ੍ਰੋਗਰਾਮ ਦੀ ਰੂਪ-ਰੇਖਾ ਹੇਠ ਲਿਖੇ ਅਨੁਸਾਰ ਵਿਉਂਤਬੰਦੀ ਕੀਤੀ ਗਈ ਹੈ।
# 1 ਅਗੱਸਤ ਸਵੇਰੇ ਹਮੀਰ ਸਿੰਘ (ਪੰ ਟ੍ਰਿਬਿ)
ਸ਼ਾਮ ਨੂੰ ਰਘੁਬੀਰ ਕੌਰ (ਦੇਸ਼ ਭਰ ਯ ਹਾਂ)
# 2 ਅਗੱਸਤ ਨੂੰ ਸਵੇਰੇ ਪ੍ਰੋ ਜਗਮੋਹਨ ਸਿੰਘ
(ਭਾਣਜਾ ਸ਼ਹੀਦ ਭਗਤ ਸਿੰਘ)
ਸ਼ਾਮ ਨੂੰ ਡਾ: ਕੁਲਦੀਪ ਕੌਰ
# 3 ਅਗੱਸਤ ਨੂੰ ਸਵੇਰੇ ਬੰਤ ਸਿੰਘ ਬਰਾੜ
ਸ਼ਾਮ ਨੂੰ ਪਰਵਿੰਦਰ ਕੌਰ ਸਵੈਚ (ਨਾਟਕ)
# 4 ਅਗੱਸਤ ਨੂੰ ਸਵੇਰੇ ਕੰਵਲਜੀਤ ਖੰਨਾ
(ਇਨ ਕੇਂਦਰ ਪੰਜਾਬ)
ਸ਼ਾਮ ਨੂੰ ਹਰਦੀਪ ਕੌਰ ਕੋਟਲਾ
# 5 ਅਗੱਸਤ ਨੂੰ ਸਵੇਰੇ ਮੰਗਤ ਰਾਮ ਫਾਸਲਾ
(ਸੀ ਪੀ ਐਮ)
ਸ਼ਾਮ ਨੂੰ ਨੀਤੂ ਅਰੋੜਾ (ਔਰਤ ਵਿਦਵਾਨ)
# 6 ਅਗੱਸਤ ਨੂੰ ਸਵੇਰੇ ਨੀਲ ਕਮਲ
(ਸੀਨੀਅਰ ਪੱਤਰਕਾਰ ਅੰਗਰੇਜ਼ੀ)
ਸ਼ਾਮ ਨੂੰ ਜਸਵੀਰ ਮੰਗੂਵਾਲ (ਪ੍ਰਵਾਸੀ)
# 7 ਅਗੱਸਤ ਨੂੰ ਸਵੇਰੇ ਜਰਮਨਜੀਤ ਸਿੰਘ
ਸ਼ਾਮ ਨੂੰ ਅਮਰਜੀਤ ਕੌਰ
# 8 ਅਗੱਸਤ ਨੂੰ ਸਵੇਰੇ ਜਸਵੀਰ ਸਮਰ
ਸ਼ਾਮ ਨੂੰ ਬਲਵੀਰ ਕੌਰ (ਤਕਨੀਕੀ ਖਰਾਬੀ ਕਾਰਨ ਰੂਬਰੂ ਨਹੀਂ ਹੋ ਸਕੇ)
# 9 ਅਗੱਸਤ ਨੂੰ ਸਵੇਰੇ ਜਗਮੋਹਣ ਪਟਿਆਲਾ
(ਬੀ ਕੇ ਯੂ ਡਕੌਂਦਾ)
ਸ਼ਾਮ ਨੂੰ ਡਾ: ਨਵਸ਼ਰਨ (ਬੇਟੀ ਗੁਰਸ਼ਰਨ ਸਿੰਘ)
# 10 ਅਗੱਸਤ ਨੂੰ ਸਵੇਰੇ ਸੁਰਜੀਤ ਸਿੰਘ
ਸ਼ਾਮ ਨੂੰ ਡਾ: ਅਰਵਿੰਦਰ ਕੌਰ ਕਾਕੜਾ
# 11 ਅਗੱਸਤ ਨੂੰ ਸਵੇਰੇ ਕਵਿਤਾ ਕ੍ਰਿਸ਼ਨਨ
ਸ਼ਾਮ ਨੂੰ
# 12 ਅਗੱਸਤ ਨੂੰ ਸਵੇਰੇ
ਸ਼ਾਮ ਨੂੰ ਇਹ ਸਾਰੇ ਹੀ ਸੁਹਿਰਦ ਵਿਦਵਾਨ ਅਤੇ ਬੇਹੱਦ ਸੂਝਵਾਨ ਸਾਥੀਆਂ ਨੇ ਆਪਣੇ ਰੂਬਰੂ ਸੰਬੋਧਨ ਸਮੇਂ ਸ਼ਰਧਾਂਜਲੀ ਭੇਟ ਕਰਦਿਆਂ ਔਰਤਾਂ/ਕੁੜੀਆਂ ਤੇ ਆਏ ਦਿਨ ਹੁੰਦੇ ਅੱਤਿਆਚਾਰਾਂ ਵਿਰੁੱਧ ਚੇਤੰਨ ਹੋ ਕੇ ਆਪਣੀ ਅਣਖ਼ ਆਬਰੂ ਖਾਤਰ ਲੋਕਾਂ ਦੀ ਏਕਤਾ ਤੇ ਟੇਕ ਰੱਖਦੇ ਹੋਏ ਸੰਗਰਾਮ ਦੇ ਰਾਹ ਤੇ ਤੁਰਨ ਦੀ ਲੋੜ ਤੇ ਜ਼ੋਰ ਦਿੱਤਾ। ਇਸ ਵਿਲੱਖਣਤਾ ਕਰਕੇ ਹੀ ਸਮੂਹ ਲੋਕਾਂ ਦੇ ਇਸ ਸੰਘਰਸ਼ ਨੂੰ ਸਿਰਫ਼ ਇਸ ਇਲਾਕੇ ਵਿੱਚ, ਪੰਜਾਬ ਵਿੱਚ, ਦੇਸ਼ ਵਿੱਚ ਹੀ ਨਹੀਂ ਸਗੋਂ ਇਹ ਤਾਂ ਸਮੂਚੇ ਸੰਸਾਰ ਪੱਧਰ ਉੱਤੇ ਵੀ ਲੱਖਾਂ ਲੋਕ ਇਸ ਸੰਗਰਾਮ ਦਾ ਹਿੱਸਾ ਬਣ ਕੇ ਹੋਕਾ ਦੇ ਰਹੇ ਹਨ। ਇਹ ਸੰਗਰਾਮ ਕੋਈ ਵਿਅਕਤੀ ਵਿਸ਼ੇਸ਼ ਜਾਂ ਫਿਰ ਕਿਸੇ ਇੱਕ ਧੜੇ/ਜੱਥੇਬੰਦੀ ਦਾ ਨਹੀਂ ਹੈ ਸਗੋਂ ਇਹ ਤਾਂ ਆਮ ਲੋਕਾਂ ਦੀ ਮੁਕਤੀ ਦੀ ਬਾਤ ਪਾਉਣ ਵਾਲੀ ਅਹਿਮ ਗਾਥਾ ਹੈ। ਕਿਰਨਜੀਤ ਕੌਰ ਮਹਿਲਕਲਾਂ ਅੱਜ ਇਕੱਲੀ ਕਿਸੇ ਬੱਚੀ ਦਾ ਨਾਂ ਨਹੀਂ ਹੈ ਇਹ ਤਾਂ ਔਰਤ ਮੁਕਤੀ ਦਾ ਪ੍ਰਤੀਕ ਬਣ ਚੁੱਕਿਆ ਹੈ।
                  ਸਚਮੁੱਚ ਹੀ 23 ਵੇਂ ਵਰ੍ਹੇ ਦਾ ਸ਼ਰਧਾਂਜਲੀ ਸਮਾਗਮ ਬੇਹੱਦ ਸਫ਼ਲ ਅਤੇ ਬੇਹੱਦ ਮਹੱਤਵਪੂਰਨ ਰਿਹਾ ਅਤੇ ਵਿਸ਼ਾਲ ਲੋਕਾਈ ਨੂੰ ਸੁਚੇਤ ਕਰਦਿਆਂ ਹੋਇਆਂ ਆਪਣਾ ਬਰਾਬਰੀ ਦੇ ਸਮਾਜ ਦਾ, ਔਰਤਾਂ ਨੂੰ ਸਨਮਾਨ ਦੇਣ ਵਾਲੇ ਸਮਾਜ ਸਿਰਜਣ ਦਾ ਸੁਨੇਹਾ ਦੇਣ ਚ ਬੇਹੱਦ ਸਫ਼ਲ ਰਿਹਾ ਹੈ।

Advertisement
Advertisement
Advertisement
Advertisement
Advertisement
error: Content is protected !!