ਪਿੰਡ ਕੋਠੇ ਗੋਬਿੰਦਪੁਰਾ ਦੇ ਕਿਸਾਨ ਦੇ ਖੇਤਾਂ ’ਚ ਲਗਾਈ ਆਧੁਨਿਕ ਰੇਨ ਗੰਨ ਸਿੰਜਾਈ ਤਕਨੀਕ
ਆਧੁਨਿਕ ਰੇਨ ਗੰਨ ਸਿੰਜਾਈ ਤਕਨੀਕ ਲਗਾਉਣ ਦੇ ਚਾਹਵਾਨ ਕਿਸਾਨਾਂ ਲਈ ਸੰਪਰਕ ਨੰਬਰ ਜਾਰੀ
ਹਰਿੰਦਰ ਨਿੱਕਾ ਬਰਨਾਲਾ, 10 ਅਗਸਤ 2020
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਡਾ. ਕਾਹਨ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਧਰਮਿੰਦਰ ਸ਼ਰਮਾ ਮੁੱਖ ਭੂਮੀ ਪਾਲ ਪੰਜਾਬ ਦੀ ਅਗਵਾਈ ਹੇਠ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਤਕਨੀਕ (ਡੀਐੱਸਆਰ) ਨਾਲ ਬੀਜੇ ਝੋਨੇ ਦੇ ਪਲਾਟਾਂ ਵਿੱਚ ਰੇਨ ਗੰਨ ਇਰੀਗੇਸ਼ਨ ਸਿਸਟਮ ਦੇ ਪ੍ਰਦਰਸ਼ਨੀ ਪ੍ਰਾਜੈਕਟਾਂ ਰਾਹੀਂ ਆਧੁਨਿਕ ਤਕਨੀਕ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਜ਼ਿਲਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਇੰਜਨੀਅਰ ਦਲਵੀਰ ਸਿੰਘ ਮੰਡਲ ਭੂਮੀ ਰੱਖਿਆ ਅਫਸਰ, ਸੰਗਰੂਰ ਦੀ ਅਗਵਾਈ ਅਤੇ ਡਾ. ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ, ਬਰਨਾਲਾ ਦੇ ਸਹਿਯੋਗ ਨਾਲ ਰੇਨ ਗੰਨ ਇਰੀਗੇਸ਼ਨ ਸਿਸਟਮ ਦੀ ਪ੍ਰਦਰਸ਼ਨੀ ਸ੍ਰੀ ਹਰਵਿੰਦਰ ਸਿੰਘ ਵੜਿੰਗ ਵਾਸੀ ਪਿੰਡ ਕੋਠੇ ਗੋਬਿੰਦਪੁਰਾ ’ਚ ਇਸ ਤਕਨੀਕ ਰਾਹੀਂ ਬੀਜੇ 1 ਏਕੜ ਰਕਬੇ ਵਿੱਚ ਲਗਾਈ ਗਈ ਹੈ। ਇਸ ਕਿਸਾਨ ਵੱਲੋਂ ਡੀਐੱਸਆਰ ਤਕਨੀਕ ਨਾਲ 65 ਏਕੜ ਰਕਬੇ ਵਿੱਚ ਝੋਨੇ ਦੀ ਬਿਜਾਈ ਕੀਤੀ ਗਈ ਹੈ।
ਇਸ ਆਧੁਨਿਕ ਰੇਨ ਗੰਨ ਸਿੰਜਾਈ ਤਕਨੀਕ ਬਾਰੇ ਇੰਜਨੀਅਰ ਭੁਪਿੰਦਰ ਸਿੰਘ, ਜ਼ਿਲਾ ਭੂਮੀ ਰੱਖਿਆ ਅਫਸਰ, ਬਰਨਾਲਾ ਵੱਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਇਹ ਸਿੰਜਾਈ ਤਕਨੀਕ ਦਿਨੋ-ਦਿਨ ਹੇਠਾਂ ਜਾ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਾਫੀ ਕਾਰਗਰ ਸਿੱਧ ਹੋਵੇਗੀ। ਉਨਾਂ ਦੱਸਿਆ ਕਿ ਇਹ ਰੇਨਗੰਨ ਪ੍ਰਣਾਲੀ 30 ਤੋਂ 40 ਮੀਟਰ ਹੈੱਡ ’ਤੇ ਕੰਮ ਕਰਦੀ ਹੈ, ਜੋ ਕਿ ਕੁਦਰਤੀ ਮੀਂਹ ਵਾਂਗ ਫਸਲਾਂ ਨੂੰ ਪਾਣੀ ਦਿੰਦੀ ਹੈ, ਜਿਸ ਦਾ ਘੇਰਾ 24 ਤੋਂ 36 ਮੀਟਰ ਹੁੰਦਾ ਹੈ ਅਤੇ ਲਗਭਗ 3.0 ਤੋਂ 9.0 ਲੀਟਰ ਪ੍ਰਤੀ ਸੈਕਿੰਡ ਦਾ ਡਿਸਚਾਰਜ ਹੁੰਦਾ ਹੈ।
ਇੱਕ ਏਕੜ ਵਿੱਚ 2 ਨੰਬਰ ਰੇਨਗੰਨਾਂ ਦੀ ਲੋੜ ਪੈਂਦੀ ਹੈ। ਰੇਨਗੰਨ ਨੂੰ ਇੱਕ ਜਗਾ ਤੋਂ ਦੂਜੀ ਜਗਾ ’ਤੇ ਸ਼ਿਫਟ ਕੀਤਾ ਜਾ ਸਕਦਾ ਹੈ ਅਤੇ ਲੋੜ ਅਨੁਸਾਰ 90, 180 ਤੇ 360 ਡਿਗਰੀ ’ਤੇ ਸੈੱਟ ਕੀਤਾ ਜਾ ਸਕਦਾ ਹੈ। ਡੀਐੱਸਆਰ ਤਕਨੀਕ ਨਾਲ ਬੀਜੇ ਝੋਨੇ ਵਿੱਚ ਰੇਨਗੰਨ ਪ੍ਰਣਾਲੀ ਰਾਹੀਂ 50-60 ਪ੍ਰਤੀਸ਼ਤ ਪਾਣੀ ਦੀ ਬੱਚਤ ਹੋ ਸਕੇਗੀ। ਸਰਕਾਰ ਵੱਲੋਂ ਇਸ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ 80 ਪ੍ਰਤੀਸ਼ਤ ਤੋਂ 90 ਪ੍ਰਤੀਸ਼ਤ ਤੱਕ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ। ਚਾਹਵਾਨ ਕਿਸਾਨ 9876695815 ਜਾਂ 9417175545 ’ਤੇ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਖੇਤੀਬਾੜੀ ਵਿਭਾਗ ਸ੍ਰੀ ਸੁਖਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਬਾਗਬਾਨੀ ਵਿਕਾਸ ਅਫਸਰ ਲਖਵਿੰਦਰ ਸਿੰਘ, ਸ੍ਰੀ ਮਨਦੀਪ ਸਿੰਘ ਭੂਮੀ ਰੱਖਿਆ ਅਫਸਰ, ਸ੍ਰੀ ਪਰਮਿੰਦਰ ਸਿੰਘ ਭੂਮੀ ਰੱਖਿਆ ਅਫਸਰ, ਮਹਿਲ ਕਲਾਂ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ।