ਨਗਰ ਪੰਚਾਇਤ ਹੰਡਿਆਇਆ ’ਚ 39 ਮਕਾਨਾਂ ਦੀ ਉਸਾਰੀ ਦਾ ਕੰਮ ਸ਼ੁਰੂ
*43.58 ਲੱਖ ਰੁਪਏ ਦੀ ਰਾਸ਼ੀ ਲਾਭਪਾਤਰੀਆਂ ਨੂੰ ਮੁਹੱਈਆ ਕਰਾਈ
ਹਰਿੰਦਰ ਨਿੱਕਾ ਬਰਨਾਲਾ, 10 ਅਗਸਤ 2020
ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਬੇਘਰੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਜ਼ਿਲਾ ਬਰਨਾਲਾ ਵਿਚ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਇਸ ਯੋਜਨਾ ਤਹਿਤ ਬੇਘਰੇ ਲੋਕਾਂ ਨੂੰ ਮਕਾਨਾਂ ਦੀ ਉਸਾਰੀ ਲਈ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ।
ਇਹ ਪ੍ਰਗਟਾਵਾ ਕਰਦੇ ਹੋਏ ਨਗਰ ਪੰਚਾਇਤ ਹੰਡਿਆਇਆ ਦੇ ਕਾਰਜਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਨਗਰ ਪੰਚਾਇਤ ਹੰਡਿਆਇਆ ਵਿਖੇ 40 ਲਾਭਪਾਤਰੀਆਂ ਦੇ ਕੇਸ ਪਾਸ ਹੋਏ ਸਨ, ਜਿਨਾਂ ਵਿੱਚੋਂ 39 ਲਾਭਪਾਤਰੀਆਂ ਨੇ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਲਿਆ ਹੈ। ਇਸ ਸਕੀਮ ਅਧੀਨ ਨਗਰ ਪੰਚਾਇਤ ਹੰਡਿਆਇਆ ਨੂੰ ਕੁੱਲ 44.31 ਲੱਖ ਰੁਪਏ ਪ੍ਰਾਪਤ ਹੋ ਚੁੱਕੇ ਹਨ। ਜਿਸ ਤਹਿਤ 38 ਲਾਭਪਾਤਰੀਆਂ ਨੂੰ ਪਹਿਲੀ ਕਿਸ਼ਤ, 37 ਲਾਭਪਾਤਰੀਆਂ ਨੂੰ ਦੂਜੀ ਕਿਸ਼ਤ, 32 ਲਾਭਪਾਤਰੀਆਂ ਨੂੰ ਤੀਸਰੀ ਕਿਸ਼ਤ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਕੁੱਲ 43.58 ਲੱਖ ਰੁਪਏ ਦੀ ਰਾਸ਼ੀ ਲਾਭਪਾਤਰੀਆਂ ਨੂੰ ਦਿੱਤੀ ਜਾ ਚੁੱਕੀ ਹੈ।
ਉਨਾਂ ਦੱਸਿਆ ਕਿ ਇਸ ਦੇ ਨਾਲ ਹੀ ਨਗਰ ਪੰਚਾਇਤ ਹੰਡਿਆਇਆ ਵੱਲੋਂ 145 ਨਵੇਂ ਲਾਭਪਾਤਰੀਆਂ ਦੇ ਹੋਰ ਕੇਸ ਪਾਸ ਕੀਤੇ ਗਏ ਹਨ, ਜਿਨਾਂ ਨੂੰ ਜਲਦੀ ਹੀ ਦਫਤਰੀ ਪੱਤਰ ਜਾਰੀ ਕਰਕੇ ਨਵੇਂ ਮਕਾਨ ਦੀ ਉਸਾਰੀ ਸ਼ੁਰੂ ਕਰਵਾਈ ਜਾਵੇਗੀ।
ਉਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਚਾਰ ਕਿਸ਼ਤਾਂ ਵਿਚ ਕਰੀਬ ਡੇਢ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਇਸ ਯੋਜਨਾ ਤਹਿਤ ਉਹ ਲੋੜਵੰਦ ਅਪਲਾਈ ਕਰ ਸਕਦੇ ਹਨ, ਜਿਨਾਂ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੋਵੇ। ਇਸ ਤਹਿਤ ਉਹ ਲਾਭਪਾਤਰੀ ਜਿਨਾਂ ਕੋਲ ਪਲਾਟ ਹੈ, ਪਰ ਮਕਾਨ ਨਹੀਂ, ਜਾਂ ਮਕਾਨ ਦੀ ਹਾਲਤ ਬੇਹੱਦ ਮਾੜੀ ਹੈ ਜਾਂ ਮਕਾਨ ਵਿੱਚ ਵਾਧਾ ਕਰਨਾ ਹੈ ਅਤੇ ਆਮਦਨ 3 ਲੱਖ ਤੋਂ ਘੱਟ ਹੈ, ਉਹ ਇਸ ਤਹਿਤ ਅਪਲਾਈ ਕਰ ਸਕਦੇ ਹਨ। ਉਨਾਂ ਆਖਿਆ ਸ਼ਹਿਰੀ ਆਵਾਸ ਯੋਜਨਾ ਬੇਘਰੇ ਅਤੇ ਲੋੜਵੰਦ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ।