ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਦੀ ਪਾਰਖੂ ਨਜ਼ਰ ਪਈ , ਤਾਂ ਠੇਕੇਦਾਰ ਨੇ ਵਰਤੀ ਚਲਾਕੀ , ਘਟੀਆ ਰੇਤਾ ਚੁੱਕ ਕੇ ਚਿੰਟੂ ਪਾਰਕ ਚ, ਧਰਿਆ,,
ਹਰਿੰਦਰ ਨਿੱਕਾ ਬਰਨਾਲਾ 5 ਅਗਸਤ 2020
ਨਗਰ ਕੌਂਸਲ ਦਫਤਰ ਮੂਹਰੇ ਲੱਖਾਂ ਰੁਪਏ ਦੀ ਲਾਗਤ ਨਾਲ ਬਣ ਰਹੀ ਇੱਟਰਲੌਕ ਟਾਇਲਾਂ ਦੀ ਸੜ੍ਹਕ ਚ, ਠੇਕੇਦਾਰ ਦੁਆਰਾ ਘਟੀਆ ਦਰਜੇ ਦਾ ਮੈਟੀਰਿਅਲ ਵਰਤਣ ਦੀ ਤਿਆਰੀ ਉਸ ਸਮੇਂ ਧਰੀ ਧਰਾਈ ਰਹਿ ਗਈ। ਜਦੋਂ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਦੀ ਪਾਰਖੂ ਨਜ਼ਰ ਘਟੀਆ ਦਰਜੇ ਦੇ ਰੇਤੇ ਯਾਨੀ ਭੱਸੀ ਤੇ ਜਾ ਪਈ। ਠੇਕੇਦਾਰ ਨੂੰ ਜਿਵੇਂ ਹੀ ਇਹ ਭਿਣਕ ਪਈ ਤਾਂ ਉਸ ਨੇ ਬੜੀ ਹੀ ਚਲਾਕੀ ਨਾਲ ਸੜ੍ਹਕ ਦਾ ਕੰਮ ਸ਼ੁਰੂ ਕਰਨ ਦੇ ਮੌਕੇ ਘਟੀਆ ਰੇਤਾ ਭੱਸੀ ਚੁੱਕ ਕੇ ਕੌਂਸਲ ਦਫਤਰ ਦੇ ਸਾਹਮਣੇ ਚਿੰਟੂ ਪਾਰਕ ਦੇ ਗੇਟ ਦੇ ਢੇਰੀ ਕਰ ਦਿੱਤਾ। ਤਾਂ ਕਿ ਦੇਰ ਸਵੇਰ ਫਿਰ ਇਹੋ ਘਟੀਆ ਰੇਤੇ ਨੂੰ ਇੰਟਰਲੌਕ ਟਾਈਲਾਂ ਹੇਠ ਦੱਬਿਆ ਜਾ ਸਕੇ।
ਵਰਣਨਯੋਗ ਹੈ ਕਿ ਨਗਰ ਕੌਂਸਲ ਦੇ ਮੂਹਰਿਉਂ ਲੰਘਦੀ ਰਾਮਬਾਗ ਰੋਡ ਦੀ ਗਲੀ ਨੰਬਰ 12 ਤੱਕ ਇੰਟਰਲੌਕ ਟਾਇਲਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਕੰਮ ਦੀ ਸ਼ੁਰੂਆਤ ਵੀ ਕਾਂਗਰਸ ਦੇ ਹਲਕਾ ਇੰਚਾਰਜ ਦੇ ਪੀ.ਏ. ਹਰਦੀਪ ਸਿੰਘ ਜਾਗਲ ਤੋਂ ਬੀਤੇ ਕੱਲ੍ਹ ਹੀ ਕਰਵਾਇਆ ਗਿਆ ਹੈ। ਇਲਾਕੇ ਦੇ ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਠੇਕੇਦਾਰ ਨੇ ਪਹਿਲਾਂ ਇੱਥੇ ਜੋ ਰੇਤਾ ਸੜ੍ਹਕ ਬਣਾਉਣ ਲਈ ਲਿਆਂਦਾ ਗਿਆ ਸੀ। ਉਹ ਬਹੁਤ ਹੀ ਘਟੀਆ ਕਵਾਲਿਟੀ ਦਾ ਸੀ। ਅਚਾਣਕ ਹੀ ਇਹ ਰੇਤਾ ਜਦੋਂ ਕੋਲੋਂ ਲੰਘ ਰਹੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਦੀ ਨਜ਼ਰ ਪਿਆ ਤਾਂ ਉਨਾਂ ਇਸ ਨੂੰ ਗਹਿਰਾਈ ਨਾਲ ਪਰਖਿਆ, ਜਿਸ ਤੋਂ ਕੁਝ ਸਮੇਂ ਬਾਅਦ ਹੀ ਠੇਕੇਦਾਰ ਨੇ ਘਟੀਆ ਰੇਤਾ ਉੱਥੋਂ ਚੁੱਕਵਾ ਕੇ ਸਾਹਮਣੇ ਚਿੰਟੂ ਪਾਰਕ ਚ, ਰੱਖ ਦਿੱਤਾ ਗਿਆ।
ਇਸ ਸਬੰਧੀ ਪੁੱਛਣ ਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕੀਤੀ। ਉਨਾਂ ਦੱਸਿਆ ਕਿ ਉਸ ਨੂੰ ਪਤਾ ਲੱਗਿਆ ਸੀ ਕਿ ਠੇਕੇਦਾਰ ਸੜਕ ਬਣਾਉਣ ਲਈ ਘਟੀਆ ਕਿਸਮ ਦਾ ਰੇਤਾ ਵਰਤ ਰਿਹਾ ਹੈ। ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਸੜਕ ਬਣਾਉਣ ਵਾਲੀ ਥਾਂ ਤੇ ਘਟੀਆ ਰੇਤ ਭੱਸੀ ਦਾ ਢੇਰ ਪਿਆ ਸੀ। ਬਾਅਦ ਚ, ਥੋੜੇ ਸਮੇਂ ਬਾਅਦ ਹੀ ਇਹ ਰੇਤਾ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਨੀਯਤ ਨਾਲ ਹੀ ਕੰਮ ਵਾਲੀ ਜਗ੍ਹਾ ਦੇ ਬਿਲਕੁਲ ਨੇੜੇ ਹੀ ਸੰਭਾਲਿਆ ਗਿਆ ਹੈ। ਤਾਂਕਿ ਇਹੋ ਰੇਤ ,ਵੇਲੇ- ਕੁਵੇਲੇ ਵਰਤ ਲਿਆ ਜਾਵੇ।
ਲੋਟਾ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਦੁਆਰਾ ਸ਼ਹਿਰ ਦੇ ਵਿਕਾਸ ਕੰਮਾਂ ਲਈ ਜੋ ਕਰੋੜਾਂ ਰੁਪਏ ਦੇ ਫੰਡ ਲਿਆਂਦੇ ਜਾ ਰਹੇ ਹਨ। ਉਹ ਪੈਸਾ ਸਹੀ ਢੰਗ ਨਾਲ ਖਰਚ ਹੋਵੇ, ਕੋਈ ਵੀ ਠੇਕੇਦਾਰ ਜਾਂ ਅਧਿਕਾਰੀ ਵਿਕਾਸ ਕੰਮਾਂ ਤੇ ਘਟੀਆ ਮੈਟੀਰਿਅਲ ਵਰਤਕੇ ਖੁਦ ਆਪਣੀਆਂ ਜੇਬਾਂ ਭਰ ਕੇ ਲੋਕਾਂ ਦੇ ਟੈਕਸਾਂ ਤੋਂ ਸਰਕਾਰ ਦੁਆਰਾ ਉਗਰਾਹਿਆ ਜਾ ਰਿਹਾ ਪੈਸਾ ਡਕਾਰ ਨਾ ਜਾਣ। ਉਨਾਂ ਠੇਕੇਦਾਰ ਅਤੇ ਅਧਿਕਾਰੀਆਂ ਨੂੰ ਚਿਤਾਵਨੀ ਵੀ ਦਿੱਤੀ ਕਿ ਉਹ ਵਿਕਾਸ ਕੰਮਾਂ ਲਈ ਚੰਗੀ ਗੁਣਵੱਤਾ ਵਾਲਾ ਮੈਟੀਰਿਅਲ ਹੀ ਵਰਤਿਆ ਜਾਵੇ।