ਮਨਿੰਦਰਜੀਤ ਕੌਰ ਨੇ ਬੀਜੀਐਸ ਪਬਲਿਕ ਸਕੂਲ ਭਦੌੜ ਤੋਂ ਪੜਾਈ ਕਰਕੇ ਸ਼ੁਰੂ ਕੀਤਾ ਸਫਲਤਾ ਦਾ ਸਫਰ
ਹਰਿੰਦਰ ਨਿੱਕਾ ਬਰਨਾਲਾ 4 ਅਗਸਤ 2020
ਦ੍ਰਿੜਤਾ ਅਤੇ ਲਗਨ ਨਾਲ ਸਹੀ ਦਿਸ਼ਾ ਵੱਲ ਸੇਧਿਤ ਮਿਹਨਤ ਕਰਨ ਵਾਲਿਆਂ ਦੇ ਸਫਲਤਾ ਹਮੇਸ਼ਾਂ ਕਦਮ ਚੁੰਮਦੀ ਹੈ। ਇਸ ਗੱਲ ਨੂੰ ਸ਼ਹਿਣਾ ਕਸਬੇ ਚ, ਪੈਦਾ ਹੋਈ ਅਤੇ ਪਲ ਵੱਧ ਕੇ ਵੱਡੀ ਹੋਈ ਮਨਿੰਦਰਜੀਤ ਕੌਰ ਨੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਕੇ ਸਾਬਿਤ ਕਰ ਦਿਖਾਇਆ ਹੈ। ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੋੜ ਤੋਂ 12 ਵੀਂ ਤੱਕ ਦੀ ਪੜ੍ਹਾਈ ਪੂਰੀ ਕਰਕੇ ਸਫਲਤਾ ਦੇ ਪੰਧ ਤੇ ਅੱਗੇ ਵਧ ਰਹੀ ਮਨਿੰਦਰਜੀਤ ਕੌਰ ਨੇ ਯੂਪੀਐਸਸੀ ਦੀ ਪ੍ਰੀਖਿਆ ਵਿੱਚ ਦੇਸ਼ ਚੋਂ 246ਵਾਂ ਰੈਂਕ ਹਾਸਿਲ ਕਰਕੇ ਜਿਲ੍ਹਾ ਬਰਨਾਲਾ ਦਾ ਮਾਣ ਵਧਾਇਆ ਹੈ। ਸ਼ਹਿਣਾ ਦੇ ਕਿਸਾਨ ਜਰਨੈਲ ਸਿੰਘ ਅਤੇ ਸਿਹਤ ਵਿਭਾਗ ਦੀ ਕਰਮਚਾਰੀ ਮਾਤਾ ਬੇਅੰਤ ਕੌਰ ਦੇ ਘਰ ਪੈਦਾ ਹੋਈ ਮਨਿੰਦਰਜੀਤ ਕੌਰ ਨੇ ਪੰਜਾਬ ਸਿਵਲ ਸਰਵਿਸਿਜ ਦੀ ਪ੍ਰੀਖਿਆ ਚੋਂ ਸੂਬੇ ਅੰਦਰ 5 ਵਾਂ ਰੈਂਕ ਹਾਸਿਲ ਕੀਤਾ ਸੀ। ਇੱਨੀਂ ਦਿਨੀ ਮਨਿੰਦਰਜੀਤ ਕੌਰ ਬਠਿੰਡਾ ਵਿਖੇ ਸਹਾਇਕ ਕਮਿਸ਼ਨਰ ਜਨਰਲ (ਅੰਡਰ ਟ੍ਰੇਨਿੰਗ) ਵਜੋਂ ਤਾਇਨਾਤ ਹੈ। ਮਨਿੰਦਰਜੀਤ ਕੌਰ ਦੇ ਪ੍ਰੀਖਿਆ ਪਾਸ ਕਰਨ ਦੀ ਖਬਰ ਮਿਲਦਿਆਂ ਮਨਿੰਦਰਜੀਤ ਕੌਰ ਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਮਨਿੰਦਰਜੀਤ ਕੌਰ ਨੇ ਸਾਡੇ ਨੁਮਾਇੰਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ ਨਾਨ ਮੈਡੀਕਲ ਵਿਸ਼ੇ ਨਾਲ 12 ਵੀਂ ਜਮਾਤ ਦੀ ਪੜਾਈ ਬੀਜੀਐਸ ਪਬਲਿਕ ਸਕੂਲ ਭਦੌੜ ਤੋਂ ਪ੍ਰਾਪਤ ਕੀਤੀ ਸੀ ਅਤੇ ਗਰੈਜ਼ੂਏਸ਼ਨ ਦੀ ਪੜ੍ਹਾਈ ਆਈਐਸਐਮ ਕਾਲਜ ਧਨਵਾਦ (ਝਾਰਖੰਡ) ਤੋਂ ਡਿਗਰੀ ਹਾਸਿਲ ਕੀਤੀ। ਪ੍ਰਸ਼ਾਸ਼ਨਿਕ ਅਧਿਕਾਰੀ ਦੇ ਤੌਰ ਤੇ ਦੇਸ਼ ਦੀ ਸੇਵਾ ਕਰਨ ਦੇ ਜਾਨੂੰਨ ਨੇ ਉਸ ਨੂੰ ਯੂਪੀਐਸਸੀ ਦੀ ਪ੍ਰੀਖਿਆ ਦੀ ਤਿਆਰੀ ਵਿੱਢ ਦਿੱਤੀ। ਪਹਿਲੀ ਵਾਰ ਹੀ ਉਸ ਨੇ ਪ੍ਰੀ ਪ੍ਰੀਖਿਆ ਹੀ ਪਾਸ ਕਰ ਲਈ ਤੇ ਦੂਜੀ ਵਾਰ ਉਸ ਨੇ ਮੇਨ ਪੇਪਰ ਪਾਸ ਤਾਂ ਕੀਤਾ, ਪਰ ਇੰਟਰਵਿਊ ਕਲੀਅਰ ਨਾ ਹੋ ਸਕੀ। ਪਰੰਤੂ ਇਸ ਦੌਰਾਨ ਪਿਛਲੇ ਸਾਲ ਪੀਸੀਐਸ ਦੇ ਨਤੀਜੇ ‘ਚ ਉਸ ਨੇ ਪੰਜਾਬ ਭਰ ‘ਚੋਂ 5ਵਾਂ ਸਥਾਨ ਹਾਸਿਲ ਕਰਕੇ ਇੱਕ ਪੜਾਅ ਪਾਰ ਕਰ ਲਿਆ । ਉਨ੍ਹਾਂ ਦੱਸਿਆ ਕਿ ਇਸ ‘ਚ ਸਭ ਤੋਂ ਵੱਧ ਸਹਿਯੋਗ ਕਸਬਾ ਭਦੌੜ ਦੇ ਸਮਾਜ ਸੇਵੀ ਤੇ ਕੈਮਿਸਟ ਐਸੋਸੀਏਸ਼ਨ ਦੇ ਜ਼ਿਲਾ ਆਗੂ ਡਾ. ਵਿਪਨ ਗੁਪਤਾ ਦੀ ਸਪੁੱਤਰੀ ਆਈਏਐੱਸ ਖੁਸ਼ਬੂ ਗੁਪਤਾ ਦਾ ਰਿਹਾ ਹੈ । ਇਸ ਨਤੀਜੇ ‘ਤੇ ਖੁਸ਼ੀ ਪ੍ਰਗਟ ਕਰਦਿਆਂ ਡਾ. ਵਿਪਨ ਗੁਪਤਾ, ਮਾਸਟਰ ਰਾਜਿੰਦਰ ਭਦੌੜ, ਸਿਹਤ ਕਰਮਚਾਰੀ ਗੁਰਪ੍ਰੀਤ ਸ਼ਹਿਣਾ ਨੇ ਕਿਹਾ ਕਿ ਇਸ ਹੋਣਹਾਰ ਧੀ ‘ਤੇ ਸਾਨੂੰ ਮਾਣ ਹੈ। ਉੱਧਰ ਬੀਜੀਐਸ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਆਗੂ ਮਹੰਤ ਸੁਰਜੀਤ ਸਿੰਘ, ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ,ਬਾਬਾ ਕੇਵਲ ਕ੍ਰਿਸ਼ਨ ਹੰਡਿਆਇਆ , ਪ੍ਰਿੰਸੀਪਲ ਐਨ ਐਸ ਢਿੱਲੋਂ ਅਤੇ ਬੀਜੀਐਸ ਪਬਲਿਕ ਸਕੂਲ ਦੇ ਅਕਾਦਮਿਕ ਡਾਇਰੈਕਟਰ ਰਣਪ੍ਰੀਤ ਸਿੰਘ ਅਤੇ ਸਕੂਲ ਪ੍ਰਿੰਸੀਪਲ ਨੇ ਮਨਿੰਦਰਜੀਤ ਕੌਰ ਦੀ ਸਫਲਤਾ ਲਈ ਵਧਾਈ ਦਿੱਤੀ। ਉਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਮਨਿੰਦਰਜੀਤ ਕੌਰ ਨੇ ਆਪਣੇ ਪਰਿਵਾਰ, ਕਸਬੇ ਜਾਂ ਜਿਲ੍ਹਾ ਬਰਨਾਲਾ ਦਾ ਨਾਮ ਹੀ ਨਹੀਂ ਵਧਾਇਆ, ਸਗੋਂ ਬੀਜੀਐਸ ਪਬਲਿਕ ਸਕੂਲ ਸੰਸਥਾਂ ਦਾ ਮਾਣ ਵੀ ਹੋਰ ਵਧਾਇਆ ਹੈ। ਉਨਾਂ ਕਿਹਾ ਕਿ ਸਕੂਲ ਵੱਲੋਂ ਜਲਦ ਹੀ ਇੱਕ ਸਨਮਾਨ ਸਮਾਰੋਹ ਕਰਕੇ ਮਨਿੰਦਰਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਤਾਂ ਜੋ ਹੋਰ ਵਿਦਿਆਰਥੀਆਂ ਨੂੰ ਵੀ ਅੱਗੇ ਵੱਧਣ ਦੀ ਪ੍ਰੇਰਣਾ ਮਿਲ ਸਕੇ।