ਸ਼ਹਿਰ ਦੇ ਇਲਾਕਿਆਂ ’ਚ ਵਾਰੋ-ਵਾਰ ਕਰਾਇਆ ਜਾ ਰਿਹੈ ਸੋਡੀਅਮ ਹਾਈਪ੍ਰੋਕਲੋਰਾਈਟ ਦਾ ਛਿੜਕਾਅ
ਮੰਗਤ ਜਿੰਦਲ ਬਰਨਾਲਾ, 4 ਅਗਸਤ 2020
ਕਰੋਨਾ ਮਹਾਮਾਰੀ ਦੇ ਪ੍ਰਕੋਪ ਦੌਰਾਨ ਜ਼ਿਲ੍ਹਾ ਬਰਨਾਲਾ ਦੀਆਂ ਨਗਰ ਕੌਂਸਲਾਂ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੱਥੇ ਲਗਾਤਾਰ ਸਵੱਛਤਾ ਕਾਰਜ ਕੀਤੇ ਜਾਂਦੇ ਹਨ, ਉਥੇ ਸੈਨੇਟਾਈਜੇਸ਼ਨ ਮੁਹਿੰਮ ਵਿਆਪਕ ਪੱਧਰ ’ਤੇ ਜਾਰੀ ਹੈ। ਇਸ ਮੁਹਿੰਮ ਤਹਿਤ ਨਗਰ ਕੌਂਸਲ ਬਰਨਾਲਾ ਵੱਲੋਂ ਕਰਫਿਊ/ਲਾਕਡਾਊਨ ਦੌਰਾਨ ਸ਼ਹਿਰ ਦੇ ਕੋਨੇ ਕੋਨੇ ਦੀ ਸੈਨੇਟਾਈਜੇਸ਼ਨ ਕਰਵਾਈ ਜਾ ਚੁੱਕੀ ਹੈ।
ਸੈਨੇਟਾਈਜੇਸ਼ਨ ਮੁਹਿੰੰਮ ਬਾਰੇ ਜਾਣਕਾਰੀ ਦਿੰਦੇ ਹੋਏ ਕਾਰਜਸਾਧਕ ਅਫਸਰ ਨਗਰ ਕੌਂਸਲ ਬਰਨਾਲਾ ਸ੍ਰੀ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਦੇ ਸੈਨੇਟਰੀ ਵਿੰਗ ਵੱਲੋਂ ਕਰਫਿਊ/ਲਾਕਡਾਊਨ ਵੇੇਲੇ ਤੋਂ ਲਗਾਤਾਰ ਤੈਅ ਸ਼ਡਿਊਲ ਅਨੁਸਾਰ ਹਾਈਪਰੋਕਲੋਰਾਈਟ ਦੇ ਘੋਲ ਦਾ ਛਿੜਕਾਅ ਸ਼ਹਿਰ ਵਿੱੱਚ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਸ਼ਹਿਰ ਦੇ ਸਾਰੇ ਇਲਾਕਿਆਂ ਵਿਚ ਦੋ ਟਰੈਕਟਰਾਂ ਅਤੇ ਇਕ ਫਾਇਰ ਟੈਂਡਰ ਨਾਲ ਦੋ ਵਾਰ ਸੈਨੇਟਾਈਜੇਸ਼ਨ ਕਰਵਾਈ ਗਈ ਹੈ ਤੇ ਹੁਣ ਵੀ ਇਹ ਮੁਹਿੰਮ ਜਾਰੀ ਹੈ। ਇਸ ਤੋਂ ਇਲਾਵਾ ਕੰਟੇਨਮੈਂਟ ਜ਼ੋਨਾਂ ਵਿਚ ਰੋਜ਼ਾਨਾ ਪੱਧਰ ’ਤੇ ਸੈਨੇਟਾਈਜੇਸ਼ਨ ਕਰਵਾਈ ਜਾਂਦੀ ਹੈ।
ਇਸ ਤਹਿਤ 2 ਅਗਸਤ ਨੂੰ ਗੁਰੂੂ ਗੋਬਿੰਦ ਸਿੰਘ ਕਾਲਜ ਸੰਘੇੜਾ, ਸਦਰ ਬਾਜ਼ਾਰ, ਫਰਵਾਹੀ ਬਾਜ਼ਾਰ, ਰਾਹੀ ਬਸਤੀ ਦੀਆਂ ਕੁੱਲ ਗਲੀਆਂ, 3 ਅਗਸਤ ਨੂੰ ਰਾਮ ਬਾਗ, ਰਾਹੀ ਬਸਤੀ, ਲੱਖੀ ਕਲੋਨੀ ਤੇ ਅੱਜ ਕੱਚਾ ਕਾਲਜ ਰੋਡ ਦੀਆਂ ਗਲੀਆਂ, ਤਹਿਸੀਲ ਦਫਤਰ ਵਿਖੇ ਸੈਨੇਟਾਈਜ਼ੇਸ਼ਨ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਵੱਲੋਂ ਸੈਨੇਟਾਈਜ਼ੇਸ਼ਨ ਮੁਹਿੰਮ ਤੋਂ ਇਲਾਵਾ ਸਵੱਛਤਾ ਗਤੀਵਿਧੀਆਂ ਜਿਵੇਂ ਕੂੜੇ ਦੀ ਡੋਰ ਟੂ ਡੋਰ ਕੁਲੈਕਸ਼ਨ, ਪਾਲੀਥੀਨ ਵਿਰੁੱਧ ਮੁਹਿੰਮ, ਗਿੱਲੇ ਕੂੜੇ ਤੋਂ ਖਾਦ ਬਣਾਉਣ ਆਦਿ ਤੋਂ ਇਲਾਵਾ ਕਰੋਨਾ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ।