ਸਕੂਲ , ਕਾਲਜ, ਸਿੱਖਿਆ ਅਤੇ ਕੋਚਿੰਗ ਸੰਸਥਾਨ ਬੰਦ ਰੱਖਣ ਦੀ ਮਿਆਦ 31 ਅਗਸਤ ਤੱਕ ਵਧੀ  

Advertisement
Spread information

ਕੋਵਿਡ 19- ਅਨਲਾਕ 3.0 ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਵਲੋਂ ਹੁਕਮ ਜਾਰੀ


ਹਰਪ੍ਰੀਤ ਕੌਰ  ਸੰਗਰੂਰ, 4 ਅਗਸਤ:2020 
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਅਨਲਾਕ 3.0 ਤਹਿਤ ਜ਼ਿਲ੍ਹੇ ‘ਚ ਲਾਗੂ ਹੋਣ ਵਾਲੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਅਨੁਸਾਰ 31 ਅਗਸਤ 2020 ਤੱਕ ਸਕੂਲ ਕਾਲਜ, ਸਿੱਖਿਆ ਅਤੇ ਕੋਚਿੰਗ ਸੰਸਥਾਨ ਬੰਦ ਰਹਿਣਗੇ। ਇਸੇ ਤਰ੍ਹਾਂ ਸਿਨੇਮਾ ਹਾਲ, ਸਵੀਮਿੰਗ ਪੂਲ, ਇੰਟਰਟੇਨਮੈਂਟ ਪਾਰਕ, ਥਿਏਟਰ, ਬਾਰ, ਔਡੀਟੋਰੀਅਮ, ਐਸੰਬਲੀ ਹਾਲ ਆਦਿ ਬੰਦ ਰਹਿਣਗੇ। ਸਮਾਜਿਕ, ਸਿਆਸੀ, ਖੇਡ, ਮਨੋਰੰਜਨ, ਵਿਦਿਅਕ, ਸਭਿਆਚਾਰਕ, ਧਾਰਮਿਕ ਸਮਾਗਮਾਂ ਵਿਚ ਇੱਕਠ ਕਰਨ ‘ਤੇ ਵੀ ਰੋਕ ਰਹੇਗੀ ਜਦਕਿ ਯੋਗਾ ਸਿਖਲਾਈ ਸੰਸਥਾਨ ਅਤੇ ਜਿੰਮ 5 ਅਗਸਤ ਤੋਂ ਖੁੱਲ੍ਹ ਸਕਣਗੇ ਪਰ ਉਨ੍ਹਾਂ ਨੂੰ ਨਿਰਧਾਰਤ ਮਾਪਦੰਡਾਂ ਦਾ ਪਾਲਣ ਕਰਨਾ ਯਕੀਨੀ ਹੋਵੇਗਾ।
                   ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਕੰਟਨੇਟਮੈਂਟ ਜ਼ੋਨ, ਜਿਸ ਦਾ ਨਿਰਧਾਰਨ ਸਥਿਤੀ ਦੇ ਆਧਾਰ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤਾ ਜਾਂਦਾ ਹੈ, ਵਿਚ ਲਾਕਡਾਊਨ ਪਾਬੰਦੀਆਂ ਜਾਰੀ ਰਹਿਣਗੀਆਂ ਜਦਕਿ ਪੂਰੇ ਜ਼ਿਲ੍ਹੇ ‘ਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ।  ਇਸ ਤੋਂ ਬਿਨ੍ਹਾਂ 65 ਸਾਲ ਤੋਂ ਵੱਡੀ ਉਮਰ ਦੇ ਬਜ਼ੁਰਗਾਂ, ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਬਹੁਤ ਜ਼ਰੂਰੀ ਹੋਣ ‘ਤੇ ਹੀ ਘਰੋਂ ਨਿਕਲਣ। ਉਨ੍ਹਾਂ ਹੁਕਮਾਂ ‘ਚ ਕਿਹਾ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਬੋਰਡ, ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਨਿਰਧਾਰਤ ਮਾਪਦੰਡਾਂ ਦਾ ਪਾਲਣ ਕਰਦੇ ਹੋਏ ਇਮਤਿਹਾਨ ਵੀ ਲੈ ਸਕਦੇ ਹਨ।
                  ਸ਼੍ਰੀ ਰਾਮਵੀਰ ਨੇ ਹੁਕਮਾਂ ਵਿਚ ਕਿਹਾ ਹੈ ਕਿ ਵਿਆਹ ਸਮਾਗਮ ਮੌਕੇ 30 ਤੋਂ ਵੱਧ ਅਤੇ ਅੰਤਮ ਸਸਕਾਰ/ ਅੰਤਮ ਰਸਮਾਂ ਮੌਕੇ 20 ਤੋਂ ਵੱਧ ਵਿਅਕਤੀ ਨਹੀਂ ਹੋਣੇ ਚਾਹੀਦੇ। ਮੈਰਿਜ ਪੈਲੇਸ ਵਿਚ ਵਿਆਹ ਸਮਾਗਮ ਮੌਕੇ ਵੀ 30 ਵਿਅਕਤੀਆਂ ਦਾ ਨਿਯਮ ਲਾਗੂ ਹੋਵੇਗਾ ਅਤੇ ਬੈਂਕਟ ਹਾਲ ਅਤੇ ਥਾਂ ਦਾ ਸਾਈਜ਼ 3000 ਵਰਗ ਫੁੱਟ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ। ਜਨਤਕ ਥਾਂਵਾਂ ‘ਤੇ ਥੁੱਕਣ ਤੇ ਮਨਾਹੀ ਹੋਵੇਗੀ ਅਤੇ ਉਲੰਘਣਾ ਕਰਨ ਤੇ ਜੁਰਮਾਨਾ ਲੱਗੇਗਾ। ਜਨਤਕ ਥਾਂਵਾਂ ‘ਤੇ ਸ਼ਰਾਬ, ਪਾਨ, ਤੰਬਾਕੂ ਆਦਿ ਦਾ ਨਸ਼ਾ ਕਰਨ ਦੀ ਮਨਾਹੀ ਹੈ। ਧਾਰਮਿਕ ਸਥਾਨ ਸਵੇਰੇ 5 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹ ਸਕਦੇ ਹਨ ਪਰ ਉੱਥੇ 20 ਤੋਂ ਵੱਧ ਵਿਅਕਤੀ ਨਹੀਂ ਹੋਣੇ ਚਾਹੀਦੇ ਹਨ ਅਤੇ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਹੋਣਾ ਚਾਹੀਦਾ ਹੈ।
                  ਰੈਸਟੋਰੈਂਟ ਰਾਤ 10 ਵਜੇ ਤੱਕ ਖੁੱਲ੍ਹ ਸਕਦੇ ਹਨ ਪਰ ਉਨ੍ਹਾਂ ਨੂੰ ਆਪਣੀ ਸਮਰੱਥਾ ਦੇ 50 ਫੀਸਦੀ ਜਾਂ 50 ਤੋਂ ਘੱਟ ਗ੍ਰਾਹਕ, ਜੋ ਵੀ ਘੱਟ ਹੋਵੇ, ਨੂੰ ਸਰਵ ਕਰਨ ਦੀ ਹੀ ਪ੍ਰਵਾਨਗੀ ਹੋਵੇਗੀ। ਹੋਟਲਾਂ ਵਿਚ ਬਣੇ ਰੈਸਟੋਰੈਂਟਾਂ ਤੇ ਵੀ ਗਿਣਤੀ ਅਤੇ ਸਮੇਂ ਦਾ ਇਹੀ ਨਿਯਮ ਲਾਗੂ ਹੋਵੇਗਾ।
                     ਦੁਕਾਨਾਂ ਸਵੇਰੇ 7 ਤੋਂ 8 ਵਜੇ ਤੱਕ ਖੁੱਲ੍ਹ ਸਕਣਗੀਆਂ। ਸ਼ਾਪਿੰਗ ਮਾਲ ਵਿਚ ਬਣੇ ਰੈਸਟੋਰੈਂਟ 10 ਵਜੇ ਰਾਤ ਤੱਕ ਖੁੱਲ੍ਹ ਸਕਦੇ ਹਨ। ਸ਼ਰਾਬ ਦੇ ਠੇਕੇ ਸਵੇਰੇ 8 ਤੋਂ ਰਾਤ 10 ਵਜੇ ਤੱਕ ਖੁੱਲ੍ਹ ਸਕਦੇ ਹਨ। ਬਾਰਬਰ ਸ਼ਾਪ, ਹੇਅਰ ਕੱਟ ਸਲੂਨ, ਬਿਊਟੀ ਪਾਰਲਰ ਅਤੇ ਸਪਾਅ ਨਿਯਮਾਂ ਦਾ ਪਾਲਣ ਕਰਦੇ ਹੋਏ ਸਵੇਰੇ 7 ਤੋਂ ਰਾਤ 8 ਵਜੇ ਤੱਕ ਖੁੱਲ੍ਹ ਸਕਦੇ ਹਨ। ਐਤਵਾਰ ਨੂੰ ਜ਼ਰੂਰੀ ਵਸਤਾਂ ਤੋਂ ਬਿਨਾਂ ਬਾਕੀ ਸਾਰੀਆਂ ਦੁਕਾਨਾਂ ਅਤੇ ਸ਼ਾਪਿੰਗ ਮਾਲ ਬੰਦ ਰਹਿਣਗੇ। 

                      ਇੰਡਸਟਰੀ ਅਤੇ ਟਰਾਂਸਪੋਰਟ ‘ਤੇ ਕੋਈ ਰੋਕ ਨਹੀਂ ਹੈ। ਅੰਤਰਰਾਜੀ ਆਵਾਜਾਈ ਲਈ ਕੋਵਾ ਐਪ ਤੋਂ ਪਾਸ ਬਣਵਾਉਣਾ ਜ਼ਰੂਰੀ ਹੈ ਹੋਰ ਕਿਸੇ ਆਵਾਜਾਈ ਲਈ ਪਾਸ ਦੀ ਜ਼ਰੂਰਤ ਨਹੀਂ ਹੈ। ਮਾਸਕ ਪਾਉਣ, ਸਮਾਜਿਕ ਦੂਰੀ ਦਾ ਪਾਲਣ ਕਰਨਾ ਵੀ ਹੁਕਮਾਂ ਵਿਚ ਲਾਜ਼ਮੀ ਕੀਤਾ ਗਿਆ ਹੈ ਅਤੇ ਉਲੰਘਣਾ ਕਰਨ ‘ਤੇ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਜ਼ਿਲ੍ਹੇ ਅੰਦਰ 31 ਅਗਸਤ 2020 ਤੱਕ ਜਾਰੀ ਰਹਿਣਗੇ।  

Advertisement
Advertisement
Advertisement
Advertisement
Advertisement
error: Content is protected !!