ਸਮੇਂ ਸਿਰ ਖਾਣਾ, ਚਾਹ-ਪਾਣੀ ਨਾ ਮਿਲਣ ਤੋਂ ਭੜਕੇ ਲੋਕਾਂ ਨੇ ਕਿਹਾ, ਜੇ ਸੰਭਾਲ ਨਹੀਂ ਸਕਦੇ ਤਾਂ ਫਿਰ ਅਸੀਂ ਘਰਾਂ ਨੂੰ ਚੱਲੇ,,
ਨਵੋਦਿਆ ਵਿੱਦਿਆਲਿਆ ਢਿੱਲਵਾਂ ਆਈਸੋਲੇਸ਼ਨ ਸੈਂਟਰ ਚ, ਹੰਗਾਮੇ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸ਼ਨ ਨੂੰ ਪਈਆਂ ਭਾਜੜਾਂ, ਸੀਐਮਉ, ਐਸਐਮਉ ਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਪਹੁੰਚੇ
ਵਿਧਾਇਕ ਮੀਤ ਹੇਅਰ ਨੇ ਕਿਹਾ, ਮਰੀਜਾਂ ਨੂੰ ਕੋਰੋਨਾ ਦੇ ਰਹਿਮ ਤੇ ਛੱਡਣਾ ਗਲਤ, ਪ੍ਰਸ਼ਾਸ਼ਨ ਨੇ ਮਾਮਲਾ ਨਾ ਸੁਲਝਾਇਆ, ਫਿਰ ਮੈਂ ਵੀ ਉੱਥੇ ਜਾਵਾਂਗਾ,,
ਹਰਿੰਦਰ ਨਿੱਕਾ/ ਮਨੀ ਗਰਗ ਬਰਨਾਲਾ 1 ਅਗਸਤ 2020
ਸੂਬੇ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਆਪਣੇ ਜੱਦੀ ਇਲਾਕੇ ਤਪਾ ਨੇੜਲੇ ਪਿੰਡ ਢਿੱਲਵਾਂ ਦੇ ਨਵੋਦਿਆ ਸਕੂਲ ਚ, ਕਾਇਮ ਆਈਸੋਲੇਸ਼ਨ ਸੈਂਟਰ ਚ, ਭਰਤੀ ਕੋਰੋਨਾ ਪੌਜੇਟਿਵ ਮਰੀਜ਼ਾਂ ਨੇ ਸਮੇਂ ਸਿਰ ਰੋਟੀ, ਚਾਹ-ਪਾਣੀ ਵੀ ਨਾ ਮਿਲਣ ਤੋਂ ਤੰਗ ਆ ਕੇ ਖੂਬ ਹੰਗਾਮਾ ਸ਼ੁਰੂ ਕਰ ਦਿੱਤਾ। ਆਈਸੋਲੇਸ਼ਨ ਸੈਂਟਰ ਚ, ਹੋ ਰਹੇ ਹੰਗਾਮੇ ਅਤੇ ਸਰਕਾਰ ਖਿਲਾਫ ਕੀਤੀ ਨਾਰੇਬਾਜੀ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਤੋਂ ਜਾਗਿਆ। ਆਖਿਰ ਸਿਵਲ ਸਰਜ਼ਨ, ਐਸਐਮਉ ਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮਰੀਜ਼ਾਂ ਦੀਆਂ ਸਮੱਸਿਆਵਾਂ ਸੁਣਨ ਲਈ ਮੌਕੇ ਤੇ ਵੀ ਪਹੁੰਚ ਗਏ। ਆਈਸੋਲੇਸ਼ਨ ਸੈਂਟਰ ਚ, ਭਰਤੀ ਲੋਕਾਂ ਤੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਕਾਫੀ ਖਰੀਆਂ ਖਰੀਆਂ ਵੀ ਸੁਣਨ ਨੂੰ ਮਿਲੀਆਂ । ਸੈਂਟਰ ਦੇ ਨਿਕੰਮੇ ਬੰਦੋਬਸਤ ਤੋਂ ਅੱਕੇ ਲੋਕਾਂ ਨੇ ਕਿਹਾ ਕਿ ਜੇ ਤੁਸੀ ਮਰੀਜਾਂ ਦੀ ਸੰਭਾਲ ਹੀ ਨਹੀਂ ਕਰ ਸਕਦੇ, ਫਿਰ ਇੱਥੇ ਸਾਨੂੰ ਕਾਹਨੂੰ ਕੈਦੀ ਬਣਾ ਕੇ ਰੱਖਿਆ ਹੋਇਆ ਹੈ। ਸਾਨੂੰ ਝੋਲੇ ਚੁੱਕ ਕੇ ਇੱਥੋਂ ਘਰਾਂ ਨੂੰ ਜਾਣ ਦਿਉ।
ਮਰੀਜ਼ ਵੱਲੋਂ ਨਾਰੇਬਾਜੀ, ਸਰਕਾਰ ਲਈ ਸ਼ਰਮ ਦੀ ਗੱਲ- ਮੀਤ ਹੇਅਰ
ਆਮ ਆਦਮੀ ਪਾਰਟੀ ਦੇ ਹਲਕਾ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਨੇ ਬਰਨਾਲਾ ਟੂਡੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦਾ ਗੁੱਸਾ ਬਿਲਕੁਲ ਜਾਇਜ ਹੈ, ਕੱਲ੍ਹ ਵੀ ਉਨਾਂ ਨੂੰ ਖੁਦ ਆਈਸੋਲੇਸ਼ਨ ਸੈਂਟਰ ਤੋਂ ਲਗਾਤਾਰ ਮਰੀਜ਼ਾਂ ਨੇ ਫੋਨ ਤੇ ਦੱਸਿਆ ਸੀ ਕਿ ਉੱਥੇ ਨਾ ਸਮੇਂ ਸਿਰ ਖਾਣਾ ਮਿਲਦਾ , ਨਾ ਚਾਹ-ਪਾਣੀ ਅਤੇ ਨਾ ਹੀ ਮਰੀਜਾਂ ਨੂੰ ਗਰਮੀ ਤੋਂ ਬਚਾਅ ਲਈ ਕੋਈ ਕੂਲਰ ਆਦਿ ਦਾ ਕੋਈ ਬੰਦੋਬਸਤ ਹੈ। ਉਨਾਂ ਨੂੰ ਇਉਂ ਰੱਖਿਆ ਜਾ ਰਿਹਾ ਹੈ ਕਿ ਜਿਵੇਂ ਕੋਈ ਉਹ ਗੁਨਾਹਗਾਰ ਹੋਣ। ਹੇਅਰ ਨੇ ਕਿਹਾ ਕਿ ਮੈਂ ਕੱਲ੍ਹ ਵੀ ਲੋਕਾਂ ਦੀਆਂ ਇਹ ਸਮੱਸਿਆਵਾਂ ਤੋਂ ਡੀਸੀ ਤੇਜ਼ ਪ੍ਰਤਾਪ ਸਿੰਘ ਫੂਲਕਾ ਨੂੰ ਜਾਣੂ ਕਰਵਾਇਆ ਸੀ। ਜਿਨ੍ਹਾਂ ਤੁਰੰਤ ਹੀ ਹਾਲਤ ਦਾ ਜਾਇਜਾ ਲੈਣ ਤੇ ਸਮੱਸਿਆਵਾਂ ਦੇ ਹੱਲ ਲਈ ਏਡੀਸੀ ਨੂੰ ਭੇਜਣ ਦਾ ਭਰੋਸਾ ਵੀ ਦਿੱਤਾ ਸੀ। ਪਰੰਤੂ ਹਾਲਤ ਉਹੀ ਬਿਹਾਂ ਤੇ ਉਹੀ ਕੁਲ੍ਹਾੜੀ ਵਾਲੇ ਹੀ ਰਹੇ। ਜਿਸ ਤੋਂ ਮਜਬੂਰ ਲੋਕ ਵਿਰੋਧ ਤੇ ਉੱਤਰ ਆਏ।
ਆਈਸੋਲੇਸ਼ਨ ਸੈਂਟਰ ਦੇ ਨਿਕੰਮੇ ਬੰਦੋਬਸਤ ਦੀ ਪੋਲ ਲਾਈਵ ਹੋ ਕੇ ਖੋਹਲਾਂਗਾ- ਮੀਤ ਹੇਅਰ
ਮੀਤ ਹੇਅਰ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਲੋਕਾਂ ਨੂੰ ਆਈਸੋਲੇਸ਼ਨ ਸੈਂਟਰ ਚ, ਵਧੀਆਂ ਰਹਿਣ ਯੋਗ ਸਹੂਲਤਾਂ ਨਾ ਦਿੱਤੀਆਂ ਤਾਂ ਉਹ ਖੁਦ ਵੀ ਉੱਥੇ ਪਹੁੰਚ ਕੇ ਆਈਸੋਲੇਸ਼ਨ ਸੈਂਟਰ ਦੇ ਨਿਕੰਮੇ ਬੰਦੋਬਸਤ ਦੀ ਪੋਲ ਦੇਸ਼ ਦੁਨੀਆਂ ਸਾਹਮਣੇ ਲਾਈਵ ਹੋ ਕੇ ਖੋਹਲਣ ਤੋਂ ਗੁਰੇਜ਼ ਨਹੀਂ ਕਰਨਗੇ। ਉਨਾਂ ਕਿਹਾ ਕਿ ਕੋਵਿਡ 19 ਨਾਲ ਨਜਿੱਠਣ ਚ, ਪੰਜਾਬ ਸਰਕਾਰ ਪੂਰੀ ਤਰਾਂ ਫੇਲ ਰਹੀ ਹੈ। ਹਰ ਜਿੰਮੇਵਾਰੀ ਤੋਂ ਪੱਲਾ ਝਾੜ ਰਹੀ ਹੈ। ਇਕੱਲੇ ਬਰਨਾਲਾ ਨਹੀਂ, ਪੂਰੇ ਪੰਜਾਬ ਅੰਦਰ ਹੀ ਹਸਪਤਾਲਾਂ ਚ, ਮੁੱਢਲੀਆਂ ਸਹੂਲਤਾਂ ਵੀ ਨਹੀਂ। ਸਰਕਾਰ ਹਸਪਤਾਲਾਂ ਦੀਆਂ ਕੋਵਿਡ 19 ਲਈ ਜਰੂਰੀ ਸੁਵਿਧਾਵਾਂ ਨਾ ਦੇ ਕੇ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰ ਰਹੀ ਹੈ। ਜਿਸ ਕਾਰਣ ਲੋਕਾਂ ਚ, ਸਰਕਾਰ ਤੇ ਪ੍ਰਸ਼ਾਸ਼ਨ ਦੇ ਖਿਲਾਫ ਰੋਸ ਵੀ ਵੱਧਦਾ ਹੀ ਜਾ ਰਿਹਾ ਹੈ। ਉਨਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਹਾਲੇ ਵੀ ਸਮਾਂ ਹੈ, ਲੋਕਾਂ ਦੇ ਸਬਰ ਦਾ ਇਮਤਿਹਾਨ ਨਾ ਲਉ, ਜੇਕਰ ਲੋਕਾਂ ਦਾ ਰੋਹ ਪ੍ਰਸ਼ਾਸ਼ਨ ਤੇ ਸਰਕਾਰ ਦੇ ਖਿਲਾਫ ਵਿਦਰੋਹ ਦਾ ਰੂਪ ਲੈ ਗਿਆ, ਫਿਰ ਹਾਲਤ ਸੰਭਾਲਣੇ ਔਖੇ ਹੋ ਜਾਣਗੇ।
ਸਿਵਲ ਸਰਜਨ ਬੋਲਿਆ, ਲੋਕੀ ਐਂਵੇ ਹੀ ਰੌਲਾ ਪਾਈ ਜਾਂਦੇ ਨੇ,,,
ਸਿਵਲ ਸਰਜਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਨਵੋਦਿਆ ਆਈਸੋਲੇਸ਼ਨ ਸੈਂਟਰ ਢਿੱਲਵਾਂ ਅੰਦਰਲੇ ਹਾਲਤ ਬਿਆਨ ਕਰਦੀ ਮਰੀਜਾਂ ਦੀ ਵਾਇਰਲ ਵੀਡੀਉ ਸਬੰਧੀ ਪੁੱਛਣ ਤੇ ਇੱਨਾਂ ਹੀ ਕਿਹਾ ਕਿ ਮੈਂ ਉੱਥੇ ਹੀ ਹਾਂ, ਲੋਕੀ ਐਂਵੇ ਹੀ ਰੌਲਾ ਪਾਈ ਜਾਂਦੇ ਨੇ, ਜਦੋਂ ਨਵਾਂ ਘਰ ਵੀ ਬਣਾਉਂਦੇ ਹਾਂ, ਤਾਂ ਕੁਝ ਘਾਟਾ ਕਮੀਆਂ ਰਹਿ ਜਾਂਦੀਆਂ। ਜਿਹੜੀਆਂ ਪ੍ਰਸ਼ਾਸ਼ਨ ਦੂਰ ਕਰਨ ਦੇ ਲੱਗਿਆ ਹੋਇਆ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਸੰਯਮ ਰੱਖਣ ਦੀ ਲੋੜ ਹੈ, ਇਹ ਲੋਕਾਂ ਦਾ ਆਪਣਾ ਘਰ ਨਹੀਂ ਹੈ।