ਜਿਲ੍ਹੇ ਦਾ ਅੰਕੜਾ 144 ਤੱਕ ਪਹੁੰਚਿਆ, ਪੌਜੇਟਿਵ ਕੇਸਾਂ ਚ,ਥਾਣਾ ਸਦਰ ਦੇ ਸਾਂਝ ਕੇਂਦਰ ਦਾ ਇੰਚਾਰਜ਼, ਡੀਐਸਪੀ ਢੀਂਡਸਾ ਦਾ ਕੁੱਕ ਤੇ 3 ਹੋਰ ਕੰਨਟੈਕਟ ਵੀ ਸ਼ਾਮਿਲ
ਹਰਿੰਦਰ ਨਿੱਕਾ ਬਰਨਾਲਾ 27 ਜੁਲਾਈ 2020
ਜਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਠੱਲ੍ਹਣ ਦੀ ਬਜਾਏ ਹਰ ਦਿਨ ਹੋਰ ਵਧਦਾ ਹੀ ਜਾ ਰਿਹਾ ਹੈ। ਫਰੀਦਕੋਟ ਮੈਡੀਕਲ ਕਾਲਜ ਤੋਂ ਦੇਰ ਸ਼ਾਮ ਪਹੁੰਚੀ ਰਿਪੋਰਟ ਅਨੁਸਾਰ ਜਿਲ੍ਹੇ ਅੰਦਰ 18 ਹੋਰ ਪੌਜੇਟਿਵ ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ ਚ, ਐਸ.ਐਚ.ਉ ਸ਼ਹਿਣਾ ਅਜਾਇਬ ਸਿੰਘ ,ਪਹਿਲਾਂ ਹੀ ਪੌਜੇਟਿਵ ਆਏ ਡੀਐਸਪੀ ਕਮਾਂਡ ਰਛਪਾਲ ਸਿੰਘ ਢੀਂਡਸਾ ਦਾ ਰੀਡਰ ਏ.ਐਸ.ਆਈ ਦਰਸ਼ਨ ਸਿੰਘ, ਸਾਂਝ ਕੇਂਦਰ ਥਾਣਾ ਸਦਰ ਬਰਨਾਲਾ ਦੇ ਇੰਚਾਰਜ਼ ਝਰਮਲ ਸਿੰਘ, ਡੀਐਸਪੀ ਢੀਂਡਸਾ ਦਾ ਕੁੱਕ ਵਿਕਾਸ ਪ੍ਰਸ਼ਾਦ ਸ਼ਰਮਾ , ਜਿਲ੍ਹਾ ਸਾਂਝ ਕੇਂਦਰ ਦੀ ਪੌਜੇਟਿਵ ਆ ਚੁੱਕੀ ਕਰਮਚਾਰੀ ਸੁਖਵੀਰ ਕੌਰ ਦੇ ਕੰਨਟੈਕਟ,ਆਸਟ੍ਰੇਲੀਆ ਤੋਂ ਪਹੁੰਚਿਆ ਛੀਨੀਵਾਲ ਖੁਰਦ ਦਾ ਜਗਰਾਜ ਸਿੰਘ ਅਤੇ 3 ਕੈਦੀ ਚਮਕੌਰ ਸਿੰਘ, ਗੁਰਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਪ੍ਰਮੁੱਖ ਤੌਰ ਦੇ ਸ਼ਾਮਿਲ ਹਨ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਐਸਪੀ ਡੀ ਸੁਖਦੇਵ ਸਿੰਘ ਵਿਰਕ, ਡੀਐਸਪੀ ਕਮਾਂਡ ਰਛਪਾਲ ਸਿੰਘ ਢੀਂਡਸਾ,ਐਸਐਚਉ ਮਹਿਲ ਕਲਾਂ ਜਸਵਿੰਦਰ ਕੌਰ ਵੀ ਕੋਰੋਨਾ ਪੌਜੇਟਿਵ ਹੋਣ ਕਾਰਣ ਇਕਾਂਤਵਾਸ ਚੱਲ ਰਹੇ ਹਨ। ਡਾਕਟਰਾਂ ਅਨੁਸਾਰ ਇਹਨਾਂ ਸਾਰਿਆਂ ਦੀ ਸਿਹਤ ਠੀਕ ਹੈ।
ਹੁਣ ਤਾਜ਼ਾ ਪ੍ਰਾਪਤ ਅੰਕੜਿਆਂ ਨਾਲ ਜਿਲ੍ਹੇ ਅੰਦਰ ਪੌਜੇਟਿਵ ਮਰੀਜਾਂ ਦੀ ਸੰਖਿਆ 144 ਤੱਕ ਅੱਪੜ ਗਈ ਹੈ। ਇਸ ਸਬੰਧੀ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਪੌਜੇਟਿਵ ਮਰੀਜਾਂ ਚ, 9 ਪੁਰਾਣੇ ਕੰਨਟੈਕਟਾਂ ਦੇ ਨਾਲ ਸਬੰਧਿਤ ਹਨ । ਜਦੋਂ ਕਿ 9 ਹੋਰ ਨਵੇਂ ਕੇਸ ਵੀ ਸ਼ਾਮਿਲ ਹਨ। ਪੌਜੇਟਿਵ ਕੇਸਾਂ ਚ, ਪੱਤੀ ਰੋਡ ਅਤੇ ਅਜਾਦ ਨਗਰ ਬਰਨਾਲਾ ਦੇ 3/3 ਅਤੇ ਸ਼ਹਿਰ ਦੀ ਲੱਖੀ ਕਲੋਨੀ ,ਕੇਸੀ ਰੋਡ ਤੇ ਹੰਡਿਆਇਆ ਬਜਾਰ ਦੇ 1/1/1 ਮਰੀਜ਼ ਸ਼ਾਮਿਲ ਹਨ। ਇੱਨਾਂ ਤੋਂ ਇਲਾਵਾ 9 ਕੇਸ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਨਾਲ ਸਬੰਧਿਤ ਹਨ। ਕੁੱਲ 18 ਪੌਜੇਟਿਵ ਕੇਸਾਂ ਚ, 5 ਔਰਤਾਂ ਤੇ 13 ਆਦਮੀ ਹਨ। ਸਿਵਲ ਸਰਜ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਦੇ ਫੈਲਾਅ ਤੋਂ ਬਚਣ ਲਈ ਬਿਨਾਂ ਜਰੂਰੀ ਕੰਮਾਂ ਤੋਂ ਘਰੋਂ ਬਾਹਰ ਨਾ ਨਿੱਕਲਿਆ ਜਾਵੇ। ਸ਼ੋਸ਼ਲ ਡਿਸਟੈਂਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਹੂਬਹੂ ਅਮਲ ਚ, ਲਿਆਉਣਾ ਹੀ ਵਾਇਰਸ ਤੋਂ ਬਚਾਅ ਦਾ ਚੰਗਾ ਢੰਗ ਹੈ।