ਅਣਪਛਾਤੀ ਟਵੇਰਾ ਗੱਡੀ ਦੇ ਡਰਾਇਵਰ ਨੇ ਸਾਈਕਲ ਨੂੰ ਮਾਰੀ ਟੱਕਰ
ਇਲਾਜ਼ ਦੌਰਾਨ ਪਟਿਆਲਾ ਹਸਪਤਾਲ ਚ,ਜਿੰਦਗੀ ਦੀ ਜੰਗ ਹਾਰਿਆ ,,ਗੁਰੀ,,
ਹਰਿੰਦਰ ਨਿੱਕਾ ਬਰਨਾਲਾ 27 ਜੁਲਾਈ 2020
45 ਕੁ ਵਰ੍ਹਿਆਂ ਨੂੰ ਢੁੱਕਿਆ ਸੁਖਦੇਵ ਸਿੰਘ ਉਰਫ ਗੁਰੀ ਆਪਣੇ ਘਰ ਤੋਂ ਰੋਜਾਨਾ ਦੀ ਤਰਾਂ ਪਰਿਵਾਰ ਦੀ ਦੋ ਡੰਗ ਦੀ ਰੋਟੀ ਦੇ ਜੁਗਾੜ ਲਈ ਮਜਦੂਰੀ ਲੱਭਣ ਲਈ ਆਪਣੇ ਪਿੰਡ ਵਜੀਦਕੇ ਕਲਾਂ ਤੋਂ ਸਾਇਕਲ ਤੇ ਬਰਨਾਲਾ ਪਹੁੰਚਿਆ। ਪਰੰਤੂ ਸ਼ਾਮ ਨੂੰ ਵਾਪਿਸ ਮੁੜਦੇ ਹੋਇਆ ਉਸ ਨੂੰ ਇੱਕ ਟਵੇਰਾ ਗੱਡੀ ਦੇ ਡਰਾਈਵਰ ਨੇ ਟੱਕਰ ਮਾਰ ਦਿੱਤੀ। ਫਿਰ ਉਹ ਆਪ ਤਾਂ ਨਹੀਂ, ਪਰ ਉਸ ਦੀ ਲਾਸ਼ ਹੀ ਘਰ ਪਹੁੰਚੀ। ਇਸ ਦੁਰਘਟਨਾ ਨਾਲ ਗੁਰੀ ਦੀ ਮੌਤ ਹੀ ਨਹੀਂ, ਉਹਦੇ ਤੇ ਆਸ਼ਰਿਤ ਪਰਿਵਾਰ ਦੇ ਸਪਨੇ ਵੀ ਚੂਰ ਚੂਰ ਹੋ ਗਏ। ਹੁਣ ਪਰਿਵਾਰ ਦਾ ਗੁਜਾਰਾ ਚਲਾਉਣ ਵਾਲਾ ਉਸ ਦੇ ਪਰਿਵਾਰ ਚ, ਕੋਈ ਹੋਰ ਕਮਾਊ ਬੰਦਾ ਨਹੀਂ ਰਿਹਾ। ਇਹ ਹਾਦਸਾ 25 ਜੁਲਾਈ ਦੀ ਸ਼ਾਮ ਨੂੰ ਪਿੰਡ ਠੀਕਰੀਵਾਲਾ ਕੋਲ ਵਾਪਰਿਆ, ਤੇ ਹਰਿਆਣਾ ਨੰਬਰ ਦੀ ਗੱਡੀ ਦਾ ਡਰਾਇਵਰ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਜਿਸ ਨੂੰ ਲੱਭਣਾ ਹੁਣ ਪੁਲਿਸ ਦੇ ਹੱਥ ਰਹਿ ਗਿਆ ਹੈ ਕਿ ਆਖਿਰ ਉਹ ਦੋਸ਼ੀ ਨੂੰ ਕਦੋਂ ਤੱਕ ਗਿਰਫਤਾਰ ਕਰਕੇ ਕਟਹਿਰੇ ਵਿੱਚ ਖੜ੍ਹਾ ਕਰੇਗੀ।
ਅਸੀਂ ਦੋਵੇਂ ਭਰਾ ਆਪੋ ਆਪਣੇ ਸਾਇਕਲ ਤੇ ਜਾ ਰਹੇ ਸੀ,,
ਮੱਘਰ ਸਿੰਘ ਪੁੱਤਰ ਕਰਨੈਲ ਸਿੰਘ ਨਿਵਾਸੀ ਵਜੀਦਕੇ ਕਲਾਂ ਨੇ ਦੱਸਿਆ ਕਿ ਉਹ ਤੇ ਉਸ ਦਾ ਛੋਟਾ ਭਰਾ ਸੁਖਦੇਵ ਸਿੰਘ ਗੁਰੀ ਰੋਜ ਦੀ ਤਰਾਂ ਪਿੰਡ ਤੋਂ ਮਜਦੂਰੀ ਦੀ ਭਾਲ ਵਿੱਚ ਬਰਨਾਲਾ ਦੇ ਲੇਬਰ ਚੌਂਕ ਚ, ਪਹੁੰਚੇ। ਜਦੋਂ ਮਜਦੂਰੀ ਕਰਕੇ ਸ਼ਾਮ ਕਰੀਬ 7 ਕੁ ਵਜੇ ਵਾਪਿਸ ਘਰ ਨੂੰ ਮੁੜ ਰਹੇ ਸੀ ਤਾਂ ਪਿੰਡ ਠੀਕਰੀਵਾਲਾ ਨੇੜੇ ਹਰਿਆਣਾ ਨੰਬਰ HR-67- 3476 ਦੀ ਚਿੱਟੇ ਰੰਗ ਦੀ ਟਵੇਰਾ ਗੱਡੀ ਦੇ ਡਰਾਇਵਰ ਨੇ ਬਹੁਤ ਹੀ ਲਾਪਰਵਾਹੀ ਤੇ ਤੇਜ਼ ਰਫਤਾਰ ਨਾਲ ਸੁਖਦੇਵ ਸਿੰਘ ਗੁਰੀ ਦੇ ਸਾਇਕਲ ਨੂੰ ਜਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ਚ, ਉਹ ਗੰਭੀਰ ਰੂਪ ਚ, ਜਖਮੀ ਹੋ ਗਿਆ। ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ। ਪਰੰਤੂ ਅਤੀ ਨਾਜੁਕ ਹਾਲਤ ਦੇ ਚੱਲਦਿਆਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ, ਰੈਫਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਹੀ 26 ਜੁਲਾਈ ਨੂੰ ਉਹ ਜਿੰਦਗੀ ਲਈ ਮੌਤ ਨਾਲ ਲੜਦਾ ਜੰਗ ਹਾਰ ਗਿਆ।
ਘਰ ਚ, ਕੋਈ ਹੋਰ ਕਮਾਉ ਬੰਦਾ ਹੀ ਨਹੀਂ ਰਿਹਾ
ਉਨਾਂ ਦੱਸਿਆ ਕਿ ਸੁਖਦੇਵ ਦੀ ਪਤਨੀ ਤੋਂ ਇਲਾਵਾ 3 ਛੋਟੇ ਛੋਟੇ ਵੀ ਬੱਚੇ ਹਨ। ਇੱਕ ਵੱਡੀ ਕੁੜੀ ਦਾ ਕੁਝ ਸਮਾਂ ਪਹਿਲਾਂ ਵਿਆਹ ਕਰ ਦਿੱਤਾ ਸੀ। ਹੁਣ ਉਸ ਦੇ ਘਰ ਚ, ਕੋਈ ਹੋਰ ਕਮਾਉ ਬੰਦਾ ਵੀ ਨਹੀਂ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਏਐਸਆਈ ਜਰਨੈਲ ਸਿੰਘ ਦੀ ਅਗਵਾਈ ਚ, ਪੁਲਿਸ ਪਾਰਟੀ ਵੀ ਪਹੁੰਚ ਗਈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨ ਦੇ ਅਧਾਰ ਦੇ ਟਵੇਰਾ ਗੱਡੀ ਦੇ ਅਣਪਛਾਤੇ ਡਰਾਇਵਰ ਦੇ ਖਿਲਾਫ ਅਧੀਨ ਜੁਰਮ 279/304 A .IPC ਦੇ ਤਹਿਤ ਥਾਣਾ ਸਿਟੀ 1 ਚ, ਕੇਸ ਦਰਜ਼ ਕਰ ਦਿੱਤਾ ਹੈ। ਐਸਐਚਉ ਸਿਟੀ 1 ਬਰਨਾਲਾ ਸਬ ਇੰਸਪੈਕਟਰ ਗੁਲਾਬ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਪੁਲਿਸ ਪਾਰਟੀ ਨੇ ਦੋਸ਼ੀ ਗੱਡੀ ਅਤੇ ਡਰਾਇਵਰ ਦੀ ਤਲਾਸ਼ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਜਲਦ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।
ਉਹ ਕਮਾ ਕੇ ਲਿਆਉਂਦਾ ਸੀ ਤਾਂ ਘਰ ਦਾ ਚੁੱਲ੍ਹਾ ਚੱਲਦਾ ਸੀ
ਮ੍ਰਿਤਕ ਦੀ ਪਤਨੀ ਵਿੰਦਰ ਕੌਰ ਨੇ ਹੰਝੂ ਭਰੀਆਂ ਅੱਖਾਂ ਨਾਲ ਪਰਿਵਾਰ ਦੀ ਦਾਸਤਾਂ ਸਾਂਝੀ ਕਰਦਿਆਂ ਕਿਹਾ ਕਿ ਸਿਰਫ ਮੇਰੇ ਪਤੀ ਤੇ ਹੀ ਪੂਰੇ ਟੱਬਰ ਦਾ ਗੁਜਾਰਾ ਨਿਰਭਰ ਸੀ, ਉਹ ਕਮਾ ਕੇ ਲਿਆਉਂਦਾ ਸੀ ਤਾਂ ਘਰ ਦਾ ਚੁੱਲ੍ਹਾ ਚੱਲਦਾ ਸੀ। ਪਰ ਹੁਣ ਕੀ ਬਣੂ, ਇਹ ਕਹਿ ਕੇ ਹੀ ਡੂੰਘੀਆਂ ਸੋਚਾਂ ਚ, ਘਿਰ ਕੇ ਚੁੱਪ ਹੋ ਗਈ। ਇਸ ਮੌਕੇ ਮੌਜੂਦ ਪਿੰਡ ਵਾਸੀ ਅਤੇ ਸਮਾਜ ਸੇਵੀ ਚਿੰਤਕ ਮਾਸਟਰ ਜਸਵੀਰ ਸਿੰਘ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਬੇਹੱਦ ਗਰੀਬ ਤੇ ਜਰੂਰਤਮੰਦ ਪਰਿਵਾਰ ਤੇ ਅਚਾਣਕ ਟੁੱਟੇ ਦੁੱਖਾਂ ਦੇ ਪਹਾੜ ਸਮੇਂ ਆਰਥਿਕ ਮੱਦਦ ਲਈ ਅੱਗੇ ਆ ਕੇ ਪਰਿਵਾਰ ਨੂੰ ਭੁੱਖਮਰੀ ਤੋਂ ਬਚਾਉਣ ਦਾ ਹਰ ਸੰਭਵ ਉਪਰਾਲਾ ਕਰੇ।
ਟਵੇਰਾ ਗੱਡੀ ਦਾ ਮਾਲਿਕ ਕੌਣ ?
ਬਰਨਾਲਾ ਟੂਡੇ ਦੁਆਰਾ ਕੀਤੀ ਪੜਤਾਲ ਤੋਂ ਪਤਾ ਲੱਗਿਆ ਕਿ HR-67- 3476 ਟਵੇਰਾ ਗੱਡੀ ਦੀ ਰਜਿਸਟ੍ਰੇਸ਼ਨ ਅਨੁਸਾਰ ਉਸ ਦਾ ਮਾਲਿਕ ਸੱਤ ਪਾਲ ਹੈ, ਗੱਡੀ ਦੀ ਰਜਿਸਟ੍ਰੇਸ਼ਨ ਪਾਣੀਪਤ ਤੋਂ ਹੋਈ ਹੈ। ਹੁਣ ਤਫਤੀਸ਼ ਦੇ ਗੱਡੀ ਅਤੇ ਡਰਾਇਵਰ ਦੀ ਤਲਾਸ਼ ਦੀ ਗੇਂਦ ਤਫਤੀਸ਼ ਅਧਿਕਾਰੀ ਦੇ ਪਾਲੇ ਵਿੱਚ ਹੈ ਕਿ ਉਹ ਕਿੰਨ੍ਹਾਂ ਛੇਤੀ ਗੱਡੀ ਨੂੰ ਬਰਾਮਦ ਕਰਕੇ ਦੋਸ਼ੀ ਡਰਾਇਵਰ ਨੂੰ ਗਿਰਫਤਾਰ ਕਰ ਲੈਂਦਾ ਹੈ।