21 ਜਿਲ੍ਹਿਆਂ ,ਚ ਹਜ਼ਾਰਾਂ ਟਰੈਕਟਰਾਂ ਤੇ ਕਿਸਾਨ ਕਰਨਗੇ ਮਾਰਚ
ਹਰਿੰਦਰ ਨਿੱਕਾ ਬਰਨਾਲਾ 26 ਜੁਲਾਈ 2020
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਪੰਜਾਬ ਦੀਆਂ 12 ਕਿਸਾਨ ਜਥੇਬੰਦੀਆਂ ਅਤੇ 2 ਹੋਰ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ 27 ਜੁਲਾਈ ਨੂੰ ਪੰਜਾਬ ਦੇ ਕਿਸਾਨ, ਕੇਂਦਰ ਦੀ ਸਰਕਾਰ ‘ਚ ਭਾਈਵਾਲ ਭਾਰਤੀ ਜਨਤਾ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ (ਬਾਦਲ) ਦੇ ਅਸੈਂਬਲੀ ਅਤੇ ਪਾਰਲੀਮੈਂਟ ਵਿੱਚ ਚੁਣੇ ਗਏ ਨੁਮਾਇੰਦਿਆਂ ਅਤੇ ਉਨ੍ਹਾਂ ਦੇ ਵੱਡੇ ਲੀਡਰਾਂ ਦੇ ਦਫ਼ਤਰਾਂ / ਘਰਾਂ ਅੱਗੇ ਰੋਸ ਮੁਜ਼ਾਹਰੇ ਕਰਨ ਲਈ ਪੰਜਾਬ ਦੇ ਕੁੱਲ 22 ਜ਼ਿਲ੍ਹਿਆਂ ਵਿੱਚੋਂ 21 ਜਿਲ੍ਹਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਲੈ ਕੇ ਮਾਰਚ ਕਰਦੇ ਹੋਏ ਜਾਣਗੇ।”
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ, ਪੰਜਾਬ ਦੇ ਕਨਵੀਨਰ ਡਾ: ਦਰਸ਼ਨ ਪਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਪੰਜਾਬ ਚੋਂ ਇਕੱਠੀ ਕੀਤੀ ਜਾਣਕਾਰੀ ਮੁਤਾਬਿਕ ਪਟਿਆਲਾ ਵਿਖੇ ਇੱਕ ਟਰੈਕਟਰ ਮਾਰਚ ਸੀਨੀਅਰ ਅਕਾਲੀ ਲੀਡਰ ਸੁਰਜੀਤ ਸਿੰਘ ਰੱਖੜਾ ਦੇ ਲੀਲਾ ਭਵਨ ਵਿਖੇ ਦਫ਼ਤਰ ਅੱਗੇ ਜਦੋਂ ਕਿ ਦੂਸਰਾ ਨਾਭਾ ਰੋਡ ਉੱਤੇ ਸਥਿਤ ਉਨ੍ਹਾਂ ਦੇ ਘਰ ਅੱਗੇ ਜਾਏਗਾ। ਬਠਿੰਡਾ ‘ਚ ਟਰੈਕਟਰ ਮਾਰਚ ਸੀਨੀਅਰ ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਅਤੇ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਮੌਜੂਦਾ ਐੱਮ. ਪੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਬਾਦਲ ਵਿਖੇ ਸਥਿਤ ਦਫ਼ਤਰ ਵਿਖੇ ਪਹੁੰਚੇਗਾ, ਜ਼ਿਲ੍ਹਾ ਤਰਨ ਤਾਰਨ ਵਿੱਚ ਟਰੈਕਟਰ ਮਾਰਚ ਆਦੇਸ਼ ਪ੍ਰਤਾਪ ਕੈਰੋਂ ਦੇ ਦਫਤਰ ਅੱਗੇ ਪਹੁੰਚੇਗਾ । ਜਲੰਧਰ ਜ਼ਿਲ੍ਹੇ ਵਿੱਚ ਫਗਵਾੜਾ ਵਿਖੇ ਕਾਫਲਾ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਅਤੇ ਨਕੋਦਰ ਵਿਖੇ ਅਕਾਲੀ ਮੰਤਰੀ ਵਡਾਲਾ ਦੇ ਦਫ਼ਤਰ / ਘਰ ਵੱਲ ਮਾਰਚ ਕਰੇਗਾ। ਮਾਨਸਾ ਵਿਖੇ ਹਰਸਿਮਰਤ ਕੌਰ ਬਾਦਲ ਦੇ ਦਫਤਰ ਅੱਗੇ ਅਤੇ ਬਲਵਿੰਦਰ ਸਿੰਘ ਭੂੰਦੜ ਦੇ ਘਰ ਵਿਚਲੇ ਦਫ਼ਤਰ ਤੱਕ ਮਾਰਚ ਕੀਤਾ ਜਾਵੇਗਾ।
ਫ਼ਰੀਦਕੋਟ ਜਿਲ੍ਹੇ ਵਿੱਚ ਮਨਤਾਰ ਬਰਾੜ ਦੇ ਘਰ ਅੱਗੇ ਕੋਟਕਪੂਰੇ ਅਤੇ ਫਰੀਦਕੋਟ ਵਿਖੇ ਬੰਟੀ ਰੋਮਾਣਾ ਕੇਂਦਰੀ ਯੂਥ ਅਕਾਲੀ ਦਲ ਦੇ ਆਗੂ ਦੇ ਘਰ ਵੱਲ ਮਾਰਚ ਜਾਵੇਗਾ। ਫਿਰੋਜ਼ਪੁਰ ਵਿੱਚ ਸੁਖਪਾਲ ਸਿੰਘ ਨੰਨੂ, ਬੀਜੇਪੀ ਆਗੂ ਅਤੇ ਜਨਮੇਜਾ ਸਿੰਘ ਸੇਖੋਂ, ਜਨਰਲ ਸਕੱਤਰ ਅਕਾਲੀ ਦਲ (ਬਾਦਲ) ਦੇ ਘਰ ਵੱਲ ਮਾਰਚ ਕੀਤਾ ਜਾਵੇਗਾ। ਫਿਰੋਜ਼ਪੁਰ ‘ਚ ਹੀ ਜੀਰਾ ਵਿਖੇ ਹਰੀ ਸਿੰਘ ਜ਼ੀਰੇ ਦੇ ਘਰ ਵੱਲ ਮਾਰਚ ਕੀਤਾ ਜਾਵੇਗਾ। ਰੋਪੜ ਵਿਖੇ ਬੀ.ਜੇ.ਪੀ ਦੇ ਸੂਬਾਈ ਆਗੂ ਵਿਜੈ ਪੁਰੀ ਅਤੇ ਇਕਬਾਲ ਸਿੰਘ ਲਾਲਪੁਰਾ ਦੇ ਘਰਾਂ ਅੱਗੇ ਟਰੈਕਟਰ ਮਾਰਚ ਜਾਵੇਗਾ।
ਮੋਗਾ ਵਿਖੇ ਅਕਾਲੀ ਆਗੂ ਤੋਤਾ ਸਿੰਘ ਦੇ ਘਰ/ਦਫਤਰ ਅੱਗੇ ਟਰੈਕਟਰ ਮਾਰਚ ਪਹੁੰਚੇਗਾ ਅਤੇ ਭਾਜਪਾ ਦੇ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਦੇ ਦਫ਼ਤਰ ਅੱਗੇ ਵੀ ਧਰਨਾ ਜਾਵੇਗਾ, ਅੰਮ੍ਰਿਤਸਰ ਵਿੱਚ ਰਾਜ ਸਭਾ ਦੇ ਮੈਂਬਰ ਅਤੇ ਬੀਜੇਪੀ ਦੇ ਸੀਨੀਅਰ ਲੀਡਰ ਸ਼ਵੇਤ ਮਲਿਕ ਜੀ ਦੇ ਘਰ ਅੱਗੇ, ਕਪੂਰਥਲਾ ਵਿੱਚ ਪਰਮਜੀਤ ਸਿੰਘ ਅਕਾਲੀ ਲੀਡਰ ਅਤੇ ਨਵਾਂ ਸ਼ਹਿਰ ਵਿੱਚ ਵੀ ਸੁਖਵਿੰਦਰ ਸੁੱਖੀ ਅਕਾਲੀ ਲੀਡਰ ਦੇ ਘਰ ਅੱਗੇ, ਗੁਰਦਾਸਪੁਰ ਵਿੱਚ 7 ਟਰੈਕਟਰ ਮਾਰਚ ਨਿਕਲਣਗੇ ਜੋ ਬੀਜੇਪੀ-ਅਕਾਲੀਆਂ ਦੇ ਗੱਠਜੋੜ ਵਾਲੇ ਵਿਧਾਇਕਾਂ ਤੇ ਲੀਡਰਾਂ ਦੇ ਘਰਾਂ/ਦਫ਼ਤਰਾਂ ਤੱਕ ਜਾਣਗੇ। ਲੁਧਿਆਣਾ ਵਿਖੇ ਅਕਾਲੀ ਲੀਡਰ ਮਨਪ੍ਰੀਤ ਸਿੰਘ ਇਆਲੀ ਦੇ ਮੁੱਲਾਂਪੁਰ ਦਫ਼ਤਰ ਦੇ ਸਾਹਮਣੇ ਟਰੈਕਟਰ ਮਾਰਚ ਪਹੁੰਚੇਗਾ, ਫ਼ਾਜ਼ਿਲਕਾ ਵਿਖੇ ਸੁਰਜੀਤ ਕੁਮਾਰ ਜਿਆਣੀ ਸੀਨੀਅਰ ਬੀਜੇਪੀ ਲੀਡਰ ਦੇ ਘਰ ਅੱਗੇ, ਇਸੇ ਤਰ੍ਹਾਂ ਸੰਗਰੂਰ ਵਿੱਚ ਸੀਨੀਅਰ ਅਕਾਲੀ ਲੀਡਰ ਪ੍ਰਕਾਸ਼ ਚੰਦ ਗਰਗ ਦੇ ਭਵਾਨੀਗੜ੍ਹ ਵਿਖੇ ਦਫਤਰ ਅੱਗੇ ਪਹੁੰਚੇਗਾ, ਫ਼ਤਿਹਗੜ੍ਹ ਦੇ ਕਿਸਾਨ ਟਰੈਕਟਰ ਲੈ ਕੇ ਸੁਰਜੀਤ ਸਿੰਘ ਰੱਖੜਾ ਦੇ ਦਫ਼ਤਰ ਪਹੁੰਚਣਗੇ ਜਦੋਂ ਕਿ ਪਠਾਨਕੋਟ ਵਿਖੇ ਸੀਨੀਅਰ ਬੀਜੇਪੀ ਲੀਡਰ ਅਤੇ ਐਮ. ਐਲ. ਏ ਦਿਨੇਸ਼ ਬੱਬੂ ਦੇ ਦਫਤਰ ਅੱਗੇ ਧਰਨੇ ਟਰੈਕਟਰ ਮਾਰਚ ਕਰਕੇ ਦਿੱਤੇ ਜਾਣਗੇ।।
ਉਹਨਾਂ ਅੱਗੇ ਦੱਸਿਆ ਕਿ ਇਹ ਟਰੈਕਟਰ ਮਾਰਚ ਅਤੇ ਧਰਨੇ ਕੇਂਦਰ ਸਰਕਾਰ ਵੱਲੋਂ ਐਲਾਨੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਬਿਲ-2020 ਨੂੰ ਵਾਪਸ ਲੈਣ, ਡੀਜ਼ਲ ਪੈਟਰੋਲ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਨੂੰ ਅੱਧੀਆਂ ਕਰਨ ਦੀ ਮੰਗ ਕਰਨ ਦੇ ਨਾਲ ਨਾਲ, ਪੰਜਾਬ ਦੇ ਹੱਕਾਂ ਤੇ ਕੇਂਦਰ ਵੱਲੋਂ ਮਾਰੇ ਜਾ ਛਾਪਿਆਂ ਅਤੇ ਜਮਹੂਰੀ ਕਾਰਕੁੰਨਾਂ, ਪੱਤਰਕਾਰਾਂ, ਕਲਾਕਾਰਾਂ, ਲੇਖਕਾਂ, ਕਵੀਆਂ ਜੋ ਵੱਖਰੇ ਵਿਚਾਰ ਰੱਖਦੇ ਹਨ ਦੇ ਵਿਰੁੱਧ ਝੂਠੇ ਕੇਸ ਦਰਜ ਕਰ ਕੇ ਜੇਲ੍ਹਾਂ ਵਿੱਚ ਡੱਕਣ ਆਦਿ ਦਾ ਵਿਰੋਧ ਕਰਨ ਅਤੇ ਉਨ੍ਹਾਂ ਦੀ ਰਿਹਾਈ ਲਈ ਦਿੱਤੇ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸੰਘਰਸ਼ ਵਿੱਚ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ, ਪੰਜਾਬ ਚੈਪਟਰ ਵਿੱਚ ਸ਼ਾਮਲ ਪੰਜਾਬ ਦੀਆਂ 10 ਜਥੇਬੰਦੀਆਂ ਜਿਨ੍ਹਾਂ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ; ਜਮਹੂਰੀ ਕਿਸਾਨ ਸਭਾ, ਪੰਜਾਬ; ਪੰਜਾਬ ਕਿਸਾਨ ਯੂਨੀਅਨ; ਕੁੱਲ ਹਿੰਦ ਕਿਸਾਨ ਸਭਾ, ਪੰਜਾਬ; (ਸਾਂਭ)ਰ ਕੁੱਲ ਹਿੰਦ ਕਿਸਾਨ ਸਭਾ, ਪੰਜਾਬ (ਪੁੰਨਾਂਵਾਲ) ਭਾਰਤੀ ਕਿਸਾਨ ਯੂਨੀਅਨ ਏਕਤਾ, (ਡਕੋਂਦਾ); ਕਿਰਤੀ ਕਿਸਾਨ ਯੂਨੀਅਨ, ਪੰਜਾਬ; ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਪੰਜਾਬ; ਕਿਸਾਨ ਸੰਘਰਸ਼ ਕਮੇਟੀ, ਪੰਜਾਬ (ਕੋਟਬੁੱਢਾ); ਜੈ ਕਿਸਾਨ ਅੰਦੋਲਨ, ਪੰਜਾਬ ਦੇ ਨਾਲ ਨਾਲ ਦੋ ਹੋਰ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ),ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਸ਼ਾਮਿਲ ਹਨ ।
ਇਨ੍ਹਾਂ ਮਾਰਚਾਂ ਅਤੇ ਧਰਨਿਆਂ ਦੀ ਅਗਵਾਈ ਜਮਹੂਰੀ ਕਿਸਾਨ ਸਭਾ, ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ,; ਭਾਰਤੀ ਕਿਸਾਨ ਯੂਨੀਅਨ, ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਰਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ; ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ: ਦਰਸ਼ਨ ਪਾਲ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਮਹਿੰਮਾ; ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ; ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਰਵੀ; ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਭੁਪਿੰਦਰ ਸਿੰਘ ਸਾਂਭਰ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ; ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਅਤੇ ਜਨਰਲ ਸਕੱਤਰ ਨਿਰਵੈਲ ਸਿੰਘ ਡਾਲੇਕੇ; ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁਡੀਕੇ ਅਤੇ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ; ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਮੇਜਰ ਸਿੰਘ ਪੁੰਨ੍ਹਾਂਵਾਲ ਅਤੇ ਜੈ ਕਿਸਾਨ ਅੰਦੋਲਨ ਦੇ ਪੰਜਾਬ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਬਰਨਾਲਾ, ਭਾਰਤੀ ਕਿਸਾਨ ਯੂਨੀਅਨ, ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਭਾਰਤੀ ਕਿਸਾਨ ਯੂਨੀਅਨ (ਕਰਾਂਤੀਕਾਰ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਜੀਰਾ ਕਰਨਗੇ।