ਖ਼ਾਲਸਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ ਮਿਲਣ ਦੀ ਖਬਰ ਤੋਂ ਬਾਅਦ, ਜ਼ਿਲ੍ਹੇ ਭਰ ’ਚ ਖੁਸ਼ੀ ਦੀ ਲਹਿਰ
ਹਰਿੰਦਰ ਨਿੱਕਾ, ਬਰਨਾਲਾ 12 ਜਨਵਰੀ 2026
ਦੇਸ਼ ਦੀ ਲੋਕ ਸਭਾ ‘ਚ ਆਪਣੀ ਪਾਰਟੀ ਵੱਲੋਂ ਡਿਪਟੀ ਲੀਡਰ ਰਹਿ ਚੁੱਕੇ ਅਤੇ ਪੰਥਕ ਸਿਆਸਤ ਨੂੰ ਸਮੇਂ ਸਮੇਂ ਤੇ ਅਹਿਮ ਮੋੜਾ ਦੇਣ ਲਈ ਪ੍ਰਸਿੱਧ ਸਾਬਕਾ ਮੈਂਬਰ ਪਾਰਲੀਮੈਂਟ, ਸੀਨੀਅਰ ਐਡਵੋਕੇਟ ਅਤੇ ਪ੍ਰਸਿੱਧ ਸਿੱਖ ਚਿੰਤਕ ਸਰਦਾਰ ਰਾਜਦੇਵ ਸਿੰਘ ਖ਼ਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਨੇ ਪਾਰਟੀ ਦੀ ਸਭ ਤੋਂ ਸ਼ਕਤੀਸ਼ਾਲੀ ਇਕਾਈ ‘ਰਾਜਸੀ ਮਾਮਲਿਆਂ ਬਾਰੇ ਕਮੇਟੀ’ (PAC) ਦਾ ਮੈਂਬਰ ਨਾਮਜ਼ਦ ਕੀਤਾ ਹੈ। ਇਸ ਫੈਸਲੇ ਨਾਲ ਜਿੱਥੇ ਖ਼ਾਲਸਾ ਦਾ ਸਿਆਸੀ ਕੱਦ ਹੋਰ ਉੱਚਾ ਹੋਇਆ ਹੈ, ਉੱਥੇ ਹੀ ਪਾਰਟੀ ਨੇ ਉਨ੍ਹਾਂ ਦੀਆਂ ਸਿੱਖ ਕੌਮ ਅਤੇ ਰਾਜਨੀਤੀ ਪ੍ਰਤੀ ਸੇਵਾਵਾਂ ’ਤੇ ਮੋਹਰ ਲਗਾ ਦਿੱਤੀ ਹੈ।
ਪਾਰਟੀ ਦੇ ਮੁੱਖ ਦਫ਼ਤਰ ਤੋਂ ਦਲ ਦੇ ਮੀਡੀਆ ਇੰਚਾਰਜ ਤਜਿੰਦਰ ਸਿੰਘ ਪੰਨੂ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਪੱਤਰ ਅਨੁਸਾਰ, ਹਾਈ ਕਮਾਂਡ ਨੇ ਇਹ ਫੈਸਲਾ ਰਾਜਦੇਵ ਸਿੰਘ ਖ਼ਾਲਸਾ ਦੀ ਦੂਰਅੰਦੇਸ਼ੀ ਅਤੇ ਲੰਬੇ ਸਿਆਸੀ ਤਜ਼ਰਬੇ ਨੂੰ ਮੁੱਖ ਰੱਖਦਿਆਂ ਲਿਆ ਹੈ। ਵਰਣਨਯੋਗ ਹੈ ਕਿ ਬਰਨਾਲਾ ਜ਼ਿਲ੍ਹੇ ਵਿੱਚੋਂ ਰਾਜਦੇਵ ਸਿੰਘ ਖ਼ਾਲਸਾ ਇਕੱਲੇ ਅਜਿਹੇ ਆਗੂ ਹਨ, ਜਿਨ੍ਹਾਂ ਨੂੰ ਹਾਈ ਕਮਾਂਡ ਵਿੱਚ ਸ਼ਾਮਲ ਹੋਣ ਦਾ ਮਾਣ ਹਾਸਲ ਹੋਇਆ ਹੈ।
ਨੀਤੀਆਂ ਘੜਨ ’ਚ ਨਿਭਾਉਣਗੇ ਅਹਿਮ ਭੂਮਿਕਾ
ਅਦਾਲੀ ਦਲ ਦੀ ਪੀ.ਏ.ਸੀ. (PAC) ਦਾ ਮੈਂਬਰ ਹੋਣ ਦੇ ਨਾਤੇ ਹੁਣ ਉਹ ਪਾਰਟੀ ਦੀਆਂ ਭਵਿੱਖੀ ਰਣਨੀਤੀਆਂ, ਨੀਤੀ-ਨਿਰਮਾਣ ਅਤੇ ਅਹਿਮ ਰਾਜਸੀ ਫੈਸਲਿਆਂ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਹੋਣਗੇ। ਸਰਦਾਰ ਖਾਲਸਾ, ਸਿੱਖ ਚਿੰਤਕ ਹੋਣ ਦੇ ਨਾਤੇ ਪੰਥਕ ਮੁੱਦਿਆਂ ਨੂੰ ਕੌਮੀ ਪੱਧਰ ’ਤੇ ਚੁੱਕਣ ਲਈ ਜਾਣੇ ਜਾਂਦੇ ਹਨ ਅਤੇ ਪਾਰਟੀ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਜਥੇਬੰਦੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤੀ ਮਿਲੇਗੀ।
ਸਮਰਥਕਾਂ ਵਿੱਚ ਭਾਰੀ ਉਤਸ਼ਾਹ
ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੀ ਨਿਯੁਕਤੀ ਬਾਰੇ ਖ਼ਬਰ ਮਿਲਦਿਆਂ ਹੀ ਬਰਨਾਲਾ ਜ਼ਿਲ੍ਹੇ ਅਤੇ ਸਮੁੱਚੇ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਖ਼ਾਲਸਾ ਹਮੇਸ਼ਾ ਹੱਕ ਅਤੇ ਸੱਚ ਦੀ ਆਵਾਜ਼ ਬੁਲੰਦ ਕਰਦੇ ਆਏ ਹਨ ਅਤੇ ਹੁਣ ਹਾਈ ਕਮਾਂਡ ਦਾ ਹਿੱਸਾ ਬਣਨ ਨਾਲ ਉਹ ਪੰਜਾਬ ਅਤੇ ਪੰਥ ਦੇ ਮਸਲਿਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਵਾ ਸਕਣਗੇ।
ਸਰਦਾਰ ਖ਼ਾਲਸਾ ਨੇ ਆਪਣੀ ਇਸ ਨਿਯੁਕਤੀ ’ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਇਸ ਵੱਡੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਖਾਲਸਾ ਨੇ ਕਿਹਾ ਕਿ ਇੱਕ ਪਰਿਵਾਰ ਦੀ ਮਲਕੀਅਤ ਬਣ ਚੁੱਕੇ ਅਕਾਲੀ ਦਲ ਬਾਦਲ ਨੇ, ਸਿੱਖ ਰਵਾਇਤਾਂ, ਸਿੱਖ ਸੰਸਥਾਵਾਂ ਅਤੇ ਪੰਥਕ ਮਰਿਆਦਾ ਨੂੰ ਵੱਡੀ ਢਾਹ ਲਾਈ ਹੈ। ਹੁਣ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਸਿੱਖ ਰਵਾਇਤਾਂ, ਸਿੱਖ ਸੰਸਥਾਵਾਂ ਦੀ ਪੁਰਾਣੀ ਮਰਿਆਦਾ ਨੂੰ ਪੁਨਰ ਸੁਰਜੀਤ ਕਰਨ ਦਾ ਬੀੜਾ ਚੁੱਕਿਆ ਹੈ। ਸਿੱਖ ਸੰਗਤ ਦਾ ਝੁਕਾਅ ਹਰ ਦਿਨ ਅਕਾਲੀ ਦਲ ਪੁਨਰ ਸੁਰਜੀਤ ਵੱਲ ਵਧ ਰਿਹਾ ਹੈ।







