ਹੈੱਡਮਾਸਟਰ ਕੇਡਰ ਤੋਂ ਪ੍ਰਿੰਸੀਪਲ ਕੇਡਰ ਦੀਆਂ ਤਰੱਕੀਆਂ ਦਾ ਵਾਅਦਾ ਪੂਰਾ ਕਰੇ ਸਰਕਾਰ: ਹੈਡਮਾਸਟਰਜ਼ ਐਸੋਸੀਏਸ਼ਨ ਇਕਾਈ ਫਾਜ਼ਿਲਕਾ
ਬਿੱਟੂ ਜਲਾਲਾਬਾਦੀ, ਫਾਜਿਲਕਾ 14 ਫਰਵਰੀ 2025
ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਹਾਈ ਸਕੂਲਾਂ ਵਿੱਚ ਕੰਮ ਕਰਦੇ ਹੈੱਡਮਾਸਟਰ ਕੇਡਰ (ਪੀ.ਈ.ਐੱਸ.-II) ਨੇ ਪੂਰਨ ਸਮਰਪਣ ਨਾਲ਼ ਸੇਵਾ ਨਿਭਾਉਂਦੇ ਹੋਏ ਹਾਈ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ ਜਿਸ ਨਾਲ਼ ਪੰਜਾਬ ਦੀ ਸਕੂਲੀ ਸਿੱਖਿਆ ਦੇ ਗੁਣਾਤਮਕ ਮਿਆਰ ਵਿੱਚ ਚੰਗਾ ਸੁਧਾਰ ਹੋਇਆ ਹੈ, ਪਰੰਤੂ ਹੈੱਡਮਾਸਟਰ ਕੇਡਰ ਦੀ ਪ੍ਰਿੰਸੀਪਲ ਵਜੋਂ ਤਰੱਕੀ ਦੀ ਉਡੀਕ ਲੰਮੀ ਹੁੰਦੀ ਜਾ ਰਹੀ ਹੈ ਜਿਸ ਕਰਕੇ ਸਮੁੱਚਾ ਹੈੱਡਮਾਸਟਰ ਕੇਡਰ ਨਿਰਾਸ਼ਾ ਦੇ ਆਲਮ ਵਿੱਚ ਹੈ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹੈੱਡਮਾਸਟਰਜ਼ ਐਸੋਸੀਏਸ਼ਨ, ਪੰਜਾਬ ਦੀ ਫਾਜ਼ਿਲਕਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸਤਿੰਦਰ ਬੱਤਰਾ ਵੱਲੋਂ ਸਮੁੱਚੀ ਜ਼ਿਲ੍ਹਾ ਕਮੇਟੀ ਨਾਲ਼ ਹੋਟਲ ਪੈਰਾਡਾਈਜ਼ ਫਾਜਿਲਕਾ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਕੀਤਾ ਗਿਆ। ਉਨ੍ਹਾਂ ਅੱਗੇ ਮੀਟਿੰਗ ਉਪਰੰਤ ਦੱਸਦਿਆਂ ਕਿਹਾ ਕਿ ਪੰਜਾਬ ਦੇ 1927 ਸੈਕੰਡਰੀ ਸਕੂਲਾਂ ਵਿੱਚੋਂ 856 ਸਕੂਲਾਂ ਵਿੱਚ ਪ੍ਰਿੰਸੀਪਲ ਦੀ ਅਸਾਮੀ ਖਾਲੀ ਹੈ, ਭਾਵ ਕਿ ਇਹ 45 ਫੀਸਦੀ ਸੈਕੰਡਰੀ ਸਕੂਲ ਪ੍ਰਿੰਸੀਪਲ ਤੋਂ ਬਿਨਾਂ ਚੱਲ ਰਹੇ ਹਨ ਜਿਸ ਕਾਰਨ ਇਹਨਾਂ 856 ਸੈਕੰਡਰੀ ਸਕੂਲਾਂ ਵਿੱਚ ਪੜ੍ਹ ਰਹੇ ਲੱਖਾਂ ਵਿਦਿਆਰਥੀਆਂ ਦਾ ਵਿੱਦਿਅਕ ਪੱਧਰ ਨਿਘਾਰ ਵੱਲ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੈਡਮਾਸਟਰ ਕੇਡਰ ਨਿਯਮਾਂ ਮੁਤਾਬਿਕ ਬਣਦਾ 4 ਸਾਲ ਦਾ ਸਮਾਂ ਪੂਰਾ ਕਰ ਕੇ ਆਪਣੀ ਤਰੱਕੀ ਦੀ ਉਡੀਕ ਕਰ ਰਿਹਾ ਹੈ, ਪਰ ਵਿਭਾਗ ਵੱਲੋਂ ਇਸ ਕੇਡਰ ਦੀ ਤਰੱਕੀ ਨੂੰ ਅਣਗੌਲਿਆ ਕਰਦੇ ਹੋਏ ਕੋਈ ਵੀ ਗੰਭੀਰਤਾ ਨਹੀਂ ਵਿਖਾਈ ਜਾ ਰਹੀ । ਇਸ ਮੌਕੇ ਸਟੇਟ ਕਮੇਟੀ ਮੈਂਬਰ ਸ਼੍ਰੀ ਰਿੰਪਲ ਕੁਮਾਰ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਉਨ੍ਹਾਂ ਦੀ ਤਰੱਕੀ ਦਾ ਬੈਕਲੌਗ ਵੀ ਵੱਡੀ ਗਿਣਤੀ ਵਿੱਚ ਪੈਂਡਿੰਗ ਹੈ ਅਤੇ ਨਿਯਮਾਂ ਮੁਤਾਬਿਕ 4 ਸਾਲ ਤੋਂ ਬਾਅਦ ਹੈਡਮਾਸਟਰ ਨੂੰ ਬਤੌਰ ਪ੍ਰਿੰਸੀਪਲ ਤਰੱਕੀ ਦੇਣੀ ਬਣਦੀ ਹੈ । ਜ਼ਿਲਾ ਸਕੱਤਰ ਸ਼੍ਰੀ ਆਤਮਾ ਰਾਮ ਨੇ ਕਿਹਾ ਕਿ ਅੱਜ ਦੀ ਐਸੋਸੀਏਸ਼ਨ ਵੱਲੋਂ ਕੀਤੀ ਗਈ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਵਿਭਾਗ ਵੱਲੋਂ ਹੈੱਡਮਾਸਟਰ ਕੇਡਰ ਤੋਂ ਪ੍ਰਿੰਸੀਪਲ ਕੇਡਰ ਦੀਆਂ ਤਰੱਕੀਆਂ ਕੀਤੀਆਂ ਜਾਣ ਤਾਂ ਜੋ ਮੁੱਖ ਮੰਤਰੀ ਦਾ ਰੰਗਲੇ ਪੰਜਾਬ ਦਾ ਸੁਪਨਾ ਸਾਕਾਰ ਹੋ ਸਕੇ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਕੇ ਸਿੱਖਿਆ ਦਾ ਮਿਆਰ ਉੱਚਾ ਕੀਤਾ ਜਾ ਸਕੇ । ਜ਼ਿਲੵਾ ਪੈ੍ੱਸ ਸਕੱਤਰ ਸ਼੍ਰੀ ਵਿਕਾਸ ਗਰੋਵਰ ਨੇ ਕਿਹਾ ਕਿ ਹੈੱਡਮਾਸਟਰ ਕੇਡਰ ਪ੍ਰਿੰਸੀਪਲ ਦੀ ਪੋਸਟ ਲਈ ਵਧੇਰੇ ਤਜ਼ਰਬੇਕਾਰ,ਕੁਸ਼ਲ ਅਤੇ ਯੋਗ ਹੈ ,ਇਸ ਲਈ ਹੈੱਡਮਾਸਟਰ ਕਾਡਰ ਦੀ ਪਿ੍ੰਸੀਪਲ ਕੇਡਰ ਵਜੋਂ ਤਰੱਕੀ ਕਰਕੇ ਸੈਕੰਡਰੀ ਸਕੂਲਾਂ ਦੀ ਵਾਗਡੋਰ ਦਿੱਤੀ ਜਾਵੇ । ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੀ ਦਿਨੇਸ਼ ਕੁਮਾਰ ਨੇ ਕਿਹਾ ਕਿ ਹੈੱਡਮਾਸਟਰ ਕੇਡਰ ਦੀਆਂ ਵੀ 1723 ਵਿੱਚੋਂ 810 ਪੋਸਟਾਂ ਹਨ । ਇਸ ਲਈ ਮਾਸਟਰ ਕੇਡਰ ਨੂੰ ਹੈੱਡਮਾਸਟਰ ਕੇਡਰ ਵਜੋਂ ਅਤੇ ਹੈੱਡਮਾਸਟਰ ਕੇਡਰ ਨੂੰ ਪ੍ਰਿੰਸੀਪਲ ਕੇਡਰ ਵਜੋਂ ਤਰੱਕੀ ਦੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਕਾਸ ਵਿੱਚ ਕ੍ਰਾਂਤੀ ਲਿਆਂਦੀ ਜਾਵੇ । ਇਸ ਮੌਕੇ ਉਨ੍ਹਾਂ ਨਾਲ਼ ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਦੀ ਇਕਾਈ ਫਾਜ਼ਿਲਕਾ ਦੇ ਅਹੁਦੇਦਾਰ ਮੈਂਬਰਾਂ ਵਿੱਚੋਂ ਹੈੱਡਮਾਸਟਰ ਗੁਰਿੰਦਰ ਸਿੰਘ, ਮਨਮੋਹਨ, ਅਨਿਲ ਕੁਮਾਰ, ਪਵਨ ਕੁਮਾਰ, ਦੀਪਕ ਕੁਮਾਰ, ਹੰਸ ਰਾਜ, ਪਰਦੀਪ ਕੁਮਾਰ, ਸੁਰਿੰਦਰ ਸਿੰਘ, ਰਾਜੀਵ ਯਾਦਵ, ਅਸ਼ੀਸ਼ ਕੁਮਾਰ, ਗਗਨਦੀਪ ਸਿੰਘ, ਕੁੰਦਨ ਸਿੰਘ, ਕਮਲਜੀਤ ਸਿੰਘ, ਦਵਿੰਦਰ ਚੌਹਾਨ, ਹੇਮਰਾਜ, ਜੈਮਲ ਰਾਮ, ਅਨੁਰਾਗ ਆਦਿ ਹਾਜ਼ਰ ਸਨ।