ਜਮੀਨ ਦੀ ਪਹੀ ਦੇ ਰੌਲੇ ਕਾਰਨ 6 ਜਣਿਆਂ ਨੇ ਕਰਿਆ ਕਤਲ…
ਅਸ਼ੋਕ ਵਰਮਾ, ਬਠਿੰਡਾ 3 ਫਰਵਰੀ 2025
ਬਸੰਤ ਪੰਚਮੀ ਵਾਲੇ ਦਿਨ ਪਿੰਡ ਬੱਲੂਆਣਾ ਵਿੱਚ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਨੇ ਤਲਵਾਰਾਂ ਅਤੇ ਗੰਡਾਸੇ ਨਾਲ ਹਮਲਾ ਕਰਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੁਖਰਾਜ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬੱਲੂਆਣਾ ਵਜੋਂ ਹੋਈ ਹੈ। ਘਟਨਾ ਦੁਪਹਿਰ 2 ਵਜੇ ਦੀ ਹੈ, ਜਦੋਂ ਮਿਰਤਕ ਆਪਣੇ ਪੁੱਤ ਲਈ ਪਤੰਗ ਲੈਣ ਵਾਸਤੇ ਗਿਆ ਸੀ । ਥਾਣਾ ਸਦਰ ਬਠਿੰਡਾ ਪੁਲੀਸ ਨੇ ਇਸ ਕਤਲ ਮਾਮਲੇ ਵਿੱਚ ਮ੍ਰਿਤਕ ਦੇ ਭਰਾ ਬਲਕਾਰ ਸਿੰਘ ਕਾਲਾ ਪੁੱਤਰ ਦਰਸ਼ਨ ਸਿੰਘ ਵਾਸੀ ਬੱਲੂਆਣਾ ਦੇ ਬਿਆਨਾਂ ਦੇ ਆਧਾਰ ਤੇ ਕੁਲਦੀਪ ਸਿੰਘ ਪੁੱਤਰ ਜਗਤਾਰ ਸਿੰਘ, ਵਿਸ਼ਾਲ ਸਿੰਘ ਹੰਟਰ ਪੁੱਤਰ ਬਿੰਦਰ ਸਿੰਘ, ਬਲਕਾਰ ਸਿੰਘ ਪੁੱਤਰ ਸੰਤਾ ਸਿੰਘ ਅਤੇ ਗੁਰਜੀਤ ਸਿੰਘ ਉਰਫ ਚੂਹੀ ਪੁੱਤਰ ਟੇਕ ਸਿੰਘ ਵਾਸੀਆਨ ਬੱਲੂਆਣਾ ਤੋਂ ਇਲਾਵਾ ਦੋ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੱਲੂਆਣਾ ਦਾ ਸੁਖਰਾਜ ਸਿੰਘ ਬਸੰਤ ਪੰਚਮੀ ਦੀ ਦੁਪਹਿਰ 2 ਵਜੇ ਪਿੰਡ ਦੀ ਇੱਕ ਦੁਕਾਨ ’ਤੇ ਆਪਣੇ ਲੜਕੇ ਲਈ ਪਤੰਗ ਲੈਣ ਗਿਆ ਸੀ। ਇਸ ਦੌਰਾਨ ਚਾਰ-ਪੰਜ ਮੋਟਰਸਾਈਕਲਾਂ ‘ਤੇ 5-6 ਵਿਅਕਤੀ ਆਏ ਜੋ ਸੁਖਰਾਜ ਸਿੰਘ ‘ਤੇ ਤਲਵਾਰਾਂ ਅਤੇ ਡਾਂਗਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰਨ ਤੋਂ ਬਾਅਦ ਫਰਾਰ ਹੋ ਗਏ। ਪਿੰਡ ਦੇ ਲੋਕਾਂ ਨੇ ਹਮਲੇ ਵਿੱਚ ਜ਼ਖ਼ਮੀ ਹੋਏ ਸੁਖਰਾਜ ਸਿੰਘ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸੁਖਰਾਜ ਸਿੰਘ ਦੀ ਪਿੰਡ ਦੇ ਕੁੱਝ ਲੋਕਾਂ ਨਾਲ ਪਹੀ ਦੇ ਮਾਮਲੇ ਵਿੱਚ ਪੁਰਾਣੀ ਰੰਜਿਸ਼ ਸੀ। ਇਸ ਰੰਜਿਸ਼ ਵਿੱਚ ਸੁਖਰਾਜ ਸਿੰਘ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਸੁਖਰਾਜ ਸਿੰਘ ਦੀ ਮੌਤ ਹੋ ਗਈ। ਪੁਲੀਸ ਨੇ ਇਸ ਕਤਲ ਨੂੰ ਲੈ ਕੇ ਚਾਰ ਵਿਅਕਤੀਆਂ ਖਿਲਾਫ ਬਰਾਏ ਨਾਮ ਅਤੇ ਦੋ ਅਣਪਛਾਤਿਆਂ ਵਿਰੁੱਧ ਮੁਕੱਦਮਾਂ ਦਰਜ ਕਰ ਲਿਆ ਹੈ । ਉਨ੍ਹਾਂ ਦੱਸਿਆ ਕਿ ਸੀਆਈਏ ਅਤੇ ਸਦਰ ਥਾਣੇ ਦੀਆਂ ਟੀਮਾਂ ਵੱਲੋਂ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।